ਸ਼ਬਦ ਵਿਚਾਰ 89 – ਜਪੁ ਜੀ ਸਾਹਿਬ – ਪਉੜੀ 13

TeamGlobalPunjab
3 Min Read

ਸ਼ਬਦ ਵਿਚਾਰ – 89

ਜਪੁ ਜੀ ਸਾਹਿਬਪਉੜੀ 13

ਡਾ. ਗੁਰਦੇਵ ਸਿੰਘ*

ਜਪੁਜੀ ਸਾਹਿਬ ਦੀ ਪਾਵਨ ਬਾਣੀ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਬੜੇ ਵਿਸਥਾਰ ਨਾਲ ਇਹ ਦ੍ਰਿੜਾਇਆ ਹੈ ਕਿ ਜੋ ਮਨੁੱਖ ਉਸ ਨੂੰ ਮਨ ਕਰਕੇ ਮੰਨ ਲੈਂਦਾ ਹੈ ਉਸ ਨੂੰ ਕਿਵੇਂ ਗੁਰੂ ਸਾਹਿਬ ਖੁਸ਼ੀਆਂ ਬਖਸ਼ਦੇ ਹਨ। ਸ਼ਬਦ ਵਿਚਾਰ ਦੀ ਪਾਵਨ ਲੜੀ ਵਿੱਚ ਜਪੁਜੀ ਸਾਹਿਬ ਦੀ 13ਵੀਂ ਪਉੜੀ ਵਿੱਚ ਵੀ 12ਵੀਂ ਪਉੜੀ ਦੀ ਤਰ੍ਹਾਂ ਉਸ ਅਕਾਲ ਪੁਰਖ ਦੀ ਸਿਫਤ ਸਾਲਾਹ ਕਰਨ ਤੇ ਉਸ ਅਕਾਲ ਪੁਰਖ ਦੀ ਹੋਂਦ ਨੂੰ ਮੰਨਣ ਦਾ ਉਪਦੇਸ਼ ਦੇ ਰਹੇ ਹਨ:

ਮੰਨੈ ਸੁਰਤਿ ਹੋਵੈ ਮਨਿ ਬੁਧਿ ॥ ਮੰਨੈ ਸਗਲ ਭਵਣ ਕੀ ਸੁਧਿ ॥

- Advertisement -

ਮੰਨੈ ਮੁਹਿ ਚੋਟਾ ਨਾ ਖਾਇ ॥ ਮੰਨੈ ਜਮ ਕੈ ਸਾਥਿ ਨ ਜਾਇ ॥

ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੩॥

ਪਦ ਅਰਥਮੰਨੈ = ਮੰਨਣ ਕਰਕੇ, ਜੇ ਮੰਨ ਲਈਏ, ਜੇ ਮਨ ਪਤੀਜ ਜਾਏ, ਜੇ ਪ੍ਰਭੂ ਦੇ ਨਾਮ ਵਿਚ ਲਗਨ ਲੱਗ ਜਾਏ। ਸੁਰਤਿ ਹੋਵੈ-(ਉੱਚੀ) ਸੁਰਤ ਹੋ ਜਾਂਦੀ ਹੈ। ਮਨਿ = ਮਨ ਵਿਚ। ਬੁਧਿ = ਜਾਗ੍ਰਤ। ਸੁਧਿ = ਖ਼ਬਰ, ਸੋਝੀ। ਮੁਹਿ = ਮੂੰਹ ਉੱਤੇ। ਚੋਟਾ = ਸੱਟਾਂ। ਜਮ ਕੈ ਸਾਥਿ = ਜਮਾਂ ਦੇ ਨਾਲ।13।

ਪੰਜਾਬੀ ਵਿਆਖਿਆ  ਜੇ ਮਨੁੱਖ ਦੇ ਮਨ ਵਿਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ, ਤਾਂ ਉਸ ਦੀ ਸੁਰਤਿ ਉੱਚੀ ਹੋ ਜਾਂਦੀ ਹੈ, ਉਸ ਦੇ ਮਨ ਵਿਚ ਜਾਗ੍ਰਤ ਆ ਜਾਂਦੀ ਹੈ, (ਭਾਵ, ਮਾਇਆ ਵਿਚ ਸੁੱਤਾ ਮਨ ਜਾਗ ਪੈਂਦਾ ਹੈ) ਸਾਰੇ ਭਵਨਾਂ ਦੀ ਉਸ ਨੂੰ ਸੋਝੀ ਹੋ ਜਾਂਦੀ ਹੈ (ਕਿ ਹਰ ਥਾਂ ਪ੍ਰਭੂ ਵਿਆਪਕ ਹੈ) ਉਹ ਮਨੁੱਖ (ਸੰਸਾਰ ਦੇ ਵਿਕਾਰਾਂ ਦੀਆਂ) ਸੱਟਾਂ ਮੂੰਹ ਉੱਤੇ ਨਹੀਂ ਖਾਦਾ (ਭਾਵ, ਸੰਸਾਰਕ ਵਿਕਾਰ ਉਸ ਉੱਤੇ ਦਬਾ ਨਹੀਂ ਪਾ ਸਕਦੇ) , ਅਤੇ ਜਮਾਂ ਨਾਲ ਉਸ ਨੂੰ ਵਾਹ ਨਹੀਂ ਪੈਂਦਾ (ਭਾਵ, ਉਹ ਜਨਮ ਮਰਨ ਦੇ ਗੇੜ ਵਿਚੋਂ ਬਚ ਜਾਂਦਾ ਹੈ) । ਅਕਾਲ ਪੁਰਖ ਦਾ ਨਾਮ, ਜੋ ਮਾਇਆ ਦੇ ਪਰਭਾਵ ਤੋਂ ਪਰੇ ਹੈ, ਇੱਡਾ (ਉੱਚਾ) ਹੈ (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ), ਜੇ ਕੋਈ ਮਨੁੱਖ ਆਪਣੇ ਮਨ ਵਿਚ ਹਰਿ-ਨਾਮ ਦੀ ਲਗਨ ਪੈਦਾ ਕਰ ਲਏ।13।

ਜਪੁਜੀ ਸਾਹਿਬ ਦੀ ਇਸ ਪਉੜੀ ਵਿੱਚ ਗੁਰੂ ਸਾਹਿਬ ਸਾਨੂੰ ਉਪਦੇਸ਼ ਕਰ ਰਹੇ ਹਨ ਕਿ ਪ੍ਰਭੂ-ਚਰਨਾਂ ਦੀ ਪ੍ਰੀਤ ਮਨੁੱਖ ਦੇ ਮਨ ਵਿਚ ਚਾਨਣ ਕਰ ਦੇਂਦੀ ਹੈ, ਸਾਰੇ ਸੰਸਾਰ ਵਿਚ ਉਸ ਨੂੰ ਪਰਮਾਤਮਾ ਹੀ ਦਿੱਸਦਾ ਹੈ। ਉਸ ਨੂੰ ਵਿਕਾਰਾਂ ਦੀਆਂ ਚੋਟਾਂ ਨਹੀਂ ਵੱਜਦੀਆਂ ਤੇ ਨਾ ਹੀ ਉਸ ਨੂੰ ਮੌਤ ਡਰਾ ਸਕਦੀ ਹੈ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਜਪੁਜੀ ਸਾਹਿਬ ਦੀ 14ਵੀਂ ਪਉੜੀ ਦੀ ਵਿਚਾਰ ਕਰਾਂਗੇ। ਇਸ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਸਾਡੇ ਨਾਲ ਜ਼ਰੂਰ ਸ਼ਾਂਝਾ ਕਰੋ ਜੀ।

- Advertisement -

*gurdevsinghdr@gmail.com

Share this Article
Leave a comment