ਸ਼ਬਦ ਵਿਚਾਰ 87 – ਜਪੁ ਜੀ ਸਾਹਿਬ – ਪਉੜੀ 11

TeamGlobalPunjab
4 Min Read

ਸ਼ਬਦ ਵਿਚਾਰ – 87

ਜਪੁ ਜੀ ਸਾਹਿਬਪਉੜੀ 11

ਡਾ. ਗੁਰਦੇਵ ਸਿੰਘ*

ਅਕਾਲ ਪੁਰਖ ਦੀ ਯਾਦ ਜਾਂ ਸਿਫਤ ਸਲਾਹ ਨੂੰ ਹਿਰਦੇ ਵਿੱਚ ਵਸਾਉਣ ਨਾਲ ਅਨੇਕ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ। ਉਸ ਦੀ ਯਾਦ ਨੂੰ ਹਿਰਦੇ ਵਿੱਚ ਵਸਾਉਣ ਲਈ ਜਿੱਥੇ ਉਸ ਦਾ ਸਿਫਤ ਸਾਲਾਹ ਜਾਂ ਨਾਮ ਨੂੰ ਰਸਨਾ ਤੇ ਸੁਰਤ ਰਾਹੀਂ ਸਿਮਰਿਆ ਜਾਂਦਾ ਹੈ ਉਥੇ ਕੰਨਾਂ ਰਾਹੀਂ ਉਸ ਦੇ ਨਾਮ ਸਿਮਰਨ ਨੂੰ ਸੁਣਨ ਦੇ ਨਾਲ ਵੀ ਉਹ ਹੀ ਬਰਕਤਾਂ ਪ੍ਰਾਪਤ ਹੁੰਦੀਆਂ  ਹਨ ਜਿਹੜੀਆਂ ਰਸਨਾ ਨਾਲ ਜਪਣ ਨਾਲ ਹੁੰਦੀਆਂ ਹਨ। ਵਾਹਿਗੁਰੂ ਦਾ ਨਾਮ ਸੁਣਨ ਦੇ ਨਾਲ ਨਾਲ ਕੀ ਪ੍ਰਾਪਤ ਹੁੰਦਾ ਹੈ ਜਪੁਜੀ ਸਾਹਿਬ ਦੀ ਪਾਵਨ ਬਾਣੀ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਬੜੇ ਵਿਸਥਾਰ ਨਾਲ ਇਹ ਦ੍ਰਿੜਾਇਆ ਹੈ। ਸ਼ਬਦ ਵਿਚਾਰ ਦੀ ਪਾਵਨ ਲੜੀ ਵਿੱਚ ਕੱਲ ਜਪੁਜੀ ਸਾਹਿਬ ਦੀ 10ਵੀਂ ਪਉੜੀ ਦੀ ਵਿਚਾਰ ਕੀਤੀ ਸੀ ਜਿਸ ਵਿੱਚ ਵੀ ਉਸ ਅਕਾਲ ਪੁਰਖ ਦੇ ਨਾਮ ਸੁਣਨ ਦੀ ਮਹਿਮਾ ਦਾ ਹੀ ਵਰਨਣ ਸੀ। ਜਪੁਜੀ ਸਾਹਿਬ ਦੀ 11ਵੀਂ ਪਉੜੀ ਵਿੱਚ ਵੀ ਗੁਰੂ ਸਾਹਿਬ ਉਸ ਅਕਾਲ ਪੁਰਖ ਦੇ ਨਾਮ ਤੇ ਸਿਫਤ ਸਾਲਾਹ ਨੂੰ ਸੁਣਨ ਦੀ ਬਰਕਤ ਦਾ ਹੀ ਉਪਦੇਸ਼ ਦੇ ਰਹੇ ਹਨ :

ਸੁਣਿਐ ਸਰਾ ਗੁਣਾ ਕੇ ਗਾਹ ॥ ਸੁਣਿਐ ਸੇਖ ਪੀਰ ਪਾਤਿਸਾਹ ॥

- Advertisement -

ਸੁਣਿਐ ਅੰਧੇ ਪਾਵਹਿ ਰਾਹੁ ॥ ਸੁਣਿਐ ਹਾਥ ਹੋਵੈ ਅਸਗਾਹੁ ॥

ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੧੧॥

ਪਦ ਅਰਥ: ਸਰਾ ਗੁਣਾ ਕੇ = ਗੁਣਾਂ ਦੇ ਸਰੋਵਰਾਂ ਦੇ, ਬੇਅੰਤ ਗੁਣਾਂ ਦੇ। ਗਾਹ = ਗਾਹੁਣ ਵਾਲੇ, ਸੂਝ ਵਾਲੇ, ਵਾਕਫ਼ੀ ਵਾਲੇ। ਰਾਹੁ = ਰਸਤਾ। ਅਸਗਾਹੁ = ਡੂੰਘਾ ਸਮੁੰਦਰ, ਸੰਸਾਰ। ਹਾਥ = ਸ਼ਬਦ ‘ਹਾਥ’ ਇਸਤ੍ਰੀ-ਲਿੰਗ ਹੈ, ਇਸ ਵਾਸਤੇ ਇਕ-ਵਚਨ ਵਿਚ ਭੀ ਇਸ ਦੇ ਅੰਤ ਵਿਚ (ੁ) ਨਹੀਂ ਹੈ। ਇਸ ਦਾ ਅਰਥ ਹੈ ‘ਡੂੰਘਿਆਈ ਦੀ ਸਮਝ’। ਪਰ ਜਦੋਂ ਇਹ ਪੁਲਿੰਗ ਹੋਵੇ ਤਦੋਂ ਇਸ ਦਾ ਅਰਥ ਹੈ ਮਨੁੱਖ ਦਾ ਅੰਗ ‘ਹੱਥ’। ਜਿਵੇਂ: (1) ਹਾਥੁ ਪਸਾਰਿ ਸਕੈ ਕੋ ਜਨ ਕਉ, ਬੋਲਿ ਨ ਸਕੈ ਅੰਦਾਜਾ।1। (ਬਿਲਾਵਲ ਕਬੀਰ ਜੀ) ਬਹੁ-ਵਚਨ ‘ਹਾਥ’ ਦਾ ਰੂਪ ਇਸਤ੍ਰੀ-ਲਿੰਗ ‘ਹਾਥ’ ਵਾਲਾ ਹੀ ਹੈ, ਜਿਵੇਂ: ਹਾਥ ਦੇਇ ਰਾਖੇ ਪਰਮੇਸਰਿ, ਸਗਲਾ ਦੁਰਤੁ ਮਿਟਾਇਆ।1।7।16। (ਗੂਜਰੀ ਮਹਲਾ 5)ਹਾਥ ਹੋਵੈ = ਹਾਥ ਹੋ ਜਾਂਦੀ ਹੈ, ਡੂੰਘਿਆਈ ਦਾ ਪਤਾ ਲੱਗ ਜਾਂਦਾ ਹੈ, ਅਸਲੀਅਤ ਦੀ ਸਮਝ ਪੈ ਜਾਂਦੀ ਹੈ।11।

ਵਿਆਖਿਆ : ਹੇ ਨਾਨਕ! (ਅਕਾਲ ਪੁਰਖ ਦੇ ਨਾਮ ਵਿਚ ਸੁਰਤਿ ਜੋੜਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ, (ਕਿਉਂਕਿ) ਅਕਾਲ ਪੁਰਖ ਦਾ ਨਾਮ ਸੁਣਨ ਨਾਲ (ਮਨੁੱਖ ਦੇ) ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਅਕਾਲ ਪੁਰਖ ਦੇ ਨਾਮ ਵਿਚ ਸੁਰਤਿ ਜੋੜਨ ਨਾਲ (ਸਾਧਾਰਨ ਮਨੁੱਖ) ਬੇਅੰਤ ਗੁਣਾਂ ਦੀ ਸੂਝ ਵਾਲੇ ਹੋ ਜਾਂਦੇ ਹਨ, ਸ਼ੇਖ ਪੀਰ ਤੇ ਪਾਤਿਸ਼ਾਹਾਂ ਦੀ ਪਦਵੀ ਪਾ ਲੈਂਦੇ ਹਨ। ਇਹ ਨਾਮ ਸੁਣਨ ਦੀ ਹੀ ਬਰਕਤਿ ਹੈ ਕਿ ਅੰਨ੍ਹੇ ਗਿਆਨ-ਹੀਣ ਮਨੁੱਖ ਭੀ (ਅਕਾਲ ਪੁਰਖ ਨੂੰ ਮਿਲਣ ਦਾ) ਰਾਹ ਲੱਭ ਲੈਂਦੇ ਹਨ। ਅਕਾਲ ਪੁਰਖ ਦੇ ਨਾਮ ਵਿਚ ਜੁੜਨ ਦਾ ਸਦਕਾ ਇਸ ਡੂੰਘੇ ਸੰਸਾਰ-ਸਮੁੰਦਰ ਦੀ ਅਸਲੀਅਤ ਸਮਝ ਵਿਚ ਆ ਜਾਂਦੀ ਹੈ।11।

ਜਪੁਜੀ ਸਾਹਿਬ ਦੀ ਇਸ ਪਉੜੀ ਵਿੱਚ ਗੁਰੂ ਸਾਹਿਬ ਸਾਨੂੰ ਉਪਦੇਸ਼ ਕਰ ਰਹੇ ਹਨ ਕਿ ਜਿਉਂ ਜਿਉਂ ਸੁਰਤਿ ਨਾਮ ਵਿੱਚ ਜੁੜਦੀ ਹੈ, ਮਨੁੱਖ ਰੱਬੀ ਗੁਣਾਂ ਦੇ ਸਮੁੰਦਰ ਵਿੱਚ ਚੁੱਭੀ ਲਾਂਦਾ ਹੈ। ਸੰਸਾਰ ਅਥਾਹ ਸਮੁੰਦਰ ਹੈ, ਜਿਥੇ ਰੱਬ ਨਾਲੋਂ ਵਿਛੜਿਆ ਹੋਇਆ ਜੀਵ ਅੰਨ੍ਹਿਆਂ ਵਾਂਗ ਹੱਥ ਪੈਰ ਮਾਰਦਾ ਹੈ ਪਰ ਨਾਮ ਵਿੱਚ ਜੁੜਿਆ ਜੀਵ ਜੀਵਨ ਦਾ ਸਹੀ ਰਾਹ ਲੱਭ ਲੈਂਦਾ ਹੈ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਜਪੁਜੀ ਸਾਹਿਬ ਦੀ 12ਵੀਂ ਪਉੜੀ ਦੀ ਵਿਚਾਰ ਕਰਾਂਗੇ। ਇਸ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਸਾਡੇ ਨਾਲ ਜ਼ਰੂਰ ਸ਼ਾਂਝਾ ਕਰੋ ਜੀ।

- Advertisement -

*gurdevsinghdr@gmail.com

Share this Article
Leave a comment