ਗੁਰਦੁਆਰਾ ਨਾਨਕਸਰ ਹੜੱਪਾ ਪਾਕਿਸਤਾਨ … ਡਾ. ਗੁਰਦੇਵ ਸਿੰਘ

TeamGlobalPunjab
3 Min Read

ਇਤਿਹਾਸਕ ਗੁਰਦੁਆਰਿਆਂ ਦਾ ਲੜੀਵਾਰ ਪਾਵਨ ਇਤਿਹਾਸ -26

ਗੁਰਦੁਆਰਾ ਨਾਨਕਸਰ ਹੜੱਪਾ, ਪਾਕਿਸਤਾਨ

*ਡਾ. ਗੁਰਦੇਵ ਸਿੰਘ

ਸਾਹਿਬ ਸ੍ਰੀ੍ ਗੁਰੂ ਨਾਨਕ ਸਾਹਿਬ ਨੇ ਲੋਕਾਈ ਨੂੰ ਤਾਰਣ ਲਈ ਦੇਸ਼ ਭ੍ਰਵਣ ਕੀਤਾ। ਗੁਰੂ ਸਾਹਿਬ ਜਿੱਥੇ-ਜਿੱਥੇ ਵੀ ਗਏ ਉਥੇ ਗੁਰੁ ਸਾਹਿਬ ਦੇ ਸਿੱਖ ਸੇਵਕਾਂ ਨੇ ਗੁਰੂ ਸਾਹਿਬ ਦੀ ਯਾਦ ਨੂੰ ਹਿਰਦਿਆਂ ਵਿੱਚ ਵਸਾਉਣ ਹਿਤ ਪਾਵਨ ਯਾਦਗਾਰਾਂ ਸਥਾਪਿਤ ਕੀਤੀਆਂ ਹਨ। ਗੁਰਦੁਆਰਾ ਨਾਨਕਸਰ ਹੜੱਪਾ ਵੀ ਗੁਰੂ ਨਾਨਕ ਸਾਹਿਬ ਦੇ ਨਾਲ ਸੰਬੰਧਤ ਹੈ। ਇਤਿਹਾਸਕ ਗੁਰਦੁਆਰਿਆਂ ਦੇ ਲੜੀਵਾਰ ਇਤਿਹਾਸ ਵਿੱਚ ਅੱਜ ਅਸੀਂ ਗੁਰਦੁਆਰਾ ਨਾਨਕਸਰ ਹੜੱਪਾ ਬਾਰੇ ਜਾਣਗੇ। ਇਹ ਗੁਰਦੁਆਰਾ ਪਾਕਿਸਤਾਨ ਵਿੱਚ ਸਥਿਤ ਹੈ।

ਹੜੱਪਾ ਸ਼ਹਿਰ ਵਿੱਚ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਬਹੁਤ ਸੁੰਦਰ ਗੁਰਦੁਆਰਾ ਸੁਸ਼ੋਭਿਤ ਹੈ। ਹੜੱਪਾ ਜਿਲਾ ਸਾਹੀਵਾਲ (ਮਿੰਟਗੁਮਰੀ) ਸ਼ਹਿਰ ਬਹੁਤ ਪੁਰਾਣਾ ਹੈ । ਇਹ ਸ਼ਹਿਰ ਹਜਰਤ ਈਸਾ ਤੋਂ ਵੀ ਕਈ ਹਜਾਰ ਸਾਲ ਪਹਿਲਾਂ ਤੋ ਹੀ ਅਬਾਦ ਸੀ। ਕਿਸੇ ਕੁਦਰਤੀ ਪ੍ਰਵਰਤਨ ਜਾਂ ਕਿਸੇ ਬਾਹਰੀ ਹਮਲਿਆਂ ਕਾਰਨ ਬਰਬਾਦ ਹੋ ਗਿਆ ਅਤੇ ਥੇਹ ਦਾ ਰੂਪ ਧਾਰਨ ਕਰ ਗਿਆ। ਖੁਦਾਈ ਦੌਰਾਨ ਇਥੋਂ ਸੋਨੇ ਚਾਂਦੀ ਸਮੇਤ ਅਨੇਕ ਵਸਤਾਂ, ਲਿਖਤੀ ਮੁਹਰਾਂ ਵੀ ਮਿਲੀਆਂ ਹਨ, ਜੋ ਅਜੇ ਤਕ ਪੜ੍ਹੀਆਂ ਨਹੀਂ ਜਾ ਸਕੀਆਂ। ਇਸ ਤੋਂ ਸਿੱਧ ਹੁੰਦਾ ਹੈ ਕਿ ਇਹ ਸ਼ਹਿਰ ਹਜਾਰਾਂ ਵਰ੍ਹੇ ਪਹਿਲਾਂ ਇਸ ਧਰਤੀ ‘ਤੇ ਆਬਾਦ ਸੀ ਅਤੇ ਇਥੇ ਦੇ ਵਸਨੀਕ ਲਿਖਣਾ ਪੜ੍ਹਨਾ ਜਾਣਦੇ ਸਨ। ਇਸ ਥੇਹ ਤੋਂ ਦੱਖਣ ਵੱਲ ਕੋਈ ਸਵਾ ਕਿਲੋਮੀਟਰ ਦੀ ਵਿੱਥ ਉਤੇ  ਹੀ ਰੁੱਖਾਂ ਦੇ ਸੰਘਣੇ ਝੁੰਡ ਅੰਦਰ ਸਤਿਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਅਸਥਾਨ ”ਨਾਨਕਸਰ” ਸਥਿਤ ਹੈ। ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਸੁੰਦਰ ਅਤੇ ਆਲੀਸ਼ਾਨ ਹੈ। ਗੁਰਦੁਆਰਾ ਸਾਹਿਬ ਦੇ ਨੇੜੇ ਹੀ ਇਕ ਵਿਸ਼ਾਲ ਸਰੋਵਰ ਹੈ। ਵਰਤਮਾਨ ਸਮੇਂ ਇਹ ਪਾਵਨ ਅਸਥਾਨ ਗੌਰਮਿੰਟ ਕਾਲਜ ਹੜੱਪਾ ਦੀ ਇਮਾਰਤ ਕਰਕੇ ਜਾਣਿਆ ਜਾਂਦਾ ਹੈ। ਇਹ ਬੜਾ ਜ਼ਰੂਰੀ ਬਣ ਜਾਂਦਾ ਹੈ ਕਿ ਸਿੱਖਾਂ ਨੂੰ ਆਪਣੇ ਇਤਿਹਾਸ ਨੂੰ ਜਿੱਥੇ ਵਾਚਣਾ ਚਾਹੀਦਾ ਹੈ ਉਥੇ ਆਪਣੀਆ ਇਤਿਹਾਸਕ ਧਰੋਹਰਾਂ ਨੂੰ ਸਾਂਭਣਾ ਚਾਹੀਦਾ ਹੈ।

- Advertisement -

ਗੁਰਦੁਆਰਿਆਂ ਦੇ ਇਤਿਹਾਸ ਦੀ ਪਾਵਨ ਲੜੀ ਦੇ 27ਵੇਂ ਭਾਗ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਇੱਕ ਹੋਰ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ। ਸੋ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਕੋਲ ਇਹ ਜਾਣਕਾਰੀ ਪਹੁੰਚ ਸਕੇ। ਇਤਿਹਾਸਕ ਗੁਰਦੁਆਰਿਆਂ ਦੇ ਪਾਵਨ ਇਤਿਹਾਸ ਦੀ ਇਸ ਲੜੀ ਦਾ ਅਧਾਰ ਭਾਈ ਕਾਨ੍ਹ ਸਿੰਘ ਨਾਭਾ ਕ੍ਰਿਤ ‘ਮਹਾਨ ਕੋਸ਼’, ਅਤੇ ‘ਪਾਕਿਸਤਾਨ ਵਿੱਚ ਸਿੱਖਾਂ ਦੇ ਇਤਿਹਾਸਕ ਪਵਿੱਤਰ ਅਸਥਾਨ’ ਆਦਿ ਸਰੋਤ ਹਨ। ਆਪਣੇ ਕੀਮਤੀ ਵਿਚਾਰਾਂ ਨਾਲ ਆਪਣਾ ਯੋਗਦਾਨ ਜ਼ਰੂਰ ਪਾਓ ਜੀ। ਰਹਿ ਗਈਆਂ ਕਮੀਆਂ ਲਈ ਖਿਮਾ। 

*gurdevsinghdr@gmail.com

Share this Article
Leave a comment