ਗੁਰਦੁਆਰਾ ਸੱਚਾ ਸੌਦਾ ਸਾਹਿਬ, ਚੂਹੜਕਾਣਾ ਪਾਕਿਸਤਾਨੀ ਪੰਜਾਬ – ਡਾ. ਗੁਰਦੇਵ ਸਿੰਘ

TeamGlobalPunjab
5 Min Read

ਇਤਿਹਾਸਕ ਗੁਰਦੁਆਰਿਆਂ ਦਾ ਲੜੀਵਾਰ ਪਾਵਨ ਇਤਿਹਾਸ -6

ਗੁਰਦੁਆਰਾ ਸੱਚਾ ਸੌਦਾ ਸਾਹਿਬ, ਚੂਹੜਕਾਣਾ ਪਾਕਿਸਤਾਨੀ ਪੰਜਾਬ

ਡਾ. ਗੁਰਦੇਵ ਸਿੰਘ*

 

ਗੁਰਦੁਆਰਿਆਂ ਦੇ ਲੜੀਵਾਰ ਇਤਿਹਾਸ ਵਿੱਚ ਅਸੀਂ ਪਹਿਲੀ ਪਾਤਸ਼ਾਹੀ ਨਾਲ ਸਬੰਧਤ ਹੁਣ ਤਕ ਪੰਜ ਗੁਰਦੁਆਰਾ ਸਾਹਿਬਾਨ ਦੇ ਇਤਿਹਾਸ ਤੋਂ ਜਾਣੂ ਹੋ ਚੁੱਕੇ ਹਾਂ। ਪਿਛਲੀ ਲੜੀ ਵਿੱਚ ਅਸੀਂ ਗੁਰਦੁਆਰਾ ਮਾਲ ਜੀ ਸਾਹਿਬ, ਸ੍ਰੀ ਨਨਕਾਣਾ ਸਾਹਿਬ ਦੇ ਇਤਿਹਾਸ ਨਾਲ ਸਾਂਝ ਪਾਈ ਸੀ। ਗੁਰਦੁਆਰਾ ਮਾਲ ਜੀ ਸਾਹਿਬ ਉਹੀ ਅਸਥਾਨ ਹੈ ਜਿਸ ਨਾਲ ਸੱਪ ਵਲੋਂ ਗੁਰੂ ਸਾਹਿਬ ਨੂੰ ਛਾਂ ਕਰਨ ਦੀ ਸਾਖੀ ਪ੍ਰਚਲਿਤ ਹੈ। ਅੱਜ ਅਸੀਂ ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਗੁਰਦੁਆਰਾ ਸੱਚਾ ਸੌਦਾ ਦੇ ਇਤਿਹਾਸ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ ਜੋ ਕਿ ਪਾਕਿਸਤਾਨ ਵਿੱਚ ਸੁਸ਼ੋਭਿਤ ਹੈ। ਇਸ ਨਾਲ ਵੀ ਇੱਕ ਸਾਖੀ ਬਹੁਤ ਪ੍ਰਚਲਿਤ ਹੈ।

- Advertisement -

ਗੁਰਦਆਰਾ ਸੱਚਾ ਸੌਦਾ

ਮਹਿਤਾ ਕਾਲੂ ਜੀ ਵਲੋਂ ਗੁਰੂ ਨਾਨਕ ਦੇਵ ਜੀ ਨੂੰ ਸੰਸਾਰਿਕ ਕੰਮਾਂ ਵਿੱਚ ਲਾਉਣ ਲਈ ਕਈ ਕਈ ਯਤਨ ਕੀਤੇ ਗਏ ਜਿਵੇਂ ਖੇਤੀ ਦੇ ਕੰਮਾਂ ਵਿੱਚ ਲਾਉਣਾ, ਵਪਾਰ ਕਰਨ ਲਈ ਭੇਜਣਾ ਤੇ ਹੋਰ ਕਈ ਕੰਮ। ਇਸ ਸੰਦਰਭ ਵਿੱਚ ਇੱਕ ਪ੍ਰਚਲਿਤ ਸਾਖੀ ਸਿੱਖਾ ਵਿੱਚ ਆਮ ਪ੍ਰਚਲਿਤ ਹੈ ਜਿਸ ਅਨੁਸਾਰ ਮਹਿਤਾ ਕਾਲੂ ਜੀ ਨੇ 20 ਰੁਪਏ ਦੇ ਗੁਰੂ ਨਾਨਕ ਦੇਵ ਜੀ ਨੂੰ ਖਰਾ ਸੌਦਾ ਕਰਨ ਲਈ ਕਿਹਾ ਗਿਆ। ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਨੂੰ (ਕਈ ਸਾਖੀਕਾਰ ਭਾਈ ਬਾਲੇ ਦਾ ਵੀ ਜ਼ਿਕਰ ਕਰਦੇ ਹਨ) ਨਾਲ ਲੈ ਕੇ ਪਿਤਾ ਦੀ ਇੱਛਾ ਪੂਰਤੀ ਹਿਤ ਘਰੋਂ ਚੱਲ ਪਏ। ਤਲਵੰਡੀ ਤੋਂ ਹਾਲੇ 12 ਕੋਹ ਹੀ ਗਏ ਸੀ ਕਿ ਚੂਹੜਕਾਣਾ ਦੇ ਅਸਥਾਨ ‘ਤੇ ਗੁਰੂ ਜੀ ਨੂੰ ਭੁੱਖੇ ਸਾਧੂ ਮਿਲ ਗਏ। ਗੁਰੂ ਸਾਹਿਬ ਤੋਂ ਉਨ੍ਹਾਂ ਦੀ ਇਹ ਹਾਲਤ ਦੇਖੀ ਨਾ ਗਈ। ਪਿਤਾ ਜੀ ਨੇ 20 ਰੁਪੇ ਖਰਾ  ਸੌਦਾ ਕਰਨ ਲਈ ਦਿੱਤੇ ਸੀ। ਗੁਰੂ ਜੀ ਨੇ ਆਪਣੇ ਸਾਥੀ ਨੂੰ ਕਿਹਾ ਕਿ ਇਸ ਸਮੇਂ ਇਨ੍ਹਾਂ ਭੁੱਖਿਆਂ ਨੂੰ ਪ੍ਰਸ਼ਾਦਾ ਛਕਾਉਂਣ ਤੋਂ ਬਿਨਾ ਹੋਰ ਕਿਹੜਾ ਖਰਾ ਸੌਦਾ ਹੋ ਸਕਦਾ ਹੈ। ਗੁਰੂ ਜੀ ਨੇ ਉਨ੍ਹਾਂ ਪੈਸਿਆਂ ਦਾ ਭੋਜਨ ਉਨ੍ਹਾਂ ਲੋੜਵੰਦ ਭੁੱਖੇ ਸਾਧੂਆਂ ਨੂੰ ਕਰਵਾ ਦਿੱਤਾ। ਜਦੋਂ ਇਸ ਦਾ ਪਤਾ ਪਿਤਾ ਮਹਿਤਾ ਕਾਲੂ ਜੀ ਨੂੰ ਲੱਗਿਆ ਤਾਂ ਉਹ ਬਹੁਤ ਨਰਾਜ ਹੋਏ। ਇੱਥੇ ਤਕ ਵੀ ਕਿਹਾ ਜਾਂਦਾ ਹੈ ਕਿ ਗੁਰੂ ਜੀ ਨੂੰ ਇਸ ਦੇ ਇਵਜ ਵਿੱਚ ਮਾਰ ਵੀ ਪਈ। ਇਸ ਗੱਲ ਦਾ ਜਦੋਂ ਰਾਇ ਬੁਲਾਰ ਨੂੰ ਪਤਾ ਲੱਗਿਆ ਤਾਂ ਉਸ ਨੇ ਮਹਿਤਾ ਕਾਲੂ ਜੀ ਨੂੰ ਸਮਝਾਇਆ ਕਿ ਅਗਾਂਹ ਤੋਂ ਗੁਰੂ ਜੀ ‘ਤੇ ਇਸ ਤਰ੍ਹਾਂ ਨਰਾਜ ਨਾ ਹੋਣ। ਰਾਇ ਬੁਲਾਰ ਨੇ ਮਹਿਤਾ ਕਾਲੂ 20 ਰੁਪਏ ਵੀ ਦਿੱਤੇ। ਜਿਸ ਅਸਥਾਨ ਨਾਲ ਇਹ ਸਾਖੀ ਪ੍ਰਚਲਿਤ ਹੈ ਉਸੇ ਅਸਥਾਨ ‘ਤੇ ਗੁਰਦੁਆਰਾ ਸੱਚਾ ਸੌਦਾ ਸਾਹਿਬ ਸੁਸ਼ੋਭਿਤ ਹੈ।

ਗੁਰਦੁਆਰਾ ਸੱਚਾ ਸੌਦਾ ਸਾਹਿਬ ਚੂਹੜਕਾਣਾ, ਪਾਕਿਸਤਾਨੀ ਪੰਜਾਬ ਦੇ ਸੇਖੂਪੁਰਾ ਜਿਲ੍ਹੇ ਵਿੱਚ ਸਥਿਤ ਹੈ। ਇਸ ਗੁਰਦੁਆਰਾ ਸਾਹਿਬ ਦੀ ਪਾਵਨ ਇਮਾਰਤ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਹੀ ਹੁਕਮਾਂ ਨਾਲ ਬਣਾਈ ਗਈ। ਇਹ ਕਿਲਾ ਨੁਮਾ ਇਮਾਰਤ ਬਹੁਤ ਹੀ ਸੁੰਦਰ ਹੈ। ਇਸ ਗੁਰਦੁਆਰਾ ਸਾਹਿਬ ਦੇ ਨਾਮ ‘ਤੇ 250 ਵੀਘੇ

 ਜ਼ਮੀਨ ਵੀ ਲੱਗੀ ਹੋਈ ਹੈ। ਪਹਿਲਾਂ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਉਦਾਸੀ ਸਾਧਾਂ ਦੇ ਕੋਲ ਸੀ ਪਰ 30 ਦਸਬੰਰ 1920 ਈਸਵੀ ਵਿੱਚ  ਜਥੇਦਾਰ ਕਰਤਾਰ ਸਿੰਘ ਝੱਬਰ ਨੇ ਇਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਲਿਆਂਦਾ। 1947 ਤੋਂ ਬਾਅਦ ਇਹ ਗੁਰਦੁਆਰਾ ਵਕਫ਼ ਬੋਰਡ ਦੇ ਪ੍ਰਬੰਧ ਅਧੀਨ ਚਲਾ ਗਿਆ। ਪਹਿਲਾਂ ਇਸ ਗੁਰਦੁਆਰੇ ਵਿੱਚ ਵਿਸਾਖੀ, ਮਾਘ ਸੁਦੀ 1 ਅਤੇ ਕੱਤਕ ਦੀ ਪੁੰਨਿਆ ਨੂੰ ਮੇਲਾ ਲੱਗਦਾ ਸੀ। 1947 ਤੋਂ 1993 ਤਕ ਇਹ ਇਹ ਅਸਥਾਨ ਬੰਦ ਰਿਹਾ। ਸੰਨ 1993 ਦੀ ਵਿਸਾਖੀ ਤੋਂ ਇਸ ਨੂੰ ਦੇਸ਼ ਵਿਦੇਸ਼ ਦੀ ਦੀਆਂ ਸੰਗਤਾਂ ਲਈ ਖੋਲ ਦਿੱਤਾ ਗਿਆ। ਹੁਣ ਸਾਲ ਵਿੱਚ ਚਾਰ ਵਾਰ ਸ੍ਰੀ ਅਖੰਡ ਪਾਠ ਕਰਵਾਏ ਜਾਂਦੇ ਹਨ।

ਗੁਰਦੁਆਰਿਆਂ ਦੇ ਇਤਿਹਾਸ ਦੀ ਪਾਵਨ ਲੜੀ ਦੇ ਸੱਤਵੇਂ ਭਾਗ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਇੱਕ ਹੋਰ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ। ਇਹ ਜੋ ਜਾਣਕਾਰੀ ਦਿੱਤੀ ਜਾ ਰਹੀ ਹੈ ਇਹ ਸਾਰੀ ਇਤਿਹਾਸਕ ਸਰੋਤਾਂ ਅਤੇ ਪ੍ਰਚਲਿਤ ਸਾਖੀਆਂ ‘ਤੇ ਹੀ ਅਧਾਰਤ ਹੈ । ਸਾਡਾ ਮਕਸਦ ਗੁਰੂਧਾਮਾਂ ਦੇ ਇਤਿਹਾਸ ਤੇ ਉਨ੍ਹਾਂ ਨਾਲ ਸਬੰਧਤ ਜਾਣਕਾਰੀ ਨੂੰ ਵੱਧ ਤੋਂ ਵੱਧ ਸੰਗਤਾਂ ਤਕ ਪਹੁੰਚਾਉਣਾ ਹੈ ਤਾਂ ਜੋ ਭਵਿੱਖ ਵਿੱਚ ਜਦੋਂ ਵੀ ਇਨ੍ਹਾਂ ਗੁਰੂ ਧਾਮਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲੇ ਤਾਂ ਅਸੀਂ ਇਨ੍ਹਾਂ ਬਾਰੇ ਪਹਿਲਾਂ ਤੋਂ ਜਾਣੂ ਹੋਈਏ। ਨਹੀਂ ਤਾਂ ਕਈ ਵਾਰ ਅਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਕੇ ਵੀ ਆ ਜਾਂਦੇ ਹਾਂ ਪਰ ਇਤਿਹਾਸ ਦਾ ਸਾਨੂੰ ਫਿਰ ਵੀ ਪਤਾ ਨਹੀਂ ਹੁੰਦਾ। ਸੋ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਕੋਲ ਇਹ ਜਾਣਕਾਰੀ ਪਹੁੰਚ ਸਕੇ। ਆਪਣੇ ਕੀਮਤੀ ਵਿਚਾਰਾਂ ਨਾਲ ਸਾਡਾ ਮਾਰਗ ਦਰਸ਼ਨ ਜ਼ਰੂਰ ਕਰੋ ਜੀ। ਰਹਿ ਗਈਆਂ ਕਮੀਆਂ ਲਈ ਖਿਮਾ।

- Advertisement -

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ

* gurdevsinghdr@gmail.com

Share this Article
Leave a comment