ਤਰਨ ਤਾਰਨ : ਪੰਜਾਬ ਪੁਲਿਸ ਆਪਣੇ ਕਾਰਨਾਮਿਆਂ ਕਾਰਨ ਹਮੇਸ਼ਾ ਚਰਚਾ ‘ਚ ਰਹਿੰਦੀ ਹੈ। ਇਸ ਦੀ ਤਾਜ਼ਾ ਉਦਾਹਰਨ ਸਾਹਮਣੇ ਆਈ ਹੈ ਤਰਨਤਾਰਨ ਦੇ ਪਿੰਡ ਬਵਾਲ ਤੋਂ। ਇੱਥੋਂ ਦੇ ਇੱਕ ਨੌਜਵਾਨ ਵੱਲੋਂ ਆਪਣੇ ਕੇਸ ਕਟਵਾ ਦਿੱਤੇ ਗਏ ਹਨ। ਜਿਸ ਦਾ ਦੋਸ਼ ਹੈ ਕਿ ਉਸ ਨੇ ਆਪਣੇ ਕੇਸ ਪੁਲਿਸ ਦੀ ਮਾਰ ਤੋਂ ਡਰ ਕੇ ਕਟਵਾਏ ਹਨ। ਦਰਅਸਲ ਬਵਾਲ ਪਿੰਡ ਦੇ ਵਾਸੀਆਂ ਦਾ ਕਹਿਣਾ ਹੈ ਉਨ੍ਹਾਂ ਨੇ ਨਜਾਇਜ ਮਾਈਨਿੰਗ ਨੂੰ ਬੰਦ ਕਰਨ ਲਈ ਪੁਲਿਸ ਨੂੰ ਸੂਚਿਤ ਕੀਤਾ, ਪਰ ਪੁਲਿਸ ਨੇ ਮਾਇਨਿੰਗ ਮਾਫੀਆ ‘ਤੇ ਕਾਰਵਾਈ ਕਰਨ ਦੀ ਜਗ੍ਹਾ ਪਿੰਡ ਵਾਸੀਆਂ ਨੂੰ ਹੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਵੀਰਾ ਸਿੰਘ ਨਾਮਕ ਵਿਅਕਤੀ ਨੇ ਦੱਸਿਆ ਕਿ ਉਹ ਇੱਕ ਗੁਰਸਿੱਖ ਨੌਜਵਾਨ ਸੀ ਪਰ ਐਸਐਚਓ ਨੇ ਕੁੱਟ ਕੇ ਉਸ ਦੀ ਦਾਹੜੀ ਅਤੇ ਵਾਲ ਪੁੱਟੇ ਅਤੇ ਧਮਕੀ ਦਿੱਤੀ ਗਈ ਕਿ ਜੇਕਰ ਉਹ ਅਗਲੇ ਦਿਨ ਤੱਕ ਆਪਣੇ ਕੇਸ ਕਤਲ ਨਹੀਂ ਕਰਵਾਏਗਾ ਤਾਂ ਉਹ ਉਸ ਨੂੰ ਪਿੰਡ ‘ਚ ਨਹੀਂ ਰਹਿਣ ਦੇਵੇਗਾ ਅਤੇ ਉਸ ‘ਤੇ ਪਰਚਾ ਪਾ ਕੇ ਸਦਾ ਲਈ ਜੇਲ੍ਹ ਅੰਦਰ ਕਰਵਾ ਦੇਵੇਗਾ। ਨੌਜਵਾਨ ਨੇ ਕਿਹਾ ਕਿ ਪੁਲਿਸ ਵਾਲਿਆਂ ਨੇ ਉਸ ਨੂੰ ਧਮਕੀ ਦਿੱਤੀ ਸੀ ਜੇਕਰ ਇਸ ਸਬੰਧੀ ਕਿਸੇ ਜਥੇਬੰਦੀ ਜਾਂ ਕਿਸੇ ਹੋਰ ਨੂੰ ਦੱਸਿਆ ਤਾਂ ਵੀ ਉਸ ‘ਤੇ ਹੈਰੋਇਨ ਦਾ ਪਰਚਾ ਪਾ ਦਿੱਤਾ ਜਾਵੇਗਾ।
ਉਧਰ ਐਸਐਚਓ ਹਰਪ੍ਰੀਤ ਸਿੰਘ ਥਾਣਾ ਹਰੀਕੇ ਪਾਸੋਂ ਜਦ ਸਚਾਈ ਬਾਰੇ ਜਾਣਿਆ ਗਿਆ ਤਾਂ ਉਹਨਾਂ ਕਿਹਾ ਕਿ ਪਿੰਡ ਦੀ ਪੰਚਾਇਤ ਨੇ ਉਨ੍ਹਾਂ ਨੂੰ ਨਜਾਇਜ ਮਾਈਨਿੰਗ ਲਈ ਦਰਖਾਸਤ ਦਿੱਤੀ ਜਿਸ ਤੋਂ ਬਾਅਦ ਪੁਲਿਸ ਮੋਕੇ ਤੇ ਗਈ ਅਤੇ ਜੋ ਨਜਾਇਜ ਮਾਈਨਿੰਗ ਹੋਈ ਸੀ ਉਸ ਨੂੰ ਬੰਦ ਕਰਵਾ ਦਿੱਤਾ ਗਿਆ । ਸਿੱਖ ਮੁੰਡੇ ਦੇ ਕੇਸ ਕੱਟਣ ਦੇ ਮਾਮਲੇ ਐਸਐਚਓ ਨੇ ਕਿਹਾ ਕਿ ਉਹ ਝੂਠ ਬੋਲ ਰਿਹਾ ਹੈ ।
ਇਸ ਪੂਰੇ ਮਾਮਲੇ ‘ਚ ਸੱਚਾਈ ਕੀ ਹੈ ਇਸਦਾ ਪਤਾ ਤਾਂ ਜਾਂਚ ਤੋਂ ਬਾਅਦ ਹੀ ਲੱਗੇਗਾ। ਪਰ ਇਸ ਤਰ੍ਹਾਂ ਪੁਲਿਸ ਵਲੋਂ ਕਿਸੇ ਨੌਜਵਾਨ ਨੂੰ ਧਮਕਾਉਣਾ ਅਤੇ ਨੌਜਵਾਨ ਵਲੋਂ ਆਪਣੇ ਕੇਸ ਕਟਵਾ ਦੇਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ ।