ਗੁਰਦੁਆਰਾ ਪੱਟੀ ਸਾਹਿਬ, ਸ੍ਰੀ ਨਨਕਾਣਾ ਸਾਹਿਬ -ਡਾ. ਗੁਰਦੇਵ ਸਿੰਘ

TeamGlobalPunjab
10 Min Read

ਇਤਿਹਾਸਕ ਗੁਰਦੁਆਰਿਆਂ ਦਾ ਲੜੀਵਾਰ ਪਾਵਨ ਇਤਿਹਾਸ -3

ਗੁਰਦੁਆਰਾ ਪੱਟੀ ਸਾਹਿਬ, ਸ੍ਰੀ ਨਨਕਾਣਾ ਸਾਹਿਬ

-ਡਾ. ਗੁਰਦੇਵ ਸਿੰਘ*

ਸਾਡੇ ਗੁਰੂ ਘਰਾਂ ਦਾ ਆਪਣਾ ਮੌਲਿਕ ਇਤਿਹਾਸ ਹੈ ਜੋ ਸਾਨੂੰ ਉਸ ਕਾਲ ਵਿੱਚ ਲੈ ਜਾਂਦਾ ਹੈ ਜਿਸ ਨਾਲ ਉਹ ਗੁਰੂਘਰ ਸੰਬੰਧਤ ਹੁੰਦੇ ਹਨ। ਸੈਂਕੜੇ ਸਾਲ ਪੁਰਾਣੇ ਇਨ੍ਹਾਂ ਗੁਰੂ ਧਾਮਾਂ ਨੇ ਬਹੁਤ ਸਾਰੀਆਂ ਤਬਦਲੀਆਂ, ਜੰਗਾਂ, ਹਕੂਮਤਾਂ ਆਦਿ ਦੇਖੀਆਂ ਹਨ। ਬਹੁਤ ਸਾਰੇ ਗੁਰੂਦੁਆਰੇ ਸਮੇਂ ਸਮੇਂ ‘ਤੇ ਜ਼ੁਲਮੀ ਹੁਕਮਰਾਨਾਂ ਦੇ ਨਿਸ਼ਾਨੇ ਉੱਤੇ ਵੀ ਰਹੇ ਹਨ।  ਕਾਰਨ ਇਸ ਦਾ ਇਹੀ ਹੈ ਕਿ ਗੁਰਦੁਆਰਾ ਸਾਹਿਬਾਨ ਦੇ ਪਾਵਨ ਅਸਥਾਨ ਸਿੱਖੀ ਜੀਵਨ ਦਾ ਅਟੱਟ ਅੰਗ ਹਨ ਜਿਸ ਨਾਲ ਸਿੱਖਾਂ ਦੀ ਆਸਥਾ ਜੁੜੀ ਹੋਈ ਹੈ। ਹਰ ਸਿੱਖ ਲਈ ਆਪਣੇ ਇਨ੍ਹਾਂ ਗੁਰੂਧਾਮਾਂ ਦੇ ਦਰਸ਼ਨ ਦੀਦਾਰੇ ਕਰਨੇ ਚਾਹੀਦੇ ਹਨ ਪਰ ਇਸ ਦੇ ਨਾਲ -ਨਾਲ ਇਨ੍ਹਾਂ ਪਾਵਨ ਅਸਥਾਨਾਂ ਦੇ ਇਤਿਹਾਸ ਤੋਂ ਵੀ ਜਾਣੂ ਹੋਣਾ ਜ਼ਰੂਰੀ ਹੈ। ਇਸ ਲਈ ਅਸੀਂ ਗੁਰਦੁਆਰਾ ਸਾਹਿਬਾਨ ਦੇ ਇਤਿਹਾਸ ਨਾਲ ਸਬੰਧੀ ਲੜੀ ਪ੍ਰਾਰੰਭ ਕੀਤੀ ਹੈ ਤਾਂ ਜੋ ਹਰ ਸਿੱਖ ਆਪਣੇ ਗੁਰੂ ਘਰਾਂ ਦੇ ਇਤਿਹਾਸ ਤੋਂ ਜਾਣੂ ਹੋ ਸਕੇ।

ਇਤਿਹਾਸਕ ਗੁਰਦੁਆਰਿਆਂ ਦੇ ਲੜੀਵਾਰ ਪਾਵਨ ਇਤਿਹਾਸ ਦੇ ਪਿਛਲੇ ਭਾਗ ਵਿੱਚ ਅਸੀਂ ਪਹਿਲੀ ਪਾਤਸ਼ਾਹੀ ਨਾਲ ਸਬੰਧਤ ਗੁਰਦੁਆਰਾ ਬਾਲ ਲੀਲਾ ਸਾਹਿਬ, ਸ੍ਰੀ ਨਨਕਾਣਾ ਸਾਹਿਬ ਦੇ ਇਤਿਹਾਸ ਨਾਲ ਸਾਂਝ ਪਾਈ ਸੀ। ਪਾਠਕਾਂ ਨੂੰ  ਅਸੀਂ ਦਸਣਾ ਚਾਹੁੰਦੇ ਹਾਂ ਕਿ ਅਸੀਂ ਕੇਵਲ ਇਤਿਹਾਸਕ ਗੁਰਦੁਆਰਿਆਂ ਨੂੰ ਹੀ ਇਸ ਲੜੀ ਵਿਚ ਸ਼ਾਮਿਲ ਕਰ ਰਹੇ ਹਨ। ਸਭ ਤੋਂ ਪਹਿਲਾਂ ਅਸੀਂ ਜਗਤ ਗੁਰੂ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਅਸਥਾਨਾਂ ਦੇ ਇਤਿਹਾਸ ਦੀ ਲੜੀ ਪ੍ਰਾਰੰਭ ਕੀਤੀ ਹੈ। ਇਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨਾਲ ਸੰਬੰਧਤ ਪਾਵਨ ਅਸਥਾਨਾਂ ਦੇ ਇਤਿਹਾਸ ਨੂੰ ਸ਼ੁਰੂ ਕਰਾਂਗੇ। ਅੱਜ ਅਸੀਂ ਇਸ ਲੜੀ ਨੂੰ ਅੱਗੇ ਤੋਰਦੇ ਹੋਏ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਗੁਰਦੁਆਰਾ ਪੱਟੀ ਸਾਹਿਬ ਦੇ ਇਤਿਹਾਸ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ ਜੋ ਕਿ ਨਨਕਾਣਾ ਸਾਹਿਬ ਦੀ ਪਾਵਨ ਧਰਤ ‘ਤੇ ਹੀ ਸੁਸ਼ੋਭਿਤ ਹੈ।

- Advertisement -

ਗੁਰੂ ਨਾਨਕ ਸਾਹਿਬ ਦੇ ਬਚਪਨ ਦੇ ਦਿਨਾਂ ਦੀ ਗਵਾਹ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਦੇ ਚੱਪੇ ਚੱਪੇ ਨੂੰ ਗੁਰੂ ਸਾਹਿਬ ਦੇ ਪਵਿੱਤਰ ਚਰਣਾਂ ਦੀ ਛੋਹ ਪ੍ਰਾਪਤ ਹੈ। ਬਾਲ ਅਵਸਥਾ ਵਿੱਚ ਗੁਰੂ ਸਾਹਿਬ ਨੇ ਇਸ ਪਾਵਨ ਧਰਤੀ ‘ਤੇ ਅਨੇਕ ਚੋਜ ਕੀਤੇ। ਆਪਣੇ ਬਾਲ ਸਖਾਈਆਂ ਨਾਲ ਖੇਡਾਂ ਖੇਡੀਆਂ, ਮੱਝਾਂ ਚਾਰੀਆਂ, ਪਿਤਾ ਦੇ ਗਰਮ ਬੋਲਾਂ ਦਾ ਸਾਹਮਣਾ ਵੀ ਕੀਤਾ, ਭੈਣ ਨਾਨਕੀ ਅਤੇ ਮਾਤਾ ਤ੍ਰਿਪਤਾ ਦੇ ਪਿਆਰ ਨੂੰ ਵੀ ਮਾਣਿਆ ਆਦਿ। ਵਾਕਿਆ ਹੀ ਨਨਕਾਣੇ ਦੀ ਇਹ ਧਰਤੀ ਸੰਸਾਰ ਦੀ ਇੱਕ ਪਾਵਨ ਧਰਤੀ ਹੈ ਜਿਸ ਨੇ ਗੁਰੂ ਨਾਨਕ ਸਾਹਿਬ ਦਾ ਨੰਨ੍ਹੇ ਕਦਮਾਂ ਦਾ ਸੁੱਖ ਵੀ ਮਾਣਿਆ ਤੇ ਗੁਰੂ ਸਾਹਿਬ ਨੂੰ ਜਵਾਨ ਹੁੰਦੇ ਵੀ ਦੇਖਿਆ। ਬਚਪਨ ਦੇ ਇਨ੍ਹਾਂ ਦਿਨਾਂ ਵਿੱਚ ਬਾਲ ਗੁਰੂ ਨਾਨਕ ਨੇ ਮਾਤਾ ਪਿਤਾ ਦੀ ਇੱਛਾ ਅਨੁਸਾਰ ਸੰਸਾਰਿਕ ਵਿਦਿਆ ਵੀ ਇਸੇ ਧਰਤੀ ‘ਤੇ ਪ੍ਰਾਰੰਭ ਕੀਤੀ। ਗੁਰਦੁਆਰਾ ਪੱਟੀ ਸਾਹਿਬ ਇਸ ਦੀ ਗਵਾਹੀ ਅੱਜ ਵੀ ਭਰਦਾ ਹੈ।

ਗੁਰਦੁਆਰਾ ਪੱਟੀ ਸਾਹਿਬ ਗੁਰੂ ਨਾਨਕ ਸਾਹਿਬ ਵਲੋਂ ਕੀਤੀ ਦੁਨੀਆਵੀਂ ਪੜ੍ਹਾਈ ਨਾਲ ਸੰਬੰਧਤ ਹੈ। ਗੁਰੂ ਸਾਹਿਬ ਦੀ ਪੜਾਈ ਨਾਲ ਸੰਬੰਧਤ ਕਈ ਸਾਖੀਆਂ ਪ੍ਰਚਲਿਤ ਹਨ,ਵਲਾਇਤ ਵਾਲੀ ਜਨਮ ਸਾਖੀ  ਵਿੱਚ ਗੁਰੂ ਜੀ ਦੇ ਪਾਂਧੇ ਕੋਲ ਪੜ੍ਹਨ ਦਾ ਜ਼ਿਕਰ ਕੁਝ ਇਸ ਪ੍ਰਕਾਰ ਦਰਜ ਕੀਤਾ ਗਿਆ ਹੈ:             

“ਜਦ ਬਾਬਾ ਬਰਸਾਂ ਸੱਤਾਂ ਕਾ ਹੋਇਆ ਤਬ ਕਾਲੂ ਕਹਿਆ: ‘ਨਾਨਕ ! ਤੂੰ ਪੜ੍ਹ । ਤਬ ਗੁਰੂ ਨਾਨਕ ਕਉ ਪਾਂਧੇ ਪਾਸ ਲੈ ਗਇਆ। ਕਾਲੂ ਕਹਿਆ : ਪਾਂਧੇ ! ਇਸ ਨੂੰ ਪੜਾਹਿ’ ਤਬ ਪਾਂਧੇ ਪੱਟੀ ਲਿਖ ਦਿੱਤੀ, ਅੱਖਰਾਂ ਪੈਂਤੀਸ ਕੀ ਮੁਹਾਰਣੀ, ਤਬ ਗੁਰੂ ਨਾਨਕ ਲਗਾ ਪੜ੍ਹਨ। (…) ਤਬ ਗੁਰੂ  ਨਾਨਕ ਜੀ ਇਕ ਦਿਨ ਪੜ੍ਹਿਆ, ਅਗਲੇ ਦਿਨ ਚੁਪ ਕਰ ਰਹਿਆ। ਜਾਂ ਚੁਪ ਕਰ ਰਹਿਆ ਤਾਂ ਪਾਂਧੇ ਪੁਛਿਆ: ‘ਨਾਨਕ ! ਤੂੰ ਪੜ੍ਹਦਾ ਕਿਉਂ ਨਹੀਂ?’ ਤਬ ਗੁਰੂ ਨਾਨਕ ਕਹਿਆ : ਪਾਂਧਾ !  ਤੂੰ ਕੁਛ ਪੜ੍ਹਿਆ ਹੈਂ ਜੋ ਮੇਰੇ ਤਾਈ ਪੜਾਉਂਦਾ ਹੈ? ਤਬ ਪਾਂਧੇ ਕਹਿਆ ‘ਮੈ ਸਭੋ ਕਿਛ ਪੜ੍ਹਿਆ ਹਾਂ ਜੋ ਕਿਛ ਹੈ, ਬੇਦ ਸਾਸਤ੍ਰ ਪੜ੍ਹਿਆ ਹਾਂ; ਜਮਾਂ ਖ਼ਰਚ, ਰੋਜ਼ ਨਾਵਾਂ , ਖਾਤਾ, ਲੇਖਾ, ਮੈਂ ਸਭ ਕਿਛ ਪੜ੍ਹਿਆ ਹਾਂ।’ ਤਬ ਬਾਬੇ ਕਹਿਆ : ‘ਪਾਂਧਾ ! ਇਨੀਂ ਪੜ੍ਹੇ ਗਲ ਫਾਹੇ ਪਾਉਂਦੇ ਹੈਨ, ਇਹੋ ਜੋ ਪੜ੍ਹਨਾ ਹੈ ਸਭ ਬਾਦ ਹੈ’। ਤਬ ਗੁਰੂ ਨਾਨਕ ਇਕ ਸ਼ਬਦ ਉਠਾਇਆ :-  ‘ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ ॥’ (ਸਿਰੀਰਾਗੁ ਮਹਲੁ ੧ ॥(੧੬))”

(ਡਾ.) ਕ੍ਰਿਪਾਲ ਸਿੰਘ ‘ਜਨਮ ਸਾਖੀ ਪਰੰਪਰਾ’ ਪੁਸਤਕ  ਵਿੱਚ ਵੱਖ-ਵੱਖ ਜਨਮ ਸਾਖੀਆਂ ਦੇ ਹਵਾਲਿਆਂ ਨਾਲ ਗੁਰੂ ਨਾਨਕ ਸਾਹਿਬ ਦੀ ਪੜ੍ਹਾਈ ਸੰਬੰਧੀ ਇਸ ਤਰ੍ਹਾਂ ਲਿਖਦੇ ਹਨ: “ਜਦੋਂ ਨਾਨਕ ਜੀ ਸੱਤ ਵਰ੍ਹੇ ਦੇ ਹੋਏ ਤਾਂ ਉਨ੍ਹਾਂ ਦੇ ਪਿਤਾ ਨੇ ਸ਼ੁਭ ਦਿਨ ਵੇਖ ਕੇ ਪਾਂਧੇ ਪਾਸ ਪੜ੍ਹਨੇ ਪਾਇਆ। ਪਾਂਧੇ ਨੇ ਲੰਡਿਆਂ ਦੀ ਪੱਟੀ, ਜਿਸ ਨੂੰ ਉਸ ਸਮੇਂ ਸਿਧੋਙਾਇਆ ਕਹਿੰਦੇ ਸਨ, ਲਿੱਖ ਦਿਤੀ। ਕੁਝ ਵਰੇ ਇਸ ਤਰ੍ਹਾਂ ਪੜ੍ਹਾਈ ਕੀਤੀ ਤੇ ਬਾਲਕ ਨਾਨਕ ਨੇ ਪਾਂਧੇ ਨੂੰ ਬਹੁਤ ਪ੍ਰਭਾਵਤ ਕੀਤਾ। ਥੋੜੇ ਸਮੇਂ ਹੀ ਪੜ੍ਹਾਈ ਤੇ ਲਿਖਾਈ ਦਾ ਕੰਮ ਕਰ ਲਿਆ ਅਤੇ ਹਿੰਦੂ ਧਰਮ ਦੀ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕਰ ਲਈ ਜਿਸ ਦਾ ਸਾਨੂੰ ਉਨ੍ਹਾਂ ਦੀ ਆਪਣੀ ਰਚਨਾ ਵਿੱਚ ਦਿੱਤੇ ਸੰਕੇਤਾਂ ਤੋਂ ਪਤਾ ਲੱਗਦਾ ਹੈ। ਇਸ ਤੋਂ ਪਿੱਛੋ ਮਹਿਤਾ ਕਾਲੂ ਨੇ ਆਪਣੇ ਪੁੱਤਰ ਨੂੰ ਫਾਰਸੀ ਪੜ੍ਹਾਉਂਣ ਦਾ ਵਿਚਾਰ ਕੀਤਾ…”

ਸੋ ਇਤਿਹਾਸਕ ਹਵਾਲਿਆਂ ਅਤੇ ਪ੍ਰਚਲਿਤ ਸਾਖੀਆਂ ਅਨੁਸਾਰ ਪੰਜ/ਸੱਤ ਸਾਲ ਦੀ ਉਮਰੇ ਬਾਲ ਗੁਰੂ ਨਾਨਕ ਦੇਵ ਨੂੰ ਪਿਤਾ ਮਹਿਤਾ ਕਾਲੂ ਨੇ ਗੋਪਾਲ ਨਾਮੀ ਪਾਂਧੇ ਕੋਲ ਵਿਦਿਆ ਲਈ ਪੜ੍ਹਨੇ ਲਾਇਆ। ਪਾਂਧੇ ਨੇ ਪਹਿਲੇ ਦਿਨ ਚਾਰ ਅੱਖਰ ਪੱਟੀ (ਫੱਟੀ) ਉੱਤੇ ਲਿਖ ਕੇ ਦਿੱਤੇ। ਬਾਲ ਗੁਰੂ ਨਾਨਕ ਨੇ ਉਹ ਅੱਖਰ ਪੜ੍ਹ ਲਏ। ਦੂਜੇ  ਦਿਨ ਇਕ ਤੋ ਦਸ ਤਕ ਅੱਖਰ ਲਿਖਣ ਦੀ ਜਾਚ ਸਿਖਾਈ ਤਾਂ ਬਾਲ ਨਾਨਕ ਨੇ ਉਹ ਵੀ ਸਿਖ ਲਏ। ਤੀਜੇ ਦਿਨ ਅੱਖਰ ਜੋੜ ਸਮਝਾਏ ਤਾਂ ਉਸੇ ਵੇਲੇ ਗੁਰੂ ਜੀ ਨੇ ‘ਸੋ’ ਤੇ ‘ਇ’ ਲਾਕੇ ‘ਸੋਇ’ ਸ਼ਬਦ ਲਿਖ ਦਿੱਤਾ। ਪਾਂਧਾ ਪੁੱਛਣ ਲੱਗਾ ਕਿ ਇਹ ਕੀ ਲਿਖਿਆ ਹੈ ਤਾਂ ਬਾਲ ਨਾਨਕ ਨੇ ਉੱਤਰ ਦਿੱਤਾ ‘ਸੋਇ’ ਜਿਸ ਨੇ ਸਾਨੂੰ ਬਣਾਇਆ ਹੈ। ਪਾਂਧਾ ਹੈਰਾਨ ਸੀ। ਇਕ ਦਿਨ ਪਾਂਧੇ ਨੇ ਬਾਲ ਗੁਰੂ ਨਾਨਕ ਨੂੰ ਕਿਹਾ, ” ਨਾਨਕ ਜੀ ! ਪ੍ਰਭੂ ਭਗਤੀ ਵੀ ਜ਼ਰੂਰੀ ਹੈ ਪਰ ਇਸ ਸੰਸਾਰ ਵਿਚ ਸੁਖੀ ਜੀਵਨ ਬਤੀਤ ਕਰਨ ਲਈ ਦੁਨਿਆਵੀਂ ਵਿਦਿਆ ਵੀ ਜ਼ਰੂਰੀ ਹੈ।  ਬਾਬੇ ਨਾਨਕ ਨੇ ਕਿਹਾ ਠੀਕ ਹੈ ਕਿ ਇਸ ਦੁਨੀਆਂ ਵਿਚ ਦੁਨੀਆਦਾਰ ਬਣਨ ਵਾਸਤੇ ਪੜ੍ਹਾਈ ਜ਼ਰੂਰੀ ਹੈ ਪਰ ਸਾਡੇ ਪਰਲੋਕ ਦਾ ਕੀ ਬਣੇਗਾ ? ਉਥੇ ਜਾ ਕੇ ਵੀ ਤਾਂ ਲੇਖਾ ਦੇਣਾ ਪੈਣਾ ਹੈ। ਇਸ ਲਈ ਜਦ ਤਕ ਅਸੀਂ ਪ੍ਰਭੂ ਦੇ ਨਾਮ ਦਾ ਸਿਮਰਨ ਨਹੀਂ ਕਰਦੇ, ਉਸ ਦੇ ਹੁਕਮ ਅਨੁਸਾਰ ਨਹੀਂ ਚਲਦੇ ਤਦ ਤਕ ਅਸੀਂ ਲੋਕ ਪਰਲੋਕ ਵਿਚ ਖ਼ੁਸ਼ ਨਹੀਂ ਹੋ ਸਕਦੇ। ਗੁਰੂ ਸਾਹਿਬ ਜੀ ਨੇ ਪਾਂਧੇ ਨੂੰ ਲੋਕ ਪਰਲੋਕ ਦੀ ਸੋਝੀ ਕਰਵਾਈ ਤੇ ਨਾਮ ਸਿਮਰਨ ਦਾ ਉਪਦੇਸ ਦਿੱਤਾ। ਇਸ ਲਈ ਕਈ ਸਿੱਖ ਸੰਗਤਾਂ ਇਹ ਵੀ ਆਖ ਦਿੰਦੀਆਂ ਹਨ ਕਿ ਗੁਰੂ ਜੀ ਨੇ ਪਾਂਧੇ ਨੂੰ ਪੜ੍ਹਨੇ ਪਾ ਦਿੱਤਾ। ਇਸੇ ਅਸਥਾਨ ‘ਤੇ ਗੁਰਦੁਆਰਾ ਪੱਟੀ ਸਾਹਿਬ ਸੁਸ਼ੋਭਿਤ ਹੈ।

- Advertisement -

ਇੱਥੇ ਇਹ ਦਸਣਾ ਜ਼ਰੂਰੀ ਹੈ ਕਿ ਸਾਖੀ ਸੰਸਾਰ ਵਿੱਚ ਸਾਖੀਕਾਰ ਨੇ ਬਹੁਤ ਕੁਝ ਸ਼ਰਧਾ ਭਾਵਨਾ ਦੇ ਵੇਗ ਵਿੱਚ ਵਹਿ ਕੇ ਲਿਖਿਆ ਹੁੰਦਾ ਹੈ ਤਾਂ ਜੋ ਮਹਾਨ ਸ਼ਖਸ਼ੀਅਤ ਦੀ ਮਹਾਨਤਾ ਨੂੰ ਉਭਾਰਿਆ ਜਾ ਸਕੇ। ਨਿਰਸੰਦੇਹ ਗੁਰੂ ਜੀ ਬਾਲ ਅਵਸਥਾ ਤੋਂ ਹੀ ਰੋਸ਼ਨ ਦਿਮਾਗ ਦੇ ਮਾਲਕ ਸਨ। ਉਨ੍ਹਾਂ ਲਈ ਪਾਂਧੇ ਨੂੰ ਸਿੱਖਿਆ ਦੇਣਾ ਕੋਈ ਔਖੀ ਗੱਲ ਨਹੀਂ। ਉਹ ਤਾਂ ਅਕਾਲ ਰੂਪ ਸੀ ਉਨ੍ਹਾਂ ਦੀ ਮਹਾਨ ਸਖ਼ਸ਼ੀਅਤ ਨੂੰ ਸ਼ਬਦੀਜਾਮਾ ਪਹਿਨਾਉਣਾ ਕਠਿਨ ਹੈ ਪਰ ਗੁਰੂ ਜੀ ਨੇ ਪਾਂਧੇ ਕੋਲੋਂ ਆਪਣੀ ਮੁਢਲੀ ਪੜ੍ਹਾਈ ਹਾਸਲ ਕਰਕੇ ਪਿਛੋਂ ਪੰਡਿਤ ਬ੍ਰਿਜ ਲਾਲ ਕੋਲੋਂ ਸੰਸਕ੍ਰਿਤ ਅਤੇ ਮੁੱਲਾਂ ਕੁਤਬਦੀਨ ਪਾਸੋਂ ਫਾਰਸੀ ਦੀ ਤਾਲੀਮ ਹਾਸਿਲ ਵੀ ਕੀਤੀ ਜਿਸ ਦੇ ਹਵਾਲੇ ਆਮ ਹੀ ਮਿਲਦੇ ਹਨ ਪਰ ਇਲਾਹੀ ਗਿਆਨ ਤਾਂ ਉਹ ਧੁਰੋਂ ਪੜ੍ਹ ਕੇ ਆਏ ਸਨ। ਗੁਰੂ ਜੀ ਦੀ ਤੀਖਣ ਬੁੱਧੀ, ਆਤਮਿਕ ਗਿਆਨ ਅਤੇ ਰੋਸ਼ਨ ਦਿਮਾਗ ਦੇ ਅੱਗੇ ਵਾਰੀ ਵਾਰੀ ਇਨ੍ਹਾਂ ਸੰਸਾਰਿਕ ਉਸਤਾਦਾਂ ਨੇ ਸੀਸ ਨਿਵਾਇਆ।  ਜਨਮ ਸਾਖੀਆ ਤੇਪਾਕਿਸਤਾਨ ਵਿੱਚ ਸਿੱਖਾਂ ਦੇ ਇਤਿਹਾਸਿਕ ਪਵਿੱਤਰ ਅਸਥਾਨ ਪੁਸਤਕ ਦੇ ਹਵਾਲੇ ਨਾਲ ਗੁਰੂ ਜੀ ਨੇ ਪਾਂਧੇ ਦੇ ਸ਼ੰਕੇ ਦੂਰ ਕਰਨ ਲਈ ਆਸ ਰਾਗ ਵਿੱਚ ਪਟੀ ਨਾਮਕ ਬਾਣੀ ਇਥੇ ਹੀ ਉਚਾਰਨ ਕੀਤੀ :

ਸਸੈ ਸੋਇ ਸ੍ਰਿਸਟਿ ਜਿਨਿ ਸਾਜੀ ਸਭਨਾ ਸਾਹਿਬੁ ਏਕੁ ਭਇਆ॥

ਸੇਵਤ ਰਹੇ ਚਿਤੁ ਜਿਨੑ ਕਾ ਲਾਗਾ ਆਇਆ ਤਿਨੑ ਕਾ ਸਫਲੁ ਭਇਆ ॥੧॥(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੪੩੨)

ਸੋ ਗੁਰਦੁਆਰਾ ਪੱਟੀ ਸਾਹਿਬ ਗੁਰੂ ਜੀ ਦੀ ਮੁੱਢਲੀ ਪੜ੍ਹਾਈ ਦੇ ਇਤਿਹਾਸ ਨਾਲ ਸੰਬੰਧਤ ਹੈ ਜਿਥੇ ਗੁਰੂ ਜੀ ਨੇ ਬਾਲ ਅਵਸਥਾ ਵਿੱਚ ਜਿੱਥੇ ਪਾਂਧੇ ਕੋਲੋਂ ਦੁਨਿਆਵੀਂ ਸਿੱਖਿਆ ਗ੍ਰਹਿਣ ਕੀਤੀ ਉਥੇ ਉਸ ਨੂੰ ਸੱਚੇ ਘਰ ਦਾ ਵੀ ਉਪਦੇਸ਼ ਦਿੱਤਾ। ਵਰਤਮਾਨ ਸਮੇਂ ਇਸ ਅਸਥਾਨ ‘ਤੇ ਇੱਕ ਸੁੰਦਰ ਗੁਰਦੁਆਰਾ ਸੁਸ਼ੋਭਿਤ ਹੈ।

ਗੁਰਦੁਆਰਿਆਂ ਦੇ ਇਤਿਹਾਸ ਦੀ ਪਾਵਨ ਲੜੀ ਦੇ ਚੌਥੇ ਭਾਗ ਵਿੱਚ ਅਸੀਂ ਗੁਰਦੁਆਰਾ ਕਿਆਰਾ ਸਾਹਿਬ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ। ਆਸ ਕਰਦੇ ਹਾਂ ਕਿ ਆਪ ਜੀ ਨੂੰ ਸਾਡੀ ਇਹ ਕੋਸ਼ਿਸ਼ ਚੰਗੀ ਲੱਗੀ ਹੋਵੇਗੀ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਕੋਲ ਇਹ ਜਾਣਕਾਰੀ ਪਹੁੰਚ ਸਕੇ। ਆਸ ਕਰਦੇ ਹਾਂ ਕਿ ਤੁਸੀਂ ਆਪਣੇ ਕੀਮਤੀ ਵਿਚਾਰਾਂ ਨਾਲ ਸਾਡਾ ਮਾਰਗ ਦਰਸ਼ਨ ਜ਼ਰੂਰ ਕਰੋਗੇ। ਰਹਿ ਗਈਆਂ ਕਮੀਆਂ ਲਈ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥

* gurdevsinghdr@gmail.com

Share this Article
Leave a comment