ਜਿਤੁ ਬੋਲਿਐ ਪਤਿ ਪਾਈਐ…ਡਾ. ਰੂਪ ਸਿੰਘ

TeamGlobalPunjab
12 Min Read

-ਡਾ. ਰੂਪ ਸਿੰਘ

ਜਿਤੁ ਬੋਲਿਐ ਪਤਿ ਪਾਈਐ…

ਸਿਰਜਨਹਾਰ ਦੀ ਸਿਰਜਨਾ ਵਿਸਮਾਦਮਈ ਹੈ। ਸਮੁੱਚੀ ਸਿਰਜਨਾ ਨੂੰ ਜਾਨਣਾ ਉਤਨਾ ਹੀ ਮੁਸ਼ਕਲ ਹੈ ਜਿਤਨਾ ਸਿਰਜਨਹਾਰ ਨੂੰ! ਵਿਸਮਾਦੀ ਸਿਰਜਨਾ ਵਿਚੋਂ ਹੀ ਮਾਨਵ ਜਾਤੀ ਪ੍ਰਭੂ ਦੀ ਸਰਵੋਤਮ ਕਿਰਤ ਮੰਨੀ ਗਈ ਹੈ। ਮਾਨਵ ਨੂੰ ਧਰਤੀ ਦਾ ਸਿਰਦਾਰ ਕਹਿ ਨਿਵਾਜਿਆ ਗਿਆ ਹੈ। ਲੱਖਾਂ ਹੀ ਜੂਨਾਂ ਵਿੱਚੋਂ ਮਾਨਵ ਨੂੰ ਪ੍ਰਭੂ ਨੇ ਸਿਰਦਾਰ ਹੋਣ ਦੀ ਵਡਿਆਈ ਬਖਸ਼ੀ ਹੈ। ਜੋ ਸਿਰਦਾਰੀ ਦੇ ਅਵਸਰ ਨੂੰ ਲਬ-ਲੋਭ, ਹਉਮੈ-ਹੰਕਾਰ ਤੇ ਸੰਸਾਰਿਕ ਨਸ਼ਿਆਂ ਵਿਚ ਗਲਤਾਨ ਕਰਕੇ ਗਵਾ ਲੈਂਦਾ ਹੈ, ਉਹ ਜਨਮ-ਮਰਨ ਦੇ ਚੱਕਰ ਦਾ ਦੁੱਖ ਸਹਾਰਦਾ ਹੈ। ਮਾਨਵ ਜੀਵਨ ਅਮੋਲਕ ਹੈ-ਦੁਰਲੱਭ ਹੈ ਜੋ ਬਾਰ-ਬਾਰ ਨਹੀਂ ਮਿਲਦਾ ਤੇ ਜੋ ਮਨੁੱਖ ਜੀਵਨ ਆਦਰਸ਼ ਦੀ ਪ੍ਰਾਪਤੀ ਲਈ ਜੀਵਨ ਭਰ ਲਈ ਯਤਨਸ਼ੀਲ ਰਹਿੰਦਾ ਹੈ, ਉਹੀ ਪ੍ਰਭੂ-ਦਰ ’ਤੇ ਪ੍ਰਵਾਨ ਚੜ੍ਹਦਾ ਹੈ। ਸਮਾਜਿਕ ਮਾਣ-ਸਨਮਾਨ ਦਾ ਹੱਕਦਾਰ ਵੀ ਅਜਿਹਾ ਹੀ ਮਾਨਵ ਬਣਦਾ ਹੈ।

ਮਾਨਵ ਸਰੀਰ ਹੀ ਨਹੀਂ ਸਗੋਂ ਜੇਕਰ ਗਹੁ ਨਾਲ ਦੇਖਿਆ ਜਾਵੇ ਤਾਂ ਇਸ ਦਾ ਹਰੇਕ ਅੰਗ ਹੀ ਅਮੋਲਕ ਤੇ ਦੁਰਲੱਭ ਨਜ਼ਰ ਆਵੇਗਾ। ਕਿਸੇ ਅੰਗ ਦੀ ਕੀਮਤ ਦਾ ਅਹਿਸਾਸ ਕਿਸੇ ਅੰਗਹੀਣ ਦੀ ਬੇਵਸੀ ਵੱਲ ਤੱਕ ਕੇ ਸਹਿਜੇ ਹੀ ਹੋ ਸਕਦਾ ਹੈ। ਜਿਸ ਮਨੁੱਖ ਦੇ ਨੈਣ ਜੋਤਿ ਤੋਂ ਹੀਣ ਹਨ, ਉਹ ਹਰ ਕੀਮਤ ’ਤੇ ਅੱਖਾਂ ਦੀ ਰੌਸ਼ਨੀ ਪ੍ਰਾਪਤੀ ਕਰਨੀ ਲੋਚਦਾ ਹੈ ਪਰ ਉਸਨੂੰ ਆਪ ਬਰਾਬਰ ਕੰਚਨ ਦੇਣ ’ਤੇ ਵੀ ਅੱਖਾਂ ਦੀ ਜੋਤਿ ਪ੍ਰਾਪਤੀ ਨਹੀਂ ਹੁੰਦੀ।
ਇਸ ਤਰ੍ਹਾਂ ਹੀ ਮਨੁੱਖ ਨੂੰ ਸੋਚ ਤੇ ਬੋਲ-ਸ਼ਕਤੀ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ। ਬੋਲ-ਸ਼ਕਤੀ ਹੀ ਇਕ ਅਜਿਹਾ ਮਾਧਿਅਮ ਹੈ ਜਿਸ ਰਾਹੀਂ ਹਰ ਵਿਅਕਤੀ ਆਪਣੀਆਂ ਅੰਦਰੂਨੀ ਭਾਵਨਾਵਾਂ ਨੂੰ ਪ੍ਰਗਟ ਕਰਦਾ ਹੈ। ਬੋਲ-ਸ਼ਕਤੀ ਹੀ ਐਸਾ ਸਾਧਨ ਹੈ ਕਿ ਜੇਕਰ ਮਨੁੱਖ ਚਾਹੇ ਤਾਂ ਮਿੱਠੜੇ ਬੋਲ ਬੋਲ ਕੇ ਸੱਜਣਤਾਈ ਪ੍ਰਾਪਤ ਕਰ ਸਕਦਾ ਹੈ ਤੇ ਜੇ ਚਾਹੇ ਤਾਂ ਗਾਲੀ-ਗਲੋਚ ਦੇ ਬੋਲਾਂ ਨਾਲ ਸੱਜਣਾਂ ਨੂੰ ਵੀ ਦੁਸ਼ਮਣ ਬਣਾ ਸਕਦਾ ਹੈ। ਪਾਵਨ ਗੁਰਬਾਣੀ ਮਨੁੱਖ ਨੂੰ ਜੀਵਨ ਦੇ ਹਰ ਪਹਿਲੂ ਤੋਂ ਅਗਵਾਈ ਬਖ਼ਸ਼ਿਸ਼ ਕਰਦੀ ਹੈ। ਅਸੀਂ ਵਿਚਾਰ ਕਰਨੀ ਹੈ ਕਿ ਗੁਰਬਾਣੀ ਸਾਨੂੰ ਬੋਲ-ਚਾਲ ਸੰਬੰਧੀ ਕਿਵੇਂ ਸੇਧ ਪ੍ਰਦਾਨ ਕਰਦੀ ਹੈ?

ਬੋਲ ਦਾ ਅਰਥ ਹੈ, ‘ਬਚਨ, ‘ਆਵਾਜ਼, ‘ਕਥਨ। ਬੋਲਣ ਤੋਂ ਭਾਵ ਹੈ ਵਾਰਤਾਲਾਪ ਕਰਨਾ, ਕਿਸੇ ਨੂੰ ਕੁਝ ਕਹਿਣਾ, ਗੱਲਬਾਤ ਕਰਨੀ ਆਦਿ। ਹਰ ਮਨੁੱਖ ਦੀ ਆਪਣੀ ਹੀ ਬੋਲਣ-ਸ਼ੈਲੀ ਹੈ ਜਿਸ ਦੁਆਰਾ ਉਹ ਆਪਣੇ ਆਪ ਨੂੰ ਵਿਅਕਤ ਕਰਦਾ ਹੈ! ਵਿਦਿਵਾਨਾਂ ਨੇ ਅਵਾਜ਼ ਜਾਂ ਬੋਲੀ ਨੂੰ ਚਾਰ ਭਾਗਾਂ ਵਿਚ ਵੰਡਿਆ ਹੈ। ‘ਪਰਾ, ‘ਪਸਯੰਤੀ, ‘ਮਧਯਮਾ’ ਤੇ ‘ਬੈਖਰੀ। ‘ਪਰਾ ਉਹ ਅਵਾਜ਼ ਹੈ ਜੋ ਅਜੇ ਮੂਲਾਧਾਰ ਵਿਚ ਹੀ ਹੈ ਤੇ ਮੂਲਾਧਾਰ ਤੋਂ ਉੱਠ ਕੇ ਹਿਰਦੇ ਵਿਚ ਆਉਣ ਵਾਲੀ ਅਵਾਜ਼ ‘ਪਸਯੰਤੀ’ਕਹਾਉਂਦੀ ਹੈ, ਜੋ ਕੰਠ ਵਿਚ ਆ ਗਈ ਉਹ ‘ਮਧਯਮਾ’ਅਤੇ ਜੋ ਮੁਖ ਰਾਹੀਂ ਉਚਾਰੀ ਗਈ ਉਹ ‘ਬੈਖਰੀ’ਕਹਿਲਾਉਂਦੀ ਹੈ। ਇਨ੍ਹਾਂ ਵਿੱਚੋਂ ਬੈਖਰੀ ਮਹੱਤਵਪੂਰਨ ਹੈ। ਪਹਿਲੀਆਂ ਅਵਸਥਾਵਾਂ ਵਿਚ ਤਾਂ ਮਨੁੱਖ ਦਾ ਆਪਾ ਬਾਹਰ ਪ੍ਰਗਟ ਨਹੀਂ ਹੁੰਦਾ ਤੇ ਚੌਥੀ ਅਵਸਥਾ ਵਿਚ ਆਪਾ ‘ਬੋਲਣ’ਦੁਆਰਾ ਪ੍ਰਗਟ ਹੋ ਜਾਂਦਾ ਹੈ। ਸਿਆਣਿਆਂ ਦਾ ਕਥਨ ਹੈ ਕਿ ਤੀਰ ਕਮਾਨੋਂ, ਬੋਲ ਜੁਬਾਨੋਂ ਨਿਕਲੇ ਵਾਪਸ ਨਹੀਂ ਆਉਂਦੇ। ਗੁਰਬਾਣੀ ਅਨੁਸਾਰ ਉਹੀ ਬੋਲ ਪ੍ਰਵਾਨ ਮੰਨੇ ਗਏ ਹਨ, ਜਿਨ੍ਹਾਂ ਦੇ ਬੋਲਣ ਨਾਲ ਸਮਾਜ ਵਿਚ ਮਾਨਣ-ਸਨਮਾਨ ਤੇ ਪ੍ਰਭੂ ਦਰਬਾਰ ਵਿਚ ਢੋਈ ਪ੍ਰਾਪਤ ਹੁੰਦੀ ਹੈ। ਫਿੱਕੇ ਬੋਲ ਬੋਲਣ ਵਾਲਾ ਹਮੇਸ਼ਾ ਹੀ ਖੁਆਰ ਹੁੰਦਾ ਹੈ। ਗੁਰਬਾਣੀ ਦਾ ਪਾਵਨ ਫ਼ੁਰਮਾਨ ਹੈ:

- Advertisement -
  • ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ॥
  • ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੧੫)

ਇਸ ਕਰਕੇ ਹਰੇਕ ਮਨੁੱਖ ਨੂੰ ਆਪਣੇ ਬੋਲ-ਬਚਨਾਂ ਵਿਚ ਮਿਠਾਸ ਤੇ ਨਿਮਰਤਾ ਭਾਵ ਦੇ ਸਦਗੁਣ ਪੈਦਾ ਕਰਨੇ ਚਾਹੀਦੇ ਹਨ। ਕਠੋਰ ਤੇ ਕੌੜੇ ਬੋਲ ਬੋਲਣ ਵਾਲੇ ਵਿਅਕਤੀ ਸਮਾਜ ਵਿਚ ਕਦੇ ਵੀ ਇੱਜ਼ਤ-ਮਾਣ ਦੇ ਹੱਕਦਾਰ ਨਹੀਂ ਬਣਦੇ। ਅਸੀਂ ਰੋਜ਼ਾਨਾ ਜੀਵਨ ਵਿਚ ਦੇਖਦੇ ਹਾਂ ਕਿ ਕੜਵੇ ਬੋਲ ਬੋਲਣ ਵਾਲਿਆਂ ਤੋਂ ਸਾਰੇ ਹੀ ਕੰਨੀ ਕਤਰਾਉਂਦੇ ਹਨ। ਕੌੜੇ ਬੋਲ ਬੋਲਣ ਵਾਲੇ ਵਿਅਕਤੀ ਨੂੰ ਹਰ ਪਾਸੇ ਤੋਂ ਫਿਟਕਾਰਾਂ ਹੀ ਪੈਂਦੀਆਂ ਹਨ ਤੇ ਉਸ ਨੂੰ ਸਮਾਜ ਵਿਚ ਮੂਰਖ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਤੇ ਉਹ ਕਈ ਵਾਰ ਤਾਂ ਫਿੱਕੇ ਬੋਲ ਬੋਲਣ ਕਰਕੇ ਜੁੱਤੀਆਂ ਦਾ ਵੀ ਭਾਗੀ ਬਣਦਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਹੁਕਮ ਹੈ:

  • ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥
    ਫਿਕੋ ਫਿਕਾ ਸਦੀਐ ਫਿਕੋ ਫਿਕੀ ਸੋਇ॥
    ਫਿਕਾ ਦਰਗਾਹ ਸਟੀਐ ਮੁਹਿ ਥੁਕਾ ਫਿਕੇ ਪਾਇ॥
    ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ॥ (ਅੰਗ ੪੭੩)

ਬਾਬਾ ਫਰੀਦ ਜੀ ਵੀ ਮਨੁੱਖਤਾ ਦਾ ਮਾਰਗ ਦਰਸ਼ਨ ਕਰਦੇ ਹੋਏ ਫ਼ਰਮਾਉਂਦੇ ਹਨ ਕਿ ਜੇ ਤੈਨੂੰ ਪ੍ਰੀਤਮ ਪਿਆਰੇ ਪ੍ਰਭੂ ਨਾਲ ਮਿਲਣ ਦੀ ਸਿੱਕ ਹੈ ਤਾਂ ਤੈਨੂੰ ਕਿਸੇ ਨਾਲ ਵੀ ਮਾੜਾ ਬੋਲ ਨਹੀਂ ਬੋਲਣਾ ਚਾਹੀਦਾ ਕਿਉਂਕਿ ਹਰੇਕ ਮਨੁੱਖ ਦੇ ਅੰਦਰ ਉਸ ਪ੍ਰੀਤਮ ਪਿਆਰੇ ਦੀ ਜੋਤਿ ਵਿਆਪਕ ਹੈ। ਫ਼ਰਮਾਨ ਹੈ:

  • ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ।
    ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ॥ (ਅੰਗ ੧੩੮੪)
  • ਮਿੱਠੜੇ ਤੇ ਨਿਮਰਤਾ ਭਰੇ ਬੋਲ ਹੀ ਚੰਗੇ ਗੁਣਾਂ ਦਾ ਤੱਤਸਾਰ ਹੈ:
    ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥ (ਅੰਗ ੪੭੦)

ਬੋਲ ਮਨੁੱਖ ਦੀ ਅਜ਼ਾਦ ਹਸਤੀ ਦਾ ਵੀ ਪ੍ਰਗਟਾ ਕਰਦੇ ਹਨ। ਗੁਲਾਮ ਮਨੁੱਖ ਦੀ ਬੋਲ-ਸ਼ਕਤੀ ਖ਼ਤਮ ਹੋ ਜਾਂਦੀ ਹੈ। ਉਹ ਬੋਲਣ ਦੇ ਅੰਗ ਰੱਖਦਾ ਹੋਇਆ ਵੀ ਬੋਲਣ ਤੋਂ ਅਸਮਰੱਥ ਹੈ-ਗੂੰਗਾ ਹੈ! ਗੁਲਾਮ ਦੇ ਬੋਲ ਆਪਣੇ ਨਹੀਂ ਹੁੰਦੇ। ਉਹ ਜੋ ਬੋਲਦਾ ਹੈ ਆਪਦੀ ਜ਼ਮੀਰ ਦੀ ਅਵਾਜ਼ ਤੋਂ ਨਹੀਂ ਬੋਲਦਾ ਸਗੋਂ ਮਾਲਕ ਦੇ ਹੁਕਮ ’ਤੇ ਹੀ ਬੋਲਦਾ ਹੈ। ਪਰ ਅਜ਼ਾਦ-ਸੁਤੰਤਰ ਮਨੁੱਖ ਦੇ ਬੋਲ ਜ਼ਮੀਰ ਦੀ ਅਵਾਜ਼-ਅਧਾਰਿਤ ਹੁੰਦੇ ਹਨ, ਉਧਾਰੇ ਲਈ ਨਹੀਂ ਹੁੰਦੇ, ਸ਼ਾਇਦ ਇਸ ਕਰਕੇ ਹੀ ਸੂਰਮੇ ਮਨੁੱਖ ਦਾ ਸਰੀਰ ਤਾਂ ਭਾਵੇਂ ਬਿਨਸ ਜਾਏ ਪਰ ਬੋਲ ਸਦੀਵੀ ਹੋ ਨਿੱਬੜਦੇ ਹਨ। ਸੂਰਮਾ ਮਨੁੱਖ ਸਮੇਂ ਸਿਰ ਸੱਚੇ ਤੇ ਮਿੱਠੇ ਬੋਲ ਬੋਲਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸਮੇਂ ਸਿਰ ਸੱਚੇ ਤੇ ਸਦੀਵੀ ਬੋਲ ਬੋਲ ਕੇ ਗੁਰਸਿੱਖਾਂ ਦਾ ਮਾਰਗ ਦਰਸ਼ਨ ਕੀਤਾ ਹੈ। ਉਨ੍ਹਾਂ ਨੇ ਸਮੇਂ ਦੇ ਹਾਕਮਾਂ ਵੱਲੋਂ ਕੀਤੇ ਜਾ ਰਹੇ ਜ਼ੁਲਮਾਂ ਦੇ ਵਿਰੱੁਧ ਜ਼ੋਰਦਾਰ ਅਵਾਜ਼ ਉਠਾਈ ਤੇ ਬਾਬਰ ਨੂੰ ਜਾਬਰ ਤੱਕ ਕਿਹਾ। ਉਨ੍ਹਾਂ ਲੋਕਾਈ ਨੂੰ ਵੰਗਾਰ ਕੇ ਕਿਹਾ, “ਲੋਕੋ! ਤੁਹਾਡੀ ਤਾਂ ਬੋਲੀ ਹੀ ਹੋਰ ਹੋ ਗਈ-ਖੱਤਰੀਆਂ, ਜਿਨ੍ਹਾਂ ਨੇ ਦੇਸ਼ ਦੀ ਰੱਖਿਆ ਦਾ ਕਾਰਜ ਆਪਣੇ ਸਿਰ ਲਿਆ ਸੀ ਤੇ ਖੱਤਰੀਪੁਣੇ ਨੂੰ ਆਪਣਾ ਧਰਮ, ਕਰਮ ਸਮਝਦੇ ਸਨ, ਉਨ੍ਹਾਂ ਨੇ ਵੀ ਗੁਲਾਮੀ ਅਖਤਿਆਰ ਕਰ ਲਈ ਅਤੇ ਮਲੇਛ ਭਾਸ਼ਾ ਬੋਲਣੀ ਸ਼ੁਰੂ ਕਰ ਦਿੱਤੀ:

  • ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ॥ (ਅੰਗ ੧੧੧੯)
  • ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ॥ (ਅੰਗ ੬੬੩)

ਬੋਲਾਂ ਸੰਬੰਧੀ ਗੁਰਬਾਣੀ ਵਿੱਚੋਂ ਸਾਨੂੰ ਭਰਪੂਰ ਅਗਵਾਈ ਮਿਲਦੀ ਹੈ ਕਿ ਮਨੁੱਖ ਬੋਲਣ ਸ਼ਕਤੀ ਦਾ ਕਿਵੇਂ ਸਦ-ਉਪਯੋਗ ਕਰ ਸਕਦਾ ਹੈ। ਜਿਵੇਂ ਕਿ ਅਸਾਂ ਪਹਿਲਾਂ ਵਿਚਾਰ ਕੀਤੀ ਹੈ ਕਿ ਪ੍ਰਭੂ-ਦਰਬਾਰ ਵਿਚ ਉਹੀ ਲੋਕ ਸ਼ੋਭਾ ਦੇ ਪਾਤਰ ਬਣਦੇ ਹਨ, ਜਿਨ੍ਹਾਂ ਦੀ ਬੋਲ-ਬਾਣੀ ਅੰਮ੍ਰਿਤਮਈ ਹੋਵੇ। ਜਿਵੇਂ ਗੁਰਮਤਿ ਵਿਚ ਥੋੜ੍ਹਾ ਖਾਣ, ਥੋੜ੍ਹਾ ਸੌਣ ਦੀ ਤਾਕੀਦ ਕੀਤੀ ਗਈ ਹੈ ਇਵੇਂ ਹੀ ਬੋਲਣ ਸੰਬੰਧੀ ਵੀ ਸੰਜਮ ਅਖਤਿਆਰ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ ਹੈ। ਬਹੁਤਾ ਬੋਲਣ ਤੋਂ ਵਰਜਿਆ ਗਿਆ ਹੈ। ਬਹੁਤਾ ਬੋਲਣਾ ਫਜੂਲ ਹੈ-ਬੇ-ਫਾਇਦਾ ਹੈ ਕਿਉਂਕਿ ਪ੍ਰੀਤਮ ਪਿਆਰਾ ਮਨੁੱਖ ਦੀ ਮੂਕ ਭਾਸ਼ਾ ਨੂੰ ਵੀ ਸੁਣਦਾ, ਸਮਝਦਾ ਹੈ! ਪਾਵਨ ਫ਼ੁਰਮਾਨ ਹੈ:

  • ਬਹੁਤਾ ਬੋਲਣੁ ਝਖਣੁ ਹੋਇ॥ ਵਿਣੁ ਬੋਲੇ ਜਾਣੈ ਸਭੁ ਸੋਇ॥ (ਅੰਗ ੬੬੧)

ਮਨੁੱਖ ਦਾ ਮਨੁੱਖ ਨਾਲ ਸਨੇਹ-ਪਿਆਰ ਮਿੱਠੇ ਬੋਲ ਬੋਲਣ ਨਾਲ ਹੀ ਬਣ ਸਕਦਾ ਹੈ ਤੇ ਪਿਆਰ ਦੀ ਸਾਂਝ ਬੁਰੇ ਬੋਲ ਬੋਲਣ ਨਾਲ ਪਲਾਂ ਵਿਚ ਟੁੱਟ ਜਾਂਦੀ ਹੈ:

- Advertisement -
  • ਗੰਢੁ ਪਰੀਤੀ ਮਿਠੇ ਬੋਲ॥ (ਅੰਗ ੧੪੩)
  • ਟੂਟਿ ਪਰੀਤਿ ਗਈ ਬੁਰ ਬੋਲਿ॥ (ਅੰਗ ੯੩੩)

ਫਿਰ ਜਿੱਥੇ ਬੋਲਣਾ ਹੀ ਵਿਅਰਥ ਹੋਵੇ, ਬੇ ਫਾਇਦਾ ਹੋਵੇ ਭਾਵ ਜਿੱਤੇ ਬੋਲਣ ’ਤੇ, ਸੁਣਨ ਵਾਲੇ ਅਸਰ ਹੀ ਕਬੂਲ ਨਾ ਕਰਨ, ਉਥੇ ਤਾ ਬੋਲਣ ਨਾਲੋਂ ਚੁੱਪ ਹੀ ਭਲੀ ਹੈ:

  • ਜਿਥੈ ਬੋਲਲਣਿ ਹਾਰੀਐ ਤਿਥੈ ਚੰਗੀ ਚੁਪ॥(ਅੰਗ ੧੪੯)

ਗੁਰਬਾਣੀ ਵਿਚ ਮਨੁੱਖ ਨੂੰ ਅਧਿਆਤਮਕ ਪੱਖ ਦੇ ਨਾਲ ਨਾਲ ਸਮਾਜਿਕ ਵਰਤੋਂ-ਵਿਵਹਾਰ ਵਿਚ ਵੀ ਬੋਲ ਚਾਲ ਦਾ ਚੱਜ-ਆਚਾਰ ਅਖ਼ਤਿਆਰ ਕਰਨ ਦੀ ਨਸੀਅਤ ਕੀਤੀ ਹੈ। ਪ੍ਰਭੂ-ਰਜ਼ਾ ਵਿਚ ਚੱਲਣ ਵਾਲਾ ਮਨੁੱਖ ਚੰਗੀਆਂ ਬਿਰਤੀਆਂ ਨੂੰ ਧਾਰਨ ਕਰਦਾ ਹੈ ਤੇ ਮਾੜੇ ਕਰਮਾਂ ਤੋਂ ਤੋਬਾ ਕਰਦਾ ਹੋਇਆ ਕਥਨੀ ਤੇ ਕਰਨੀ ਵਿਚ ਇਕਸਾਰਤਾ ਲਿਆਉਂਦਾ ਹੈ। ਮਿਠਾਸ ਤੇ ਨਿਮਰਤਾ ਭਰਪੂਰ ਬੋਲਣ ਵਾਲਿਆਂ ਨੂੰ ਘਰ-ਪਰਿਵਾਰ ਤੇ ਸਮਾਜ ਵਿਚ ਮਾਣ-ਸਤਿਕਾਰ ਪ੍ਰਾਪਤ ਹੁੰਦਾ ਹੈ। ਗੁਰਬਾਣੀ ਦਾ ਪਾਵਨ ਸਿਧਾਂਤ ਹੈ:

  • ਅੰਮ੍ਰਿਤ ਫਲ ਤਿਨ ਜਨ ਕਉ ਲਾਗੇ॥
    ਜੋ ਬੋਲਹਿ ਅੰਮ੍ਰਿਤ ਬਾਤਾ ਹੇ॥ (ਅੰਗ ੧੦੫੧)

ਜਿੱਥੇ ਗੁਰਬਾਣੀ ਵਿਚ ਬਾਰ-ਬਾਰ ਨਿਮਰਤਾ ਤੇ ਮਿਠਾਸ ਭਰਪੂਰ ਬੋਲ ਬੋਲਣ ’ਤੇ ਜ਼ੋਰ ਦਿੱਤਾ ਗਿਆ ਹੈ, ਉਥੇ ਨਾਲ ਹੀ ਇਹ ਵੀ ਤਾਕੀਦ ਕੀਤੀ ਗਈ ਹੈ ਕਿ ਆਪਣੇ ਧਰਮ ਅਨੁਸਾਰ ਸੱਚੇ ਬੋਲ ਬੋਲੇ-ਕਦੇ ਵੀ ਝੂਠੇ ਬੋਲ ਬੋਲ ਕੇ ਦੂਸਰਿਆਂ ਦਾ ਮਨ ਨਾ ਦੁਖਾਓ ਤੇ ਨਾ ਹੀ ਆਪਣੇ ਆਪ ਨਾਲ ਇਸ ਤਰ੍ਹਾਂ ਕਦੇ ਧੋਖਾ ਕਰੋ। ਜਿੱਤ ਹਮੇਸ਼ਾ ਸੱਚੇ ਬੋਲਾਂ ਦੀ ਹੀ ਹੁੰਦੀ ਹੈ। ਝੂਠ ਬੋਲਣ ਵਾਲਿਆਂ ਦੇ ਅਖ਼ੀਰ ਨਮੋਸ਼ੀ ਹੀ ਪੱਲੇ ਪੈਂਦੀ ਹੈ:

  • ਬੋਲੀਐ ਸਚੁ ਧਰਮੁ ਝੂਠ ਨ ਬੋਲੀਐ॥ (ਅੰਗ ੪੮੮)

ਮੰਦੇ ਬੋਲ ਬੋਲ ਕੇ ਕਿਸੇ ਦਾ ਵੀ ਮਨ ਨਹੀਂ ਦੁਖਾਉਣਾ ਚਾਹੀਦਾ। ਗਿਆਨ ਦੀ ਪ੍ਰਾਪਤੀ ਕਰ ਕੇ ਮਨੁੱਖ ਨੂੰ ਇਹੀ ਸਮਝ ਆਉਂਦੀ ਹੈ ਕਿ ਮੂਰਖ ਬੇਵਕੂਫ ਨਾਲ ਕਦੇ ਵੀ ਵਾਦ-ਵਿਵਾਦ ਬਹਿਸ-ਮਹਿਬਸਾ ਨਹੀਂ ਕਰਨਾ ਚਾਹੀਦਾ:

  • ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ॥
    ਮੂਰਖੈ ਨਾਲਿ ਨ ਲੁਝੀਐ॥ (ਅੰਗ ੪੭੩)

ਮਿੱਠੇ ਬਚਨ ਹਰ ਕਿਸੇ ਨੂੰ ਮੁਲਾਇਮ ਕਰ ਲੈਂਦੇ ਹਨ। ਬਚਨਾਂ ਦੀ ਮਿਠਾਸ ਹਰੇਕ ਨੂੰ ਪਰੇਰ ਲੈਂਦੀ ਹੈ:

  • ਕੋਮਲ ਬਾਣੀ ਸਭ ਕਉ ਸੰਤੋਖੈ॥ (ਅੰਗ ੨੯੯)

ਬੁਜ਼ਲਿਦਾ ਦਾ ਕਿਹਾ ਗੁਲਾਮੀ-ਮਾਨਸਿਕ ਅਪਾਹਜ ਮਨਮੁੱਖਾਂ ਤੇ ਮੂਰਖਾਂ ਦੀ ਪਹਿਚਾਣ ਉਨ੍ਹਾਂ ਦੇ ਸਰੀਰ, ਰੰਗ-ਰੂਪ ਤੇ ਪਹਿਰਾਵੇ ਤੋਂ ਨਹੀਂ ਹੁੰਦੀ ਸਗੋਂ ਉਨ੍ਹਾਂ ਦੇ ਬੋਲ ਹੀ ਉਨ੍ਹਾਂ ਦੀ ਪਹਿਚਾਣ ਕਰਾਉਂਦੇ ਹਨ। ਬੁਜ਼ਦਿਲ, ਕਾਤਿਲ, ਗੁਲਾਮ ਸਮੇਂ ਸਿਰ ਸੱਚ ਨਹੀਂ ਬੋਲਦੇ ਉਹ ਕੇਵਲ ਹਾਕਮ ਦੀ ਖੁਸ਼ਨੂਈ ਹਾਸਲ ਕਰਨ ਲਈ ਹਾਂ ’ਚ ਹਾਂ ਮਿਲਾਉਂਦੇ ਹਨ। ਮਨਮੁੱਖ ਤੇ ਮੂਰਖ ਦੀ ਪ੍ਰਮੁੱਖ ਨਿਸ਼ਾਨੀ ਹੈ ਕਿ ਉਹ ਬੋਲਣ ਤੋਂ ਪਹਿਲਾਂ ਵਿਚਾਰਦਾ ਨਹੀਂ, ਜੋ ਮੂੰਹ ਵਿਚ ਆਉਂਦਾ ਹੈ ਉਗਲ ਦਿੰਦਾ ਹੈ। ਉਹ ਦੂਸਰਿਆਂ ਨੂੰ ਤਾਂ ਆਪਣੀ ਗੱਲ ਸੁਣਾਉਂਦਾ ਹੈ ਪਰ ਆਪ ਨਾ ਤਾਂ ਕਿਸੇ ਦੀ ਗੱਲ ਗਹੁ ਨਾਲ ਸੁਣਦਾ-ਵਿਚਰਦਾ ਹੈ ਤੇ ਨਾ ਹੀ ਆਪਣੇ ਕਹੇ ’ਤੇ ਅਮਲ ਕਰਦਾ ਹੈ। ਗੁਰਬਾਣੀ ਦੇ ਪਾਵਕ ਵਾਕ ਹਨ:

  • ਮਾਨੁਖ ਕਥੇ ਕਥਿ ਲੋਕ ਸੁਨਾਵੈ ਜੋ ਬੋਲੈ ਸੋ ਨ ਬੀਚਾਰੈ॥ (ਅੰਗ ੯੮੧)
  • ਮਨਮੁਖ ਕਥਨੀ ਹੈ ਪਰੁ ਰਹਤ ਨ ਹੋਈ॥ (ਅੰਗ ੮੩੧)

ਬਿਨਾਂ ਸੋਚੇ ਸਮਝੇ ਹੋਏ ਬੋਲੇ ਹੋਏ ਬੋਲ ਕਈ ਵਾਰ ਤਲਵਾਰ ਦੇ ਜ਼ਖਮਾਂ ਤੋਂ ਵੀ ਵੱਧ ਘਾਤਕ ਤੇ ਚਿਰਕਾਲੀ ਹੋ ਨਿਬੜਦੇ ਹਨ। ਉਮਰਾਂ ਲੰਮੀ ਸਾਂਝ ਨੂੰ ਬੇਸਮਝੀ ਵਿਚ ਬੋਲਿਆ ਇਕ ਕੌੜਾ ਬੋਲ ਦੁਸ਼ਮਣੀ ਵਿਚ ਬਦਲ ਸਕਦਾ ਹੈ। ਦੂਸਰੇ ਪਾਸੇ ਨਿਮਰਤਾ ਨਾਲ ਕਹੇ ਹੋਏ ਮਿੱਠੜੇ ਬੋਲ ਪੁਰਾਣੇ ਜ਼ਖਮਾਂ ਨੂੰ ਮੇਟਣ ਵਿਚ ਸਹਾਈ ਹੋ ਸਕਦੇ ਹਨ।
ਗੁਰਬਾਣੀ ਦੇ ਆਸ਼ੇ ਅਨੁਸਾਰ ਹਰੇਕ ਮਨੁੱਖ ਦੀ ਬੋਲ-ਬਾਣੀ ਮਿਠਾਸ-ਭਰਪੂਰ ਤੇ ਸੰਜਮਮਈ ਹੋਣੀ ਚਾਹੀਦੀ ਹੈ, ਗੁਰਸਿੱਖ ਸਦਵਾਉਣ ਵਾਲਿਆਂ ਲਈ ਤਾਂ ਇਹ ਨਹਾਇਤ ਹੀ ਜ਼ਰੂਰੀ ਹੈ ਕਿਉਂਕਿ ਗਾਲੀ-ਗਲੋਚ ਵਾਲੀ ਭਾਸ਼ਾ ਤੇ ਬੋਲ-ਬਾਣੀ ਗੁਰੂ-ਹੁਕਮਾਂ ਦੀ ਸਰਾਸਰ ਉਲੰਘਣਾ ਹੈ, ਜੋ ਗੁਰਸਿੱਖ ਕਦੇ ਵੀ ਨਹੀਂ ਕਰਦਾ! ਗੁਰਸਿੱਖਾਂ ਨੂੰ ਤਾਂ ਹਦਾਇਤ ਹੈ

  • ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ ॥ (ਅੰਗ ੪੮੮)
  • ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥੨॥ (ਅੰਗ ੭੨੨)

Share this Article
Leave a comment