ਗੁਰਮਤਿ ਸੰਗੀਤ ਤੇ ਸ਼ਾਸਤਰੀ ਸੰਗੀਤ ਦਾ ਤੁਲਨਾਤਮਕ ਅਧਿਐਨ – ਗੁਰਨਾਮ ਸਿੰਘ (ਡਾ.)-

TeamGlobalPunjab
12 Min Read

ਗੁਰਮਤਿ ਸੰਗੀਤ ਤੇ ਡਾ. ਗੁਰਨਾਮ ਸਿੰਘ ਦੇ ਚੋਣਵੇਂ ਲੇਖ

ਗੁਰਮਤਿ ਸੰਗੀਤ ਤੇ ਸ਼ਾਸਤਰੀ ਸੰਗੀਤ ਦਾ ਤੁਲਨਾਤਮਕ ਅਧਿਐਨ

*ਗੁਰਨਾਮ ਸਿੰਘ (ਡਾ.)

ਗੁਰਮਤਿ ਸੰਗੀਤ ਆਪਣੇ ਮੌਲਿਕ ਸੰਗੀਤ ਵਿਧਾਨ ਦੁਆਰਾ ਸੁਤੰਤਰ ਸੰਗੀਤ ਪਰੰਪਰਾ ਵਜੋਂ ਸਰੂਪਿਤ ਹੁੰਦਾ ਹੈ। ਨਿਰਸੰਦੇਹ ਇਹ ਸੰਗੀਤ ਪਰੰਪਰਾ ਭਾਰਤੀ ਸੰਗੀਤ ਦੇ ਮੂਲ ਤੱਤਾਂ ਦੁਆਰਾ ਨਿਰਮਿਤ ਸੰਗੀਤ ਪਰੰਪਰਾ ਹੈ। ਇਸ ਪਰੰਪਰਾ ਦੀ ਇਹ ਵਿਸ਼ਿਸ਼ਟਤਾ ਹੈ ਕਿ ਇਸ ਵਿਚ ਸ਼ਾਸਤਰੀ ਸੰਗੀਤ ਅਤੇ ਲੋਕ ਸੰਗੀਤ ਦੇ ਵਿਭਿੰਨ ਤੱਤਾਂ ਅਤੇ ਰੂਪਾਂ ਦਾ ਪ੍ਰਯੋਗ ਤਾਂ ਕੀਤਾ ਗਿਆ ਹੈ ਪਰੰਤੂ ਇਹ ਵਿਭਿੰਨ ਤੱਤ ਅਤੇ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੁਆਰਾ ਨਿਰਦੇਸ਼ਿਤ ਸੰਗੀਤ ਵਿਧਾਨ ਦੇ ਅਨੁਸਾਰੀ ਹਨ। ਇਸ ਪਰੰਪਰਾ ਵਿਚ ਇਨਾਂ ਵਿਭਿੰਨ ਸੰਗੀਤ ਤੱਤਾਂ ਅਤੇ ਸੰਗੀਤ ਰੂਪਾਂ ਦੀ ਸੁਤੰਤਰ ਸੰਗੀਤਮਈ ਹੋਂਦ ਨਹੀਂ ਸਗੋਂ ਇਨਾਂ ਨੂੰ ਗੁਰਮਤਿ ਦੀ ਅਨੁਸਾਰੀ ਨਵੀਨ ਦ੍ਰਿਸ਼ਟੀ ਅਤੇ ਮੌਲਿਕ ਵਿਧੀ ਦੁਆਰਾ ਪ੍ਰਯੋਗ ਕੀਤਾ ਗਿਆ ਹੈ। ਗੁਰਮਤਿ ਸੰਗੀਤ ਦੇ ਆਧਾਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਕਲਨ ਅਤੇ ਗੁਰਮਤਿ ਸੰਗੀਤ ਦੀ ਸਮੁਚੀ ਵਿਵਹਾਰਿਕਤਾ ਤੋਂ ਇਹ ਤੱਤ ਭਲੀ ਭਾਂਤ ਸਪਸ਼ਟ ਹੈ।

ਗੁਰਮਤਿ ਸੰਗੀਤ ਅਤੇ ਸ਼ਾਸਤਰੀ ਸੰਗੀਤ ਵਿਚ ਭਾਰਤੀ ਸੰਗੀਤ ਦੇ ਮੂਲ ਤੱਤ ਭਾਵ ਸੁਰ ਅਤੇ ਲੈਅ ਆਦਿ ਦਾ ਪ੍ਰਯੋਗ ਸਮਾਨ ਹੈ। ਇਸੇ ਤਰਾਂ ਹੀ ਗਾਇਨ ਹਿਤ ਸੁਰ ਆਪਣੇ ਵਿਸਥਾਰ ਦੁਆਰਾ ਰਾਗ ਅਤੇ ਗਾਇਨ ਸ਼ੈਲੀਆਂ ਵਿਚ ਸਰੂਪਿਤ ਹੁੰਦਾ ਹੈ ਅਤੇ ਵਾਦਨ ਵਿਚ ਵੀ ਇਸ ਦੇ ਵੱਖ-ਵੱਖ ਵਿਸਥਾਰ ਸਾਡੇ ਸਾਹਮਣੇ ਆਂਉਦੇ ਹਨ ਜੋ ਵੱਖ-ਵੱਖ ਗਾਇਨ ਵਾਦਨ ਰੂਪਾਂ ਦੁਆਰਾ ਵਿਸਥਾਰ ਗ੍ਰਹਿਣ ਕਰਦੇ ਹਨ। ਅਲਾਪ, ਤਾਨ, ਲੈਅ, ਤਾਲ ਆਦਿ ਦੇ ਵਖੋ-ਵਖਰੇ ਸੋਂਦਰਮਯੀ ਰੂਪ ਦੋਵੇਂ ਪਰੰਪਰਾਵਾਂ ਵਿਚ ਪ੍ਰਯੋਗ ਹੁੰਦੇ ਹਨ।

- Advertisement -

ਤੁਲਨਾਤਮਕ ਸੰਦਰਭ ਵਿਚ ਵਾਚੀਏ ਤਾਂ ਗੁਰਮਤਿ ਸੰਗੀਤ ਸ਼ਬਦ ਪ੍ਰਧਾਨ ਗਾਇਕੀ ਹੈ ਜਦੋਂ ਕਿ ਸ਼ਾਸਤਰੀ ਸੰਗੀਤ ਰਾਗ ਪ੍ਰਧਾਨ ਗਾਇਕੀ ਹੈ। ਇਸੇ ਤਰਾਂ ਹੀ ਗੁਰਮਤਿ ਸੰਗੀਤ ਵਿਚ ਲੈਅ ਦਾ ਪ੍ਰਯੋਗ ਵੀ ਸਹਿਜ ਅਤੇ ਭਗਤੀ ਭਾਵ ਸਿਰਜਣ ਹਿਤ ਕੀਤਾ ਜਾਂਦਾ ਹੈ ਪਰੰਤੂ ਇਨਾਂ ਦੇ ਅਤਿ ਵਿਲੰਬਿਤ ਤੇ ਦਰੁੱਤ ਰੂਪ ਗੁਰਮਤਿ ਸੰਗੀਤ ਦੀ ਸਹਿਜਮਈ ਕੀਰਤਨ ਪਰੰਪਰਾ ਦੇ ਅਨੁਕੂਲ ਨਹੀਂ ਹਨ । ਜਦੋਂ ਕਿ ਸ਼ਾਸਤਰੀ ਸੰਗੀਤ ਵਿਚ ਵੱਖ-ਵੱਖ ਪ੍ਰਕਾਰ ਦੀਆਂ ਰਚਨਾਵਾਂ ਲਈ ਲੈਅ ਦੇ ਸੰਭਾਵੀ ਭਿੰਨ-ਭਿੰਨ ਰੂਪਾਂ ਦਾ ਪ੍ਰਯੋਗ ਉਚਿੱਤ ਸਵਿਕਾਰਿਆ ਜਾਂਦਾ ਹੈ। ਗੁਰਮਤਿ ਸੰਗੀਤ ਵਿਚ ਸ਼ਬਦ ਦੇ ਵੱਖ-ਵੱਖ ਭਾਵਾਂ ਨੂੰ ਪ੍ਰਗਟਾਉਣ ਹਿਤ ਅਲਾਪ ਦਾ ਪ੍ਰਯੋਗ ਕੀਤਾ ਜਾਂਦਾ ਹੈ। ਅਲਾਪ ਦਾ ਵਿਵਿਧ ਪਖਾਂ ਤੋਂ ਪ੍ਰਯੋਗ ਗੁਰਮਤਿ ਸੰਗੀਤ ਦੇ ਅਨੁਕੂਲ ਹੈ ਪਰੰਤੂ ਇਸ ਦੁਆਰਾ ਸ਼ਬਦ ਦੇ ਮੂਲ ਅੰਤਰੀਵੀ ਭਾਵ ਦੀਆਂ ਪਰਤਾਂ ਮਾਨਵੀ ਮਨ ਵਿਚ ਸਪਸ਼ਟ ਕਰਣ ਹਿਤ ਹੀ ਪ੍ਰਯੋਗ ਹੋਣਾ ਚਾਹੀਦਾ ਹੈ। ਸ਼ਾਸਤਰੀ ਸੰਗੀਤ ਜੋ ਕਿ ਰਾਗ ਪ੍ਰਧਾਨ ਗਾਇਕੀ ਹੈ ਵਿਚ ਅਲਾਪ ਪ੍ਰਧਾਨ ਰਹਿੰਦਾ ਹੈ ਅਤੇ ਇਸ ਵਿਚ ਅਲਾਪ ਦਾ ਸੰਬੰਧਿਤ ਰਚਨਾ ਦੇ ਅਨੁਕੂਲ ਬਹੁਵਿਧੀਆਂ ਦੁਆਰਾ ਪ੍ਰਯੋਗ ਕੀਤਾ ਜਾ ਸਕਦਾ ਹੈ ਗੁਰਮਤਿ ਸੰਗੀਤ ਵਿਚ ਤਾਨ ਦੀ ਬਜਾਏ ਬੋਲ ਤਾਨ ਦੇ ਪ੍ਰਯੋਗ ਨੂੰ ਵਧੇਰੇ ਉਚਿਤ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿਚ ਸ਼ਬਦ ਪ੍ਰਤੱਖ ਰਹਿੰਦਾ ਹੈ। ਬੋਲ ਤਾਨ ਕਦੇ ਵੀ ਸ਼ਬਦ ਉਪਰ ਹਾਵੀ ਨਹੀਂ ਹੋਣੀ ਚਾਹੀਦੀ ਸਗੋਂ ਬੋਲ ਤਾਨ ਦੀ ਕਲਾਤਮਕਤਾ ਸ਼ਬਦ ਦੇ ਭਾਵ ਨੂੰ ਹੋਰ ਰਸਿਕ ਤਰੀਕੇ ਨਾਲ ਸੰਚਰਿਤ ਕਰੇ ਤਾਂ ਹੀ ਇਸ ਦਾ ਪ੍ਰਯੋਗ ਉਚਿਤ ਅਤੇ ਢੁਕਵਾਂ ਹੈ । ਗੁਰਮਤਿ ਸੰਗੀਤ ਵਿਚ ਅਕਾਰਿਕ ਤਾਨ ਅਤੇ ਸਰਗਮ ਤਾਨ ਨੂੰ ਪ੍ਰਮੁਖਤਾ ਨਹੀਂ ਦਿਤੀ ਜਾਂਦੀ ਜਦਕਿ ਸ਼ਾਸਤਰੀ ਸੰਗੀਤ ਵਿਚ ਤਾਨਾਂ ਦਾ ਵਿਵਿਧ ਪਖੀ ਪ੍ਰਯੋਗ ਇਸ ਪਰੰਪਰਾ ਦੀ ਅਮੀਰੀ ਮੰਨਿਆ ਜਾਂਦਾ ਹੈ ਅਤੇ ਕਲਾ ਸਾਧਨਾ ਦਾ ਪ੍ਰਗਟਾਵਾ ਹਰ ਕਲਾਕਾਰ ਦੀ ਉਚਤਾ ਦੇ ਰੂਪ ਵਿਚ ਪ੍ਰਗਟ ਹੁੰਦਾ ਹੈ ।

ਰਾਗ ਭਾਰਤੀ ਸੰਗੀਤ ਦੀ ਮੂਲ ਇਕਾਈ ਹੈ। ਭਾਰਤੀ ਸੰਗੀਤ ਵਿਸ਼ੇਸ਼ ਕਰਕੇ ਸ਼ਾਸਤਰੀ ਸੰਗੀਤ ਦੀ ਸਮੁੱਚੀ ਕਾਰਜ ਵਿਧੀ / ਕਲਾ ਪ੍ਰਦਰਸ਼ਨ ਰਾਗ, ਰਾਗ ਰੂਪ ਤੇ ਰਾਗ ਦੇ ਬਹੁਪੱਖੀ ਪ੍ਰਯੋਗ ਉਤੇ ਹੀ ਆਧਾਰਿਤ ਹੈ। ਇਸ ਲਈ ਰਾਗ ਨੂੰ ਭਾਰਤੀ ਸੰਗੀਤ ਤੇ ਗੁਰਮਤਿ ਸੰਗੀਤ ਦੋਹਾਂ ਵਿਚ ਹੀ ਭਰਪੂਰ ਰੂਪ ਵਿਚ ਪ੍ਰਯੋਗ ਕੀਤਾ ਹੈ। ਰਾਗ ਨੇ ਭਾਰਤੀ ਸੰਗੀਤ ਵਿਚੋਂ ਹੀ ਗੁਰਮਤਿ ਸੰਗੀਤ ਵਿਚ ਪ੍ਰਵੇਸ਼ ਕੀਤਾ ਹੈ ਪਰੰਤੂ ਇਨ੍ਹਾਂ ਦੋਵੇਂ ਪਰੰਪਰਾਵਾਂ ਵਿਚ ਰਾਗ ਦਾ ਪ੍ਰਯੋਗ ਤੇ ਮਹੱਤਵ ਵਖੋ-ਵਖਰਾ ਹੈ। ਰਾਗ ਭਾਰਤੀ ਸੰਗੀਤ ਦਾ ਪ੍ਰਮੁੱਖ ਤੱਤ ਹੈ। ਭਾਰਤੀ ਸੰਗੀਤ ਅਤੇ ਇਸਦੀਆਂ ਵਿਭਿੰਨ ਧਾਰਾਵਾਂ ਵਿਚ ਇਸਦਾ ਕੇਂਦਰਕਾਰੀ ਮਹੱਤਵ ਹੈ। ਜੇਕਰ ਰਾਗ ਨੂੰ ਸ਼ਾਸਤਰੀ ਸੰਗੀਤ ਦੀ ਜਿੰਦ ਜਾਨ ਕਿਹਾ ਜਾਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ । ਇਸਦਾ ਮੂਲ ਗੁਣ ਰੰਜਕਤਾ ਹੈ। ਰੰਜਕਤਾ ਪ੍ਰਦਾਨ ਕਰਨ ਦੇ ਨਾਲ-ਨਾਲ ਇਹ ਆਪਣੇ ਸੁਰਾਤਮਕ ਸਰੂਪ ਦੁਆਰਾ ਬਾਹਰੀ ਇੰਦ੍ਰਿਆਵੀ ਆਕਰਸ਼ਣ ਤੋਂ ਅਲਗ ਕਰਕੇ ਆਨੰਦ ਦੀ ਦਸ਼ਾ ਵੱਲ ਲਿਜਾਂਦਾ ਹੈ ਅਤੇ ਉਸ ਸਮੇਂ ਇਸ ਰਾਗ ਦੇ ਮਾਧਿਅਮ ਦੁਆਰਾ ਗਾਇਨ ਕੀਤਾ ਵਿਸ਼ਾ ਵਸਤੂ, ਸਰੋਤੇ ਦੇ ਅੰਦਰ ਤਕ ਉਤਰਣ ਤੇ ਵੱਸਣ ਦੀ ਸਮਰੱਥਾ ਰਖਦਾ ਹੈ। ਇਸੇ ਤਰਾਂ ਜਦੋਂ ਰਾਗ ਦੁਆਰਾ ਇਲਾਹੀ ਬਾਣੀ ਜਾਂ ਕਿਸੇ ਅਧਿਆਤਮਕ ਕਾਵਿ ਦਾ ਗਾਇਨ ਕੀਤਾ ਜਾਂਦਾ ਹੈ ਤਾਂ ਅਧਿਆਤਮਕ ਬੋਧ ਅਤੇ ਰੱਬੀ ਸਤਿ ਦਾ ਸਹਿਜ ਆਭਾਸ ਹੁੰਦਾ ਹੈ ਕਿਉਂਕਿ ਇਹ ਮਨੁੱਖੀ ਮਨ ਨੂੰ ਆਪਣੇ ਰਾਗਾਤਮਕ ਸੁਮੋਹਨ ਦੁਆਰਾ ਵੱਸ ਕਰਨ ਦੀ ਸਮਰੱਥਾ ਰੱਖਦਾ ਹਨ। ਗੁਰਮਤਿ ਸੰਗੀਤ ਵਿਚ ਰਾਗ ਦਾ ਪ੍ਰਮੁੱਖ ਸਥਾਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਯੋਗ ਕੀਤੇ ਗਏ ਰਾਗਾਂ ਦਾ ਪ੍ਰਯੋਜਨ ਵੀ ਅਧਿਆਤਮਕ ਭਾਵੀ ਹੈ।

– ਧੰਨੁ ਸੁ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਇ ॥  (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 958)

– ਰਾਗਾ ਵਿਚਿ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ ॥ (ਸ੍ਰੀ ਗੁਰੂ ਗ੍ਰੰਥ ਸਾਹਿਬ , ਪੰਨਾ 83)

ਅਜਿਹੇ ਫੁਰਮਾਨ ਬਾਣੀ ਦੇ ਵੱਖ-ਵੱਖ ਰਾਗ ਧਿਆਨਾਂ ਵਿਚ ਅੰਕਿਤ ਕੀਤੇ ਗਏ ਹਨ ਜਿਨ੍ਹਾਂ ਦੇ ਉਦਾਹਰਣ ਰਾਗ ਗੁਜਰੀ, ਧਨਾਸਰੀ, ਬਿਲਾਵਲ, ਸੋਰਠਿ, ਗੋੜੀ ਆਦਿ ਤੋਂ ਪ੍ਰਤੱਖ ਹਨ। ਬਾਣੀ ਦੇ ਇਨ੍ਹਾਂ ਫੁਰਮਾਨਾਂ ਵਿਚ ਸ਼ਾਸਤਰੀ ਸੰਗੀਤ ਦੇ ਪ੍ਰਮੁਖ ਤੱਤ ਰਾਗ ਦਾ ਪ੍ਰਯੋਗ ਕਰਦਿਆਂ ਇਸ ਦੀ ਸਾਰਥਿਕਤਾ ਨੂੰ ਦਰਸਾਉਣ ਲਈ ਇਸ ਦਾ ਅਧਿਆਤਮਕ ਭਾਵੀ ਪ੍ਰਯੋਗ ਸਪਸ਼ਟ ਕੀਤਾ ਹੈ ਕਿ ਸੰਬੰਧਿਤ ਰਾਗ ਤਾਂ ਹੀ ਸੁਰੰਗੜੇ, ਪ੍ਰਮੁਖ, ਸੁਲਖਣੇ, ਧਨਵੰਤੇ ਅਤੇ ਸੁਹਾਵਣੇ ਆਦਿ ਵਿਸ਼ਿਸ਼ਟ ਗੁਣਾਂ ਦੇ ਧਾਰਨੀ ਹੁੰਦੇ ਹਨ ਜੇਕਰ ਇਨ੍ਹਾਂ ਦੇ ਅਲਾਪਣ ਜਾਂ ਗਾਇਨ ਨਾਲ ਮਨ ਵਿਚ ਸੱਚ ਅਤੇ ਸੱਚ ਦਾ ਪਿਆਰ ਉਤਪੰਨ ਹੋਵੇ, ਜਿਸ ਨਾਲ ਆਪਣੇ ਸ਼ਹੁ ਦਾ ਮਿਲਾਪ ਹੋਵੇ, ਆਪਣੇ ਸਚੇ ਗੁਰੂ ਦੀ ਸੇਵਾ ਕਰਨ ਦਾ ਉਤਸ਼ਾਹ ਮਨ ਵਿਚ ਉਤਪੰਨ ਹੋਵੇ ਆਦਿ। ਰਾਗਾਂ ਸੰਬੰਧੀ ਇਨਾਂ ਫੁਰਮਾਣਾਂ ਤੋਂ ਸਪਸ਼ਟ ਹੈ ਕਿ ਗੁਰਮਤਿ ਸੰਗੀਤ ਵਿਚ ਪ੍ਰਯੋਗ ਪ੍ਰਮੁਖ ਤੱਤ ਨੂੰ ਸੰਗੀਤ ਜਾਂ ਸ਼ਾਸਤਰੀ ਸੰਗੀਤ ਵਿਚ ਪ੍ਰਯੋਗ ਕੀਤੇ ਜਾਣ ਵਾਲੇ ਰਾਗ ਦੇ ਵਿਵਿਧ ਪਖੀ ਰੂਪ ਵਿਚ ਨਹੀਂ ਸਵੀਕਾਰਿਆ ਗਿਆ ਸਗੋਂ ਇਸ ਨੂੰ ਬਾਣੀ ਅਤੇ ਗੁਰਮਤਿ ਦੇ ਵਿਸ਼ੇਸ਼ ਉਦੇਸ਼ ਦਾ ਧਾਰਨੀ ਬਣਾਇਆ ਗਿਆ ਹੈ। ਗੁਰਮਤਿ ਸੰਗੀਤ ਵਿਚ ਰਾਗ ਕੇਵਲ ਨਾਮ ਕਰਕੇ ਹੀ ਸ਼ਾਸਤਰੀ ਸੰਗੀਤ ਦੇ ਤੱਤ ਵਜੋਂ ਵਿਦਮਾਨ ਨਹੀਂ ਸਗੋਂ ਇਸਦੇ ਨਾਲ ਇਸ ਦਾ ਰਾਗਾਤਮਕ ਸਰੂਪ ਭਾਵ ਸੁਰ, ਆਰੋਹ-ਅਵਰੋਹ, ਗ੍ਰਹਿ ਸੁਰ, ਅੰਸ਼, ਨਿਆਸ, ਵਾਦੀ, ਸੰਵਾਦੀ ਤੱਤ ਆਦਿ ਵੀ ਸ਼ਾਸਤਰੀ ਸੰਗੀਤ ਦੇ ਵਿਭਿੰਨ ਤੱਤਾਂ ਵਜੋਂ ਉਜਾਗਰ ਹੁੰਦੇ ਹਨ। ਗੁਰਮਤਿ ਸੰਗੀਤ ਵਿਚ ਰਾਗ ਦੇ ਪ੍ਰਯੋਗ ਨੂੰ ਸਮਝਣ ਲਈ ਇਨ੍ਹਾਂ ਤੱਤਾਂ ਦੀ ਵਿਵਹਾਰਕਤਾ ਨੂੰ ਪਹਿਚਾਨਣਾ ਅਨਿਵਾਰਯ ਹੈ । ਰਾਗ ਦੇ ਵੱਖ-ਵੱਖ ਸਰੂਪ ਤੇ ਰਾਗ ਪ੍ਰਕਾਰ, ਮਿਸ਼ਰਤ ਰਾਗ, ਰਾਗ ਅੰਗ ਇਹ ਸਾਰਾ ਰਾਗ ਸੰਸਾਰ ਭਾਰਤੀ ਸ਼ਾਸਤਰੀ ਸੰਗੀਤ ਵਿਚੋਂ ਹੀ ਗੁਰਮਤਿ ਸੰਗੀਤ ਵਿਚ ਪ੍ਰਯੋਗ ਹੋ ਰਿਹਾ ਹੈ। ਗੁਰਮਤਿ ਸੰਗੀਤ ਵਿਚ ਬਾਣੀ ਦੀ ਪ੍ਰਸਤੁਤੀ ਲਈ ਵੱਖ-ਵੱਖ ਕੀਰਤਨ ਗਾਇਨ ਸ਼ੈਲੀਆਂ ਦਾ ਪ੍ਰਯੋਗ ਕੀਤਾ ਗਿਆ ਹੈ। ਇਨ੍ਹਾਂ ਗਾਇਨ ਸ਼ੈਲੀਆਂ ਵਿਚ ਭਾਰਤੀ ਸ਼ਾਸਤਰੀ ਸੰਗੀਤ ਅਤੇ ਲੋਕ ਸੰਗੀਤ ਦਾ ਨਕਸ਼ ਉਜਾਗਰ ਹੁੰਦਾ ਹੈ। ਭਾਰਤੀ ਸ਼ਾਸਤਰੀ ਸੰਗੀਤ ਵਿਚ ਪ੍ਰਬੰਧ, ਧਰੁਪਦ, ਖਿਆਲ, ਠੁਮਰੀ, ਟੱਪਾ ਆਦਿ ਗਾਇਨ ਸ਼ੈਲੀਆਂ ਪ੍ਰਚਾਰ ਵਿਚ ਹਨ ਇਹਨਾਂ ਗਾਇਨ ਸ਼ੈਲੀਆਂ ਦਾ ਮਨੋਰਥ ਆਪਣੇ ਵਿਸ਼ਿਸ਼ਟ ਸਰੂਪ ਅਤੇ ਸ਼ਾਸਤਰੀ ਨਿਯਮਾਂ ਉਪਰ ਆਧਾਰਿਤ ਵਿਲੱਖਣ ਪਹਿਚਾਣ ਦੁਆਰਾ ਕਲਾਤਮਕ ਆਨੰਦ ਸਿਰਜਣਾ ਹੈ। ਇਨ੍ਹਾਂ ਸ਼ੈਲੀਆਂ ਨੂੰ ਗੁਰਮਤਿ ਸੰਗੀਤ ਵਿਚ ਵੀ ਪ੍ਰਯੋਗ ਕੀਤਾ ਗਿਆ ਹੈ। ਅੰਤਰ ਕੇਵਲ ਇਹ ਹੈ ਕਿ ਗੁਰਮਤਿ ਸੰਗੀਤ ਦੇ ਅਨੁਸ਼ਾਸਨ ਅਧੀਨ ਕਲਾਤਮਕ ਆਨੰਦ ਦੀ ਬਜਾਏ ਇਨ੍ਹਾਂ ਦਾ ਪ੍ਰਯੋਜਨ ਅਧਿਆਤਮਕ ਆਨੰਦ ਦੀ ਪ੍ਰਾਪਤੀ ਹੈ। ਇਥੇ ਇਨ੍ਹਾਂ ਸ਼ੈਲੀਆਂ ਨੂੰ ਸੰਗੀਤਕ ਨਾਮ ਦੀ ਬਜਾਏ ਬਾਣੀ ਪ੍ਰਧਾਨ ਹੋਣ ਕਰਕੇ ਕਾਵਿਕ ਨਾਮ ਦਿੱਤਾ ਗਿਆ ਹੈ ਕਿਉਂਜੋ ਬਾਣੀ ਕਾਵਿਕ ਜਾਮੇ ਵਿਚ ਦਰਜ ਹੈ। ਵਿਭਿੰਨ ਕਾਵਿ ਰੂਪ ਭਿੰਨ-ਭਿੰਨ ਸ਼ਾਸਤਰੀ ਅਤੇ ਲੋਕ ਗਾਇਨ ਸ਼ੈਲੀਆਂ ਉਤੇ ਆਧਾਰਿਤ ਹਨ। ਸ਼ਾਸਤਰੀ ਕਾਵਿ ਸਰੂਪ ਸਿੱਧੇ ਤੌਰ ‘ਤੇ ਸ਼ਾਸਤਰੀ ਗਾਇਨ ਸ਼ੈਲੀਆਂ ਨਾਲ ਸਬੰਧ ਰੱਖਦੇ ਹਨ। ਸ਼ਾਸਤਰੀ ਗਾਇਨ ਸ਼ੈਲੀਆਂ ਵਿਚ ਹਰੇਕ ਗਾਇਨ ਸ਼ੈਲੀ ਦਾ ਆਪਣਾ ਰੂਪ ਵਿਧਾਨ ਹੈ।

- Advertisement -

ਗੁਰਮਤਿ ਸੰਗੀਤ ਤੇ ਸ਼ਾਸਤਰੀ ਸੰਗੀਤ ਦੋਹਾਂ ਦੇ ਸੋਹਜਮਈ ਲਕਸ਼ ਵਿਚ ਭਿੰਨਤਾ ਹੈ। ਗੁਰਮਤਿ ਸੰਗੀਤ ਦਾ ਪ੍ਰਯੋਜਨ ਕਿਉਂ ਜੋ ਗੁਰੂ ਸਾਹਿਬਾਨ ਦੀ ਇਲਾਹੀ ਬਾਣੀ ਦੇ ਸੰਦੇਸ਼ ਜਾਂ ਇਲਾਹੀ ਬਾਣੀ ਦੇ ਭਾਵਾਂ ਨੂੰ ਮਨ ਵਿਚ ਵਸਾਉਣਾ ਅਤੇ ਦ੍ਰਿੜਾਉਣਾ ਹੈ। ਇਸ ਕਰਕੇ ਗੁਰਮਤਿ ਸੰਗੀਤ ਦੇ ਮੂਲ ਤਤਾਂ ਦਾ ਸੋਹਜਮਈ ਪ੍ਰਯੋਗ ਦਾ ਇਕੋ-ਇਕ ਆਧਾਰ ਅਤੇ ਪ੍ਰਯੋਗ ਸ਼ਬਦ ਹੈ। ਜਿਸ ਨੂੰ ਸਿੱਖ ਧਰਮ ਵਿਚ ਗੁਰੂ ਦਾ ਦਰਜਾ ਦਿਤਾ ਜਾਂਦਾ ਹੈ।

ਗੁਰਮਤਿ ਸੰਗੀਤ ਪਰੰਪਰਾ ਦਾ ਇਹ ਸੋਹਜਮਈ ਸਹਿਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਕਲਨ ਤੋਂ ਹੀ ਪ੍ਰਤਖ ਹੈ ਜਿਸ ਵਿਚ ਬਾਣੀ ਦਾ ਰਾਗਾਤਮਕ ਵਰਗੀਕਰਨ ਕਰਦਿਆਂ ਰਾਗਾਤਮਕ ਅਤੇ ਗਾਇਨਾਤਮਕ ਧਾਰਾਵਾਂ ਦੇ ਸਨਾਤਨੀ ਅਤੇ ਦੇਸੀ ਦੋਵੇਂ ਰੂਪਾਂ ਦਾ ਪ੍ਰਯੋਗ ਕੀਤਾ ਗਿਆ ਹੈ। ਇਨ੍ਹਾਂ ਵਿਚਲੀ ਕਟੜਤਾ, ਕਰੜਾਈ ਜਾਂ ਆਪ ਮੁਹਾਰੀ ਖੁਲ ਅਤੇ ਲਚਕ ਨੂੰ ਇਕ ਵਿਸ਼ੇਸ਼ ਸੰਗੀਤ ਵਿਧਾਨ ਦੇ ਅੰਕਨ ਦੁਆਰਾ ਨਿਰਦੇਸ਼ਿਤ ਕਰਦਿਆਂ ਮੌਲਿਕ ਸਹਿਜਮਈ ਰੂਪ ਦਿੱਤਾ ਗਿਆ ਹੈ ਜੋ ਮੌਲਿਕ ਤੇ ਨਿਵੇਕਲੇ ਸੌਂਦਰਯ ਦਾ ਧਾਰਨੀ ਹੈ। ਸੁਰ, ਲੈਅ, ਅਲਾਪ, ਤਾਨ ਵਰਗੇ ਮੂਲ ਸੰਗੀਤ ਤੱਤਾਂ ਦੇ ਸੰਦਰਭ ਵਿਚ ਵੇਖੀਏ ਤਾਂ ਗੁਰਮਤਿ ਸੰਗੀਤ ਵਿਚ ਇਨ੍ਹਾਂ ਦਾ ਪ੍ਰਯੋਗ ਸਹਿਜਮਈ ਹੈ ਜਿਸ ਦੁਆਰਾ ਸ਼ਬਦ ਅਤੇ ਸ਼ਬਦ ਦੇ ਭਾਵਾਂ ਦਾ ਰੰਜਕ ਪ੍ਰਗਟਾ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਸਹਿਜਮਈ ਪਹੁੰਚ ਦੁਆਰਾ ਇਨ੍ਹਾਂ ਦਾ ਪ੍ਰਯੋਗ ਹੀ ਗੁਰਮਤਿ ਸੰਗੀਤ ਦਾ ਵਿਸ਼ਿਸ਼ਟ ਸੋਂਦਰਯ ਹੈ। ਰਾਗ ਅਤੇ ਗਾਇਨ ਸ਼ੈਲੀਆਂ ਦੇ ਸੰਦਰਭ ਵਿਚ ਵੀ ਇਹੋ ਸਥਿਤੀ ਪ੍ਰਗਟ ਹੁੰਦੀ ਹੈ। ਸਮੁਚੇ ਤੋਰ ਤੇ ਵਾਚੀਏ ਤਾਂ ਗੁਰਮਤਿ ਸੰਗੀਤ ਦੇ ਆਧਾਰ ਗ੍ਰੰਥ ਦੀ ਬਾਣੀ ਵਿਚ ਵੀ ਕੀਰਤਨ ਅਤੇ ਕੀਰਤਨੀਏ ਸਬੰਧੀ ਵਖ ਵਖ ਫੁਰਮਾਨ ਦਿਤੇ ਗਏ ਹਨ । ਉਨ੍ਹਾਂ ਤੋਂ ਵੀ ਸਪਸ਼ਟ ਹੁੰਦਾ ਹੈ ਕਿ ਇਸ ਕੀਰਤਨ ਪ੍ਰਸਤੁਤੀ ਦਾ ਮੂਲ ਮਨੋਰਥ ਬਾਣੀ ਦਾ ਸਹਿਜਮਈ ਪ੍ਰਗਟਾਅ ਅਤੇ ਸ਼ਬਦ ਦੇ ਮਨ ਵਿਚ ਵਾਸ ਦੁਆਰਾ ਉਸ ਸਤ ਦਾ ਪ੍ਰਕਾਸ਼ ਹੈ। ਗੁਰਮਤਿ ਸੰਗੀਤ ਸ਼ਬਦ ਦੇ ਇਸ ਸੋਹਜ ਨੂੰ ਸ਼ਬਦ ਕੀਰਤਨ ਦੁਆਰਾ ਪ੍ਰਗਟ ਕਰਦਾ ਹੈ ਜਿਸ ਵਿਚ ਸੰਗੀਤ ਦੇ ਮੂਲ ਸੋਂਦਰਯ ਦੀ ਸ਼ਕਤੀ ਨੂੰ ਸ਼ਬਦ ਹਿਤ ਪ੍ਰਯੋਗ ਕੀਤਾ ਗਿਆ ਹੈ।

ਗੁਰਮਤਿ ਸੰਗੀਤ ਦੀ ਤੁਲਨਾ ਵਿਚ ਸ਼ਾਸਤਰੀ ਸੰਗੀਤ ਦੇ ਸੋਂਦਰਯ ਦਾ ਵਿਸ਼ਲੇਸ਼ਣ ਕਰੀਏ ਤਾਂ ਸ਼ਾਸਤਰੀ ਸੰਗੀਤ ਦੇ ਸੋਂਦਰਾਤਮਕ ਆਧਾਰ ਦੇ ਕਲਾਤਮਕ ਪ੍ਰਯੋਜਨ ਦੇ ਧਾਰਨੀ ਹਨ। ਪੇਸ਼ਕਾਰੀ ਦੇ ਪੱਧਰ ਉਪਰ ਵੇਖੀਏ ਤਾਂ ਸ਼ਾਸਤਰੀ ਸੰਗੀਤ ਵਿਚ ਰਾਗ, ਗਾਇਨ ਸ਼ੈਲੀਆਂ ਦਾ ਪ੍ਰਯੋਗ ਉਚੱਤਮ, ਕਲਾਤਮਕ, ਸਿਖਰ, ਭਾਵ ਅਨੰਦ, ਵਿਸਰਜਨ ਜਾਂ ਮਾਨਵੀ ਮਨਾਂ ਦੇ ਸੰਗੀਤਮਈ ਭਾਵ ਵਿਵੇਚਨ ਵਾਸਤੇ ਕੀਤਾ ਜਾਂਦਾ ਹੈ। ਸ਼ਾਸਤਰੀ ਸੰਗੀਤ ਦਾ ਕਲਾਤਮਿਕ ਸੋਹਜ ਇਸ ਪਰੰਪਰਾ ਦੇ ਬਹੁ-ਰੂਪਾਂ ਦੇ ਵਿਭਿੰਨ ਵਿਸਥਾਰਾਂ ਨੂੰ ਜਨਮ ਦਿੰਦਾ ਹੈ। ਇਸ ਵਿਚ ਕਲਾ ਅਤੇ ਕਲਾ ਸਾਧਨਾ ਦੇ ਅਨਿਕ ਪਸਾਰ ਅਤੇ ਪ੍ਰਯੋਗ ਵਿਦਮਾਨ ਹਨ। ਸਮੁਚੇ ਤੋਰ ਤੇ ਗੁਰਮਤਿ ਸੰਗੀਤ ਦਾ ਸੋਹਜ ਇਸ ਦੇ ਸਹਿਜਮਈ ਸ਼ਬਦ ਵਿਚ ਵਿਦਮਾਨ ਹੈ ਅਤੇ ਸ਼ਾਸਤਰੀ ਸੰਗੀਤ ਦਾ ਸੋਹਜ ਸੰਪੂਰਨ ਰੂਪ ਵਿਚ ਇਸ ਦੇ ਕਲਾਮਈ ਪਸਾਰੇ ਦੀ ਵਿਵਿਧਤਾ ਤੇ ਸਿਖਰ ਹੈ। ਸ਼ਾਸਤਰੀ ਸੰਗੀਤ ਦੇ ਨਾਲ ਆਪਸੀ ਅੰਤਰ-ਸੰਬੰਧ ਹੋਣ ਦੇ ਬਾਵਜੂਦ ਗੁਰਮਤਿ ਸੰਗੀਤ ਪਰੰਪਰਾ ਦੀ ਆਪਣੀ ਵੱਖਰੀ ਤੇ ਮੌਲਿਕ ਪਛਾਣ ਹੈ ਜੋ ਸਾਨੂੰ ਗੁਰਮਤਿ ਸੰਗੀਤ ਦੇ ਬਹੁ-ਪੱਖੀ ਅਧਿਐਨ ਲਈ ਹੋਰ ਗੂੜ ਤੇ ਸੂਖਮ ਦ੍ਰਿਸ਼ਟੀ ਨਾਲ ਵਿਚਾਰ ਚਰਚਾ ਕਰਨ ਲਈ ਪ੍ਰੇਰਿਤ ਕਰਦੀ ਹੈ।

*drgnam@yahoo.com

Share this Article
Leave a comment