ਸ਼ਬਦ ਵਿਚਾਰ – 99 ਜਪੁ ਜੀ ਸਾਹਿਬ – ਪਉੜੀ 24

TeamGlobalPunjab
6 Min Read

ਸ਼ਬਦ ਵਿਚਾਰ – 99

ਜਪੁ ਜੀ ਸਾਹਿਬਪਉੜੀ 24

ਡਾ. ਗੁਰਦੇਵ ਸਿੰਘ*

ਵੱਡ ਸਮਰਥ ਅਕਾਲ ਪੁਰਖ ਨੂੰ ਕਿਵੇਂ ਜਾਣਿਆ ਜਾ ਸਕਦਾ ਹੈੈੈ? ਉਸ ਨੂੰ ਕਿਵੇਂ ਬਿਆਨ ਕੀਤਾ ਜਾ ਸਕਦਾ ਹੈੈ ? ਉਸ ਦਾ ਅੰਤ ਕਿਵੇਂ ਪਾਇਆ ਜਾ ਸਕਦਾ ਹੈ। ਉਸ ਦੇ ਵਰਗਾ ਇਸ ਪੂਰੀ ਕਾਇਨਾਤ ਵਿੱਚ ਹੋਰ ਕੀ ਕੀ ਹੈੈੈ? ਇਸ ਸੰਬੰਧ ਵਿੱਚ ਗੁਰਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ। ਜਪੁ ਜੀ ਸਾਹਿਬ ਦੀ ਚੱਲ ਰਹੀ ਲੜੀਵਾਰ ਵਿਚਾਰ ਅੰਦਰ ਅੱਜ ਅਸੀਂ ਜਪੁਜੀ ਸਾਹਿਬ ਦੀ 23ਵੀਂ ਪਉੜੀ ਦੀ ਵਿਚਾਰ ਕਰਾਂਗੇ ਜਿਸ ਵਿੱਚ ਉਸ ਅਕਾਲ ਪੁਰਖ ਦੀ ਅਸੀਮਤਾ ਦਾ ਵਿਆਖਿਆਨ ਕਰ ਰਹੇ ਹਨ:

ਅੰਤੁ ਨ ਸਿਫਤੀ ਕਹਣਿ ਨ ਅੰਤੁ ॥ ਅੰਤੁ ਨ ਕਰਣੈ ਦੇਣਿ ਨ ਅੰਤੁ ॥ ਅੰਤੁ ਨ ਵੇਖਣਿ ਸੁਣਣਿ ਨ ਅੰਤੁ ॥ ਅੰਤੁ ਨ ਜਾਪੈ ਕਿਆ ਮਨਿ ਮੰਤੁ ॥

- Advertisement -

ਪਦ ਅਰਥ: ਸਿਫਤੀ = ਸਿਫ਼ਤਾਂ ਦਾ। ਕਹਣਿ = ਕਹਿਣ ਨਾਲ, ਦੱਸਣ ਨਾਲ। ਕਰਣੈ = ਬਣਾਈ ਹੋਈ ਕੁਦਰਤ ਦਾ। ਦੇਣਿ = ਦੇਣ ਵਿਚ, ਦਾਤਾਂ ਦੇਣ ਨਾਲ। ਵੇਖਣਿ, ਸੁਣਣਿ = ਵੇਖਣ ਤੇ ਸੁਣਨ ਨਾਲ। ਨ ਜਾਪੈ = ਨਹੀਂ ਜਾਪਦਾ, ਨਹੀਂ ਦਿੱਸਦਾ। ਮਨਿ = (ਅਕਾਲ ਪੁਰਖ ਦੇ) ਮਨ ਵਿਚ। ਮੰਤੁ = ਸਲਾਹ।

ਵਿਆਖਿਆ :(ਅਕਾਲ ਪੁਰਖ ਦੇ) ਗੁਣਾਂ ਦਾ ਕੋਈ ਹੱਦ-ਬੰਨਾ ਨਹੀਂ ਹੈ, ਗਿਣਨ ਨਾਲ ਭੀ (ਗੁਣਾਂ ਦਾ) ਅੰਤ ਨਹੀਂ ਪੈ ਸਕਦਾ। (ਗਿਣੇ ਨਹੀਂ ਜਾ ਸਕਦੇ) । ਅਕਾਲ ਪੁਰਖ ਦੀ ਰਚਨਾ ਤੇ ਦਾਤਾਂ ਦਾ ਅੰਤ ਨਹੀਂ ਪੈ ਸਕਦਾ। ਵੇਖਣ ਤੇ ਸੁਣਨ ਨਾਲ ਭੀ ਉਸ ਦੇ ਗੁਣਾਂ ਦਾ ਪਾਰ ਨਹੀਂ ਪਾ ਸਕੀਦਾ। ਉਸ ਅਕਾਲ ਪੁਰਖ ਦੇ ਮਨ ਵਿਚ ਕਿਹੜੀ ਸਲਾਹ ਹੈ-ਇਸ ਗੱਲ ਦਾ ਭੀ ਅੰਤ ਨਹੀਂ ਪਾਇਆ ਜਾ ਸਕਦਾ।

ਅੰਤੁ ਨ ਜਾਪੈ ਕੀਤਾ ਆਕਾਰੁ ॥ ਅੰਤੁ ਨ ਜਾਪੈ ਪਾਰਾਵਾਰੁ ॥

ਪਦ ਅਰਥ ਕੀਤਾ = ਬਣਾਇਆ ਹੋਇਆ। ਆਕਾਰੁ = ਇਹ ਜਗਤ ਜੋ ਦਿੱਸ ਰਿਹਾ ਹੈ। ਪਾਰਾਵਾਰੁ = ਪਾਰਲਾ ਤੇ ਉਰਲਾ ਬੰਨਾ।

ਵਿਆਖਿਆ : ਅਕਾਲ ਪੁਰਖ ਨੇ ਇਹ ਜਗਤ (ਜੋ ਦਿੱਸ ਰਿਹਾ ਹੈ) ਬਣਾਇਆ ਹੈ, ਪਰ ਇਸ ਦਾ ਅਖ਼ੀਰ, ਇਸ ਦਾ ਉਰਲਾ ਤੇ ਪਾਰਲਾ ਬੰਨਾ ਕੋਈ ਨਹੀਂ ਦਿੱਸਦਾ।

- Advertisement -

ਅੰਤ ਕਾਰਣਿ ਕੇਤੇ ਬਿਲਲਾਹਿ ॥ ਤਾ ਕੇ ਅੰਤ ਨ ਪਾਏ ਜਾਹਿ ॥

ਪਦ ਅਰਥਅੰਤ ਕਾਰਣਿ = ਹੱਦ-ਬੰਨਾ ਲੱਭਣ ਲਈ। ਕੇਤੇ = ਕਈ ਮਨੁੱਖ। ਬਿਲਲਾਹਿ = ਵਿਲਕਦੇ ਹਨ, ਤਰਲੇ ਲੈਂਦੇ ਹਨ। ਤਾ ਕੇ ਅੰਤ = ਉਸ ਅਕਾਲ ਪੁਰਖ ਦੇ ਹੱਦ-ਬੰਨੇ। ਨ ਪਾਏ ਜਾਹਿ = ਲੱਭੇ ਨਹੀਂ ਜਾ ਸਕਦੇ।

ਵਿਆਖਿਆ : ਕਈ ਮਨੁੱਖ ਅਕਾਲ ਪੁਰਖ ਦਾ ਹੱਦ-ਬੰਨਾ ਲੱਭਣ ਲਈ ਤਰਲੈ ਲੈ ਰਹੇ ਸਨ, ਪਰ ਉਸ ਦੇ ਹੱਦ-ਬੰਨੇ ਲੱਭੇ ਨਹੀਂ ਜਾ ਸਕਦੇ।

ਏਹੁ ਅੰਤੁ ਨ ਜਾਣੈ ਕੋਇ ॥ ਬਹੁਤਾ ਕਹੀਐ ਬਹੁਤਾ ਹੋਇ ॥

ਪਦ ਅਰਥਏਹੁ ਅੰਤ = ਇਹ ਹੱਦ-ਬੰਨਾ (ਜਿਸ ਦੀ ਭਾਲ ਬੇਅੰਤ ਜੀਵ ਕਰਦੇ ਹਨ) । ਬਹੁਤਾ ਕਹੀਐ = ਜਿਉਂ ਜਿਉਂ ਅਕਾਲ ਪੁਰਖ ਨੂੰ ਵੱਡਾ ਆਖੀ ਜਾਵੀਏ, ਜਿਉਂ ਜਿਉਂ ਉਸ ਦੇ ਗੁਣ ਕਥਨ ਕਰੀ ਜਾਵੀਏ। ਬਹੁਤ ਹੋਇ = ਤਿਉਂ ਤਿਉਂ ਉਹ ਹੋਰ ਵੱਡਾ, ਹੋਰ ਵੱਡਾ ਪਰਤੀਤ ਹੋਣ ਲੱਗ ਪੈਂਦਾ ਹੈ।

ਵਿਆਖਿਆ : (ਅਕਾਲ ਪੁਰਖ ਦੇ ਗੁਣਾਂ ਦਾ) ਇਹ ਹੱਦ-ਬੰਨਾ (ਜਿਸ ਦੀ ਬੇਅੰਤ ਜੀਵ ਭਾਲ ਕਰ ਰਹੇ ਹਨ) ਕੋਈ ਮਨੁੱਖ ਨਹੀਂ ਪਾ ਸਕਦਾ। ਜਿਉਂ ਜਿਉਂ ਇਹ ਗੱਲ ਆਖੀ ਜਾਵੀਏ ਕਿ ਉਹ ਵੱਡਾ ਹੈ, ਤਿਉਂ ਤਿਉਂ ਉਹ ਹੋਰ ਵੱਡਾ, ਹੋਰ ਵੱਡਾ ਪਰਤੀਤ ਹੋਣ ਲੱਗ ਪੈਂਦਾ ਹੈ।

ਵਡਾ ਸਾਹਿਬੁ ਊਚਾ ਥਾਉ ॥ ਊਚੇ ਉਪਰਿ ਊਚਾ ਨਾਉ ॥ ਏਵਡੁ ਊਚਾ ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ ॥

ਪਦ ਅਰਥਥਾਉ = ਅਕਾਲ ਪੁਰਖ ਦੇ ਨਿਵਾਸ ਦਾ ਟਿਕਾਣਾ। ਉਚੇ ਉਪਰਿ ਊਚਾ = ਉੱਚੇ ਤੋਂ ਉੱਚਾ, ਬਹੁਤ ਉੱਚਾ। ਨਾਉ = ਨਾਮਣਾ, ਵਡਿਆਈ। ਏਵਡੁ = ਇਤਨਾ ਵੱਡਾ। ਹੋਵੈ ਕੋਇ = ਜੇ ਕੋਈ ਮਨੁੱਖ ਹੋਵੇ। ਤਿਸੁ ਊਚੇ ਕਉ = ਉਸ ਉੱਚੇ ਅਕਾਲ ਪੁਰਖ ਨੂੰ। ਸੋਇ = ਉਹ ਮਨੁੱਖ ਹੀ।

ਵਿਆਖਿਆ : ਅਕਾਲ ਪੁਰੱਖ ਵੱਡਾ ਹੈ, ਉਸ ਦਾ ਟਿਕਾਣਾ ਉੱਚਾ ਹੈ। ਉਸ ਦਾ ਨਾਮਣਾ ਭੀ ਉੱਚਾ ਹੈ। ਜੇ ਕੋਈ ਹੋਰ ਉਸ ਜੇਡਾ ਵੱਡਾ ਹੋਵੇ, ਉਹ ਹੀ ਉਸ ਉੱਚੇ ਅਕਾਲ ਪੁਰਖ ਨੂੰ ਸਮਝ ਸਕਦਾ ਹੈ (ਕਿ ਉਹ ਕੇਡਾ ਵੱਡਾ ਹੈ) ।

ਜੇਵਡੁ ਆਪਿ ਜਾਣੈ ਆਪਿ ਆਪਿ ॥ ਨਾਨਕ ਨਦਰੀ ਕਰਮੀ ਦਾਤਿ ॥੨੪॥

ਪਦ ਅਰਥਜੇਵਡੁ = ਜੇਡਾ ਵੱਡਾ। ਜਾਣੈ = ਜਾਣਦਾ ਹੈ। ਆਪਿ ਆਪਿ = ਕੇਵਲ ਆਪ ਹੀ (ਉਸ ਤੋਂ ਬਿਨਾਂ ਕੋਈ ਹੋਰ ਨਹੀਂ ਜਾਣਦਾ) । ਨਦਰੀ = ਮਿਹਰ ਦੀ ਨਜ਼ਰ ਕਰਨ ਵਾਲਾ ਹਰੀ। ਕਰਮੀ = ਕਰਮ ਨਾਲ, ਬਖ਼ਸ਼ਸ਼ ਨਾਲ। ਦਾਤਿ = ਬਖ਼ਸ਼ਸ਼।

ਵਿਆਖਿਆ : ਅਕਾਲ ਪੁਰਖ ਆਪ ਹੀ ਜਾਣਦਾ ਹੈ ਕਿ ਉਹ ਆਪ ਕੇਡਾ ਵੱਡਾ ਹੈ। ਹੇ ਨਾਨਕ! (ਹਰੇਕ) ਦਾਤ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖ਼ਸ਼ਸ਼ ਨਾਲ ਮਿਲਦੀ ਹੈ। 24।

ਸੋ ਜਪੁਜੀ ਸਾਹਿਬ ਦੀ ਇਸ ਪਉੜੀ ਵਿੱਚ ਗੁਰੂ ਸਾਹਿਬ ਸਾਨੂੰ ਉਪਦੇਸ਼ ਕਰ ਰਹੇ ਹਨ ਕਿਪ੍ਰਭੂ ਬੇਅੰਤ ਗੁਣਾਂ ਦਾ ਮਾਲਕ ਹੈ, ਉਸ ਦੀ ਪੈਦਾ ਕੀਤੀ ਰਚਨਾ ਭੀ ਬੇਅੰਤ ਹੈ। ਜਿਉਂ ਜਿਉਂ ਉਸ ਦੇ ਗੁਣਾਂ ਵਲ ਧਿਆਨ ਮਾਰੀਏ, ਉਹ ਹੋਰ ਵੱਡਾ ਪਰਤੀਤ ਹੋਣ ਲੱਗ ਪੈਂਦਾ ਹੈ। ਜਗਤ ਵਿਚ ਨਾਹ ਕੋਈ ਉਸ ਪ੍ਰਭੂ ਜੇਡਾ ਵੱਡਾ ਹੈ ਹੀ, ਤੇ ਇਸ ਵਾਸਤੇ ਨਾਹ ਕੋਈ ਇਹ ਦੱਸ ਸਕਦਾ ਹੈ ਕਿ ਪ੍ਰਭੂ ਕਿਤਨਾ ਵੱਡਾ ਹੈ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਜਪੁਜੀ ਸਾਹਿਬ ਦੀ 24ਵੀਂ ਪਉੜੀ ਦੀ ਵਿਚਾਰ ਕਰਾਂਗੇ। ਇਸ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਸਾਡੇ ਨਾਲ ਜ਼ਰੂਰ ਸ਼ਾਂਝਾ ਕਰੋ ਜੀ।

*gurdevsinghdr@gmail.com

Share this Article
Leave a comment