ਗੁਰਦੁਆਰਾ ਭਾਈ ਲਾਲੋ ਦੀ ਖੂਹੀ, ਐਮਨਾਬਾਦ ਗੁਜਰਾਂਵਾਲਾ ਪਾਕਿਸਤਾਨ – ਡਾ. ਗੁਰਦੇਵ ਸਿੰਘ

TeamGlobalPunjab
4 Min Read

ਇਤਿਹਾਸਕ ਗੁਰਦੁਆਰਿਆਂ ਦਾ ਲੜੀਵਾਰ ਪਾਵਨ ਇਤਿਹਾਸ -11

ਗੁਰਦੁਆਰਾ ਭਾਈ ਲਾਲੋ ਦੀ ਖੂਹੀ, ਐਮਨਾਬਾਦ ਗੁਜਰਾਂਵਾਲਾ

-ਡਾ. ਗੁਰਦੇਵ ਸਿੰਘ*

ਗੁਰਦੁਆਰਿਆਂ ਦੇ ਲੜੀਵਾਰ ਇਤਿਹਾਸ ਦੀ ਪਿਛਲੀ ਲੜੀ ਵਿੱਚ ਅਸੀਂ ਗੁਰਦੁਆਰਾ ‘ਚੱਕੀ ਸਾਹਿਬ’ ਦੇ ਇਤਿਹਾਸ ਨਾਲ ਸਾਂਝ ਪਾਈ ਸੀ। ਅੱਜ ਅਸੀਂ ਗੁਰਦੁਆਰਾ ਭਾਈ ਲਾਲੋ ਦੀ ਖੂਹੀ ਦੇ ਇਤਿਹਾਸ ਨੂੰ ਜਾਨਣ ਦਾ ਯਤਨ ਕਰਾਂਗੇ ਜੋ ਕਿ ਪਾਕਿਸਤਾਨ ਦੇ ਗੁਜਰਾਂਵਾਲਾ ਵਿੱਚ ਹੀ ਸੁਸ਼ੋਭਿਤ ਹੈ।

ਗੁਰਦਆਰਾ ਭਾਈ ਲਾਲੋ ਦੀ ਖੂਹੀ

      ਗੁਰੁਦਆਰਾ ਭਾਈ ਲਾਲੋ ਦੀ ਖੂਹੀ ਜੋ ਅੱਜ ਕੱਲ ਪਕਿਸਤਾਨ ਦੇ ਐਮਨਾਬਾਦ ਗੁਜਰਾਂਵਾਲਾ ਵਿੱਚ ਸਥਿਤ ਹੈ। ਇਸ ਗੁਰਦੁਆਰਾ ਸਾਹਿਬ ਨਾਲ ਪ੍ਰਚਲਿਤ ਸਾਖੀ ਇਸ ਪ੍ਰਕਾਰ ਹੈ: ਭਾਈ ਲਾਲੋ ਸੈਦਪੁਰ ਐਮਨਾਬਾਦ ਦਾ ਇੱਕ ਕਿਰਤੀ ਸਿੱਖ ਸੀ ਜੋ ਕਿ ਤਰਖਾਣਾ ਕਿਰਤ ਕਰਦਾ ਸੀ। ਉਸ ਦੀ ਇਮਾਨਦਾਰੀ ਦੀ ਦੂਰ ਦੂਰ ਤਕ ਚਰਚਾ ਸੀ। ਗੁਰੂ ਨਾਨਕ ਪਾਤਸ਼ਾਹ ਜਦੋਂ ਸੈਦਪੁਰ ਅਉਂਦੇ ਸਨ ਸਨ ਤਾਂ ਆਪਣੇ ਇਸ ਕਿਰਤੀ ਸਿੱਖ ਦੇ ਘਰ ਹੀ ਠਹਿਰਦੇ ਸਨ।

- Advertisement -

          ਐਮਨਾਬਾਦ ਦਾ ਇੱਕ ਨਾਮੀ ਅਮੀਰ ਬੰਦਾ ਮਲਿਕ ਭਾਗੋ ਮੌਕੇ ਦੇ ਹਾਕਮ ਦਾ ਅਹਿਲਕਾਰ ਸੀ। ਉਸ ਨੇ ਇੱਕ ਵਾਰ ਆਪਣੇ ਘਰ ਬ੍ਰਹਮਭੋਜ ਕੀਤਾ ਜਿਸ ਵਿੱਚ ਉਸ ਨੇ ਗੁਰੂ ਸਾਹਿਬ ਨੂੰ ਵੀ ਸਦਾ ਦਿੱਤਾ ਪਰ ਗੁਰੂ ਸਾਹਿਬ ਨੇ ਉਸ ਦਾ ਸੱਦਾ ਅਸਵਿਕਾਰ ਕਰ ਦਿੱਤਾ। ਉਸ ਨੂੰ ਗੁਰੂ ਸਾਹਿਬ ‘ਤੇ ਗੁੱਸਾ ਆ ਗਿਆ ਤੇ ਉਸ ਨੇ ਗੁਰੂ ਸਾਹਿਬ ਨੂੰ ਤਲਬ ਕਰ ਲਿਆ। ਗੁਰੂ ਨਾਨਕ ਪਾਤਸ਼ਾਹ ਨੇ ਭਰੇ ਦਰਬਾਰ ਵਿੱਚ ਉਸ ਦੇ ਬ੍ਰਹਮਭੋਜ ਦੀ ਰੋਟੀ ਨੂੰ ਇੱਕ ਹੱਥ ਵਿੱਚ ਫੜ ਲਿਆ ਤੇ ਦੂਸਰੀ ਹੱਥ ਵਿੱਚ ਭਾਈ ਲਾਲੋ ਦੀ ਸੁੱਕੀ ਰੋਟੀ ਨੂੰ ਫੜ ਨਿਚੋੜਿਆ ਤਾਂ ਭਾਈ ਲਾਲੋ ਦੀ ਰੋਟੀ ਵਿੱਚੋਂ ਦੁੱਧ ਅਤੇ ਮਲਿਕ ਭਾਗੋ ਦੀ ਰੋਟੀ ਵਿੱਚੋ ਖੂਨ ਸਿੰਮਣ ਲੱਗ ਪਿਆ। ਗੁਰੂ ਜੀ ਨੇ ਮਲਿਕ ਭਾਗੋ ਨੂੰ ਫੁਰਮਾਇਆ ਕਿ ਦੇਖ ਤੇਰੀ ਰੋਟੀ ਵਿੱਚ ਤੇਰੇ ਵਲੋਂ ਗਰੀਬਾਂ ਦਾ ਚੂਸਿਆ ਹੋਇਆ ਖੂਨ ਹੈ ਤੇ ਭਾਈ ਲਾਲੋ ਦੀ ਰੋਟੀ ਵਿੱਚ ਹੱਕ ਹਲਾਲ ਅਤੇ ਮਿਹਨਤ ਦਾ ਦੁੱਧ। ਇਹ ਦੇਖ ਮਲਿਕ ਭਾਗੋ ਸ਼ਰਮਸ਼ਾਰ ਹੋ ਗਿਆ।

ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਵਿਚ ਭਾਈ ਲਾਲੋ ਬਾਰੇ ਲਿਖਿਆ ਹੈ:- ਸੈਦਪੁਰ (ਏਮਨਾਬਾਦ) ਨਿਵਾਸੀ ਘਟਾਓੜਾ ਜਾਤਿ ਦਾ ਪ੍ਰੇਮੀ ਤਖਾਣ, ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਨੰਨ ਸਿੱਖ ਹੋਇਆ। ਗੁਰੂ ਸਾਹਿਬ ਇਸ ਦੇ ਘਰ ਬਹੁਤ ਦਿਨ ਵਿਰਾਜੇ ਹਨ। ਇਸੇ ਪ੍ਰੇਮੀ ਨੂੰ ਸੰਬੋਧਨ ਕਰਕੇ ‘ਜੈਸੀ ਮੈ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ’ ਤਿਲੰਗ ਰਾਗ ਵਿੱਚ ਸ਼ਬਦ ਉਚਾਰਨ ਕੀਤਾ ਹੈ। ਭਾਈ ਲਾਲੋ ਦੇ ਘਰ ਪੁੱਤਰ ਹੋਇਆ, ਕੇਵਲ ਇੱਕ ਪੁਤ੍ਰੀ ਸੀ ਜਿਸ ਦੀ ਔਲਾਦ ਹੁਣ ਤਤਲਾ ਪਿੰਡ ਰਹਿੰਦੀ ਹੈ।

          ਭਾਈ ਲਾਲੋ ਦੇ ਜਿਸ ਘਰ ਗੁਰੂ ਜੀ ਠਹਿਰੇ ਸਨ ਉਥੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਜਿਸ ਦਾ ਨਾਮ ਭਾਈ ਲਾਲੋ ਦੀ ਖੂਹੀ ਹੈ। ਉਹ ਖੂਹ ਜਿਸ ਵਿਚੋਂ ਗੁਰੂ ਜੀ ਪਾਣੀ ਪੀਂਦੇ ਰਹੇ ਤੇ ਇਸ਼ਨਾਨ ਕਰਦੇ ਰਹੇ ਸੀ। ਉਹ ਖੂਹ ਅੱਜ ਵੀ ਮੌਜੂਦ ਹੈ। ਸੰਨ 1947 ਈਸਵੀ ਦੀ ਦੇਸ਼ ਵੰਡ ਮਗਰੋਂ ਇਸ ਅਸਥਾਨ ‘ਤੇ ਇੱਕ ਸਰਨਾਰਥੀ ਪਰਿਵਾਰ ਨੇ ਆਣ ਬਸੇਰਾ ਕੀਤਾ ਸੀ। ਸੰਨ 1989 ਈਸਵੀ ਵਿੱਚ ਵਿਦੇਸ਼ੀ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸ. ਸੁਰਜੀਤ ਸਿੰਘ ਪਨੇਸਰ ਨਾਮੀ ਸਿੱਖ ਨੇ ਇਸ ਗੁਰਦੁਆਰੇ ਦੀ ਜ਼ਮੀਨ ਨੂੰ ਉਸ ਪਰਿਵਾਰ ਤੋਂ ਖਰੀਦ ਲਿਆ। ਉਨ੍ਹਾਂ ਵਲੋਂ ਇਸ ਅਸਥਾਨ ‘ਤੇ ਮੌਜ਼ੂਦਾ ਖੂਹ ਨੂੰ ਇੱਕ ਥੜਾ ਬਣਾ ਕੇ ਬੰਦ ਕਰ ਦਿੱਤਾ ਅਤੇ ਉਸ ਦੇ ਲਾਗੇ ਹੀ ਥੋੜੀ ਵਿੱਥ ‘ਤੇ ਇੱਕ ਹੋਰ ਖੂਹ ਬਣਾ ਦਿੱਤਾ ਗਿਆ ਹੈ। ਅਸਲ ਖੂਹ ਇਸ ਖੂਹ ਤੋਂ ਕੋਈ ਦੋ ਮੀਟਰ ਸੱਜੇ ਪਾਸੇ ਇੱਕ ਥੜੇ ਦੇ ਥੱਲੇ ਹੈ।

           ਗੁਰਦੁਆਰਿਆਂ ਦੇ ਇਤਿਹਾਸ ਦੀ ਪਾਵਨ ਲੜੀ ਦੇ 12ਵੇਂ ਭਾਗ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਇੱਕ ਹੋਰ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ। ਸੋ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਕੋਲ ਇਹ ਜਾਣਕਾਰੀ ਪਹੁੰਚ ਸਕੇ। ਆਪਣੇ ਕੀਮਤੀ ਵਿਚਾਰਾਂ ਨਾਲ ਸਾਡਾ ਮਾਰਗ ਦਰਸ਼ਨ ਜ਼ਰੂਰ ਕਰੋ ਜੀ। ਰਹਿ ਗਈਆਂ ਕਮੀਆਂ ਲਈ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

- Advertisement -

ਵਾਹਿਗੁਰੂ ਜੀ ਕੀ ਫਤਿਹ

* gurdevsinghdr@gmail.com

Share this Article
Leave a comment