ਗੁਰਦੁਆਰਾ ਰੂੜੀ ਸਾਹਿਬ, ਜਾਹਮਣ ਜਿਲ੍ਹਾ ਲਾਹੌਰ-ਡਾ. ਗੁਰਦੇਵ ਸਿੰਘ

TeamGlobalPunjab
3 Min Read

ਇਤਿਹਾਸਕ ਗੁਰਦੁਆਰਿਆਂ ਦਾ ਲੜੀਵਾਰ ਪਾਵਨ ਇਤਿਹਾਸ -14

ਗੁਰਦੁਆਰਾ ਰੂੜੀ ਸਾਹਿਬ, ਜਾਹਮਣ ਜਿਲ੍ਹਾ ਲਾਹੌਰ

*ਡਾ. ਗੁਰਦੇਵ ਸਿੰਘ

ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਮੁੱਢਲੇ ਪਾਵਨ ਅਸਥਾਨਾਂ ਨੂੰ ਦੇਖੀਏ ਤਾਂ ਬਹੁਤ ਸਾਰੇ ਅਸਥਾਨ ਪਾਕਿਸਤਾਨ ਵਿੱਚ ਸਥਿਤ ਹਨ। ਅੱਜ ਅਸੀਂ ਗੁਰਦੁਆਰਾ ਸਾਹਿਬ ਦੀ ਇਤਿਹਾਸਕ ਲੜੀ ਵਿੱਚ ਜਿਸ ਗੁਰਦੁਆਰਾ ਸਾਹਿਬ ਦਾ ਜ਼ਿਕਰ ਕਰਨ ਜਾ ਰਹੇ ਹਾਂ ਉਹ ਗੁਰਦੁਆਰਾ  ਵੀ ਪਾਕਿਸਤਾਨ ਦੀ ਧਰਤੀ ‘ਤੇ ਹੀ ਸੁਸ਼ੋਭਿਤ ਹੈ। ਇਸ ਪਾਵਨ ਅਸਥਾਨ ਨੂੰ ਗੁਰਦੁਆਰਾ ਰੂੜੀ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਆਓ ਜਾਣਦੇ ਹਾਂ ਇਸ ਪਾਵਨ ਅਸਥਾਨ ਬਾਰੇ :

ਗੁਰਦੁਆਰਾ ਰੂੜੀ ਸਾਹਿਬ  

ਲਾਹੌਰ ਤੋਂ ਲਗਭਗ 25 ਕਿਲੋਮੀਟਰ ਦੂਰ ਜਾਹਮਣ ਪਿੰਡ ਸਥਿਤ ਹੈ। ਇਸ ਪਿੰਡ ਦੀ ਅਬਾਦੀ ਤੋਂ ਬਾਹਰ ਕੋਈ ਅੱਧਾ ਕਿਲੋਮੀਟਰ ਦੀ ਦੂਰੀ ‘ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਸਥਿਤ ਹੈ। ਇਸ ਨੂੰ ਅਸਥਾਨ ਨੂੰ ਹੀ ਵਰਤਮਾਨ ਸਮੇਂ ਰੂੜੀ ਸਾਹਿਬ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਸ ਅਸਥਾਨ ‘ਤੇ ਪਹਿਲੇ ਪਾਤਸ਼ਾਹ ਤਿੰਨ ਵਾਰ ਆਏ। ਇਸ ਅਸਥਾਨ ਦੇ ਨੇੜੇ ਹੀ ਆਪ ਜੀ ਦੇ ਨਾਨਕੇ ਸੀ ਜੋ ਕਿ ਪਿੰਡ ਡੇਰਾ ਚਾਹਲ ਵਿਖੇ ਸਨ। ਗੁਰਦੁਆਰਾ ਰੂੜੀ ਸਾਹਿਬ ਦੇ ਸਰੋਵਰ ਵਾਲੇ ਅਸਥਾਨ ‘ਤੇ ਪਹਿਲਾਂ ਛਪੜੀ ਹੁੰਦੀ ਸੀ ਫਿਰ ਬਾਅਦ ਵਿੱਚ ਸਰੋਵਰ ਬਣਾਇਆ ਗਿਆ। ਇਸ ਪਿੰਡ ਦਾ ਇੱਕ ਸਿੱਖ ਨਰੀਆ ਸੀ ਜਿਸ ਨੇ ਗੁਰੂ ਦੀ ਕਿਰਪਾ ਨਾਲ ਕਈ ਭਟਕਿਆਂ ਨੂੰ ਮਾਰਗ ਪਾਇਆ।

ਗੁਰਦੁਆਰਾ ਰੂੜੀ ਸਾਹਿਬ ਦੀ ਕਾਰ ਸੇਵਾ ਭਾਈ ਵਧਾਵਾ ਸਿੰਘ ਨੇ ਕਰਵਾਈ ਸੀ ਪਰ ਵਰਤਮਾਨ ਸਮੇਂ ਇਸ ਅਸਥਾਨ ਦੀ ਹਾਲਤ ਸੰਭਾਲ ਵਿਹੂਣੀ ਹੋਣ ਕਰਕੇ ਖਰਾਬ ਹੈ। ਸਰੋਵਰ ਫਿਰ ਤੋਂ ਛਪੜੀ ਦਾ ਰੂਪ ਧਾਰਨ ਕਰ ਚੁਕਿਆ ਹੈ। ਪਹਿਲਾਂ ਇਸ ਅਸਥਾਨ ‘ਤੇ ਵਿਸਾਖੀ ਅਤੇ 20 ਜੇਠ ਨੂੰ ਸੰਗਤਾਂ ਦਾ ਜੋੜ ਮੇਲਾ ਲਗਦਾ ਸੀ ਪਰ ਹੁਣ ਤਾਂ ਇਹ ਅਸਥਾਨ ਦੀ ਹਾਲਤ ਤਰਸਯੋਗ ਬਣ ਚੁੱਕੀ ਹੈ ਜਦੋਂ ਕਿ ਇਸ ਅਸਥਾਨ ਨਾਮ 100 ਵੀਘੇ ਜ਼ਮੀਨ ਵੀ ਹੈ।

ਗੁਰਦੁਆਰਿਆਂ ਦੇ ਇਤਿਹਾਸ ਦੀ ਪਾਵਨ ਲੜੀ ਦੇ 15ਵੇਂ ਭਾਗ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਇੱਕ ਹੋਰ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ। ਉਕਤ ਜਾਣਕਾਰੀ ਦੇ ਪ੍ਰਮੁੱਖ ਸਰੋਤ ਭਾਈ ਕਾਨ੍ਹ ਸਿੰਘ ਨਾਭਾ ਕ੍ਰਿਤ ‘ਮਹਾਨ ਕੋਸ਼’, ਅਤੇ ‘ਪਾਕਿਸਤਾਨ ਵਿੱਚ ਸਿੱਖਾਂ ਦੇ ਇਤਿਹਾਸਕ ਪਵਿੱਤਰ ਅਸਥਾਨ’ ਪੁਸਤਕ ਰਹੀ ਹੈ ਜੋ ਕਿ ਇਕਬਾਲ ਕੈਸਰ ਦੀ ਲਿਖੀ ਹੋਈ ਹੈ। ਸੋ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਕੋਲ ਇਹ ਜਾਣਕਾਰੀ ਪਹੁੰਚ ਸਕੇ। ਆਪਣੇ ਕੀਮਤੀ ਵਿਚਾਰਾਂ ਨਾਲ ਸਾਡਾ ਮਾਰਗ ਦਰਸ਼ਨ ਜ਼ਰੂਰ ਕਰੋ ਜੀ। ਰਹਿ ਗਈਆਂ ਕਮੀਆਂ ਲਈ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ॥

*[email protected]

Share This Article
Leave a Comment