*ਡਾ. ਗੁਰਦੇਵ ਸਿੰਘ
ਹਉਮੈ ਜਿਸ ਨੂੰ ਗੁਰਬਾਣੀ ਦੀਰਘ ਰੋਗ ਆਖਦੀ ਹੈ ਉਸ ਦੀ ਗ੍ਰਿਫਤ ਵਿੱਚ ਹਰ ਇਨਸਾਨ ਸਹਿਜੇ ਹੀ ਆ ਜਾਂਦਾ ਹੈ। ਇਸ ਤੋਂ ਮੁਕਤ ਹੋਣਾ ਆਸਾਨ ਨਹੀਂ ਪਰ ਇਸ ਤੋਂ ਮੁਕਤ ਹੋਏ ਬਿਨਾਂ ਮਨੁੱਖਾ ਜੀਵਨ ਦੀ ਗਤੀ ਵੀ ਨਹੀਂ। ਇਸ ਹਉਮੈ ਭਾਵ ਮੈਂ ਤੋਂ ਮੁਕਤ ਹੋਣ ਲਈ ਗੁਰਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ। ਗੁਰੂ ਨਾਨਕ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਰਾਗ ਮਾਝ ਅਧੀਨ ਅੰਕਿਤ ਵਾਰ ਦੀ ਚਉਥੀ ਪਉੜੀ ਦੇ ਸਲੋਕਾਂ ਦੀ ਵਿਚਾਰ ਕਰਾਂਗੇ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 139’ਤੇ ਅੰਕਿਤ ਹਨ। ਇਸ ਪਉੜੀ ਦੇ ਸਲੋਕਾਂ ਵਿੱਚ ਗੁਰੂ ਸਾਹਿਬ ਹਊਮੈ ਤੋਂ ਮੁਕਤ ਹੋਣ ਦਾ ਉਪਦੇਸ਼ ਦੇ ਰਹੇ ਹਨ:
ਸਲੋਕੁ ਮਃ ੧ ॥ ਸੁਇਨੇ ਕੈ ਪਰਬਤਿ ਗੁਫਾ ਕਰੀ ਕੈ ਪਾਣੀ ਪਇਆਲਿ ॥ ਕੈ ਵਿਚਿ ਧਰਤੀ ਕੈ ਆਕਾਸੀ ਉਰਧਿ ਰਹਾ ਸਿਰਿ ਭਾਰਿ ॥ ਪੁਰੁ ਕਰਿ ਕਾਇਆ ਕਪੜੁ ਪਹਿਰਾ ਧੋਵਾ ਸਦਾ ਕਾਰਿ ॥ ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ ॥ ਹੋਇ ਕੁਚੀਲੁ ਰਹਾ ਮਲੁ ਧਾਰੀ ਦੁਰਮਤਿ ਮਤਿ ਵਿਕਾਰ ॥ ਨਾ ਹਉ ਨਾ ਮੈ ਨਾ ਹਉ ਹੋਵਾ ਨਾਨਕ ਸਬਦੁ ਵੀਚਾਰਿ ॥੧॥
ਪਦ ਅਰਥ: ਸੁਇਨੇ ਕੈ ਪਰਬਤਿ = ਸੋਨੇ ਦੇ ਸੁਮੇਰ ਪਹਾੜ ਉਤੇ। ਕਰੀ = ਮੈਂ ਬਣਾ ਲਵਾਂ। ਕੈ = ਜਾਂ, ਭਾਵੇਂ, ਚਾਹੇ। ਪਇਆਲਿ = ਪਾਤਾਲ ਵਿਚ। ਪਾਣੀ ਪਇਆਲਿ = ਹੇਠਾਂ ਪਾਣੀ ਵਿਚ। ਉਰਧਿ = ਉੱਚਾ, ਉਲਟਾ, ਪੁੱਠਾ। ਸਿਰਿ ਭਾਰਿ = ਸਿਰ ਦੇ ਭਾਰ। ਪੁਰੁ = ਪੂਰੇ ਤੌਰ ਤੇ। ਸਦਾਕਾਰਿ = ਸਦਾ ਹੀ। ਕੁਚੀਲੁ = ਗੰਦਾ। ਮਲੁਧਾਰੀ = ਮੈਲਾ।
- Advertisement -
ਅਰਥ: ਮੈਂ (ਚਾਹੇ) ਸੋਨੇ ਦੇ (ਸੁਮੇਰ) ਪਰਬਤ ਉੱਤੇ ਗੁਫਾ ਬਣਾ ਲਵਾਂ, ਭਾਵੇਂ ਹੇਠਾਂ ਪਾਣੀ ਵਿਚ (ਜਾ ਰਹਾਂ) ; ਚਾਹੇ ਧਰਤੀ ਵਿਚ ਰਹਾਂ, ਚਾਹੇ ਆਕਾਸ਼ ਵਿਚ ਪੁੱਠਾ ਸਿਰ ਭਾਰ ਖਲੋਤਾ ਰਹਾਂ, ਭਾਵੇਂ ਸਰੀਰ ਨੂੰ ਪੂਰੇ ਤੌਰ ਤੇ ਕਪੜਾ ਪਹਿਨਾ ਲਵਾਂ (ਭਾਵ, ਕਾਪੜੀਆਂ ਵਾਂਗ ਸਰੀਰ ਨੂੰ ਮੁਕੰਮਲ ਤੌਰ ਤੇ ਕਪੜਿਆਂ ਨਾਲ ਢੱਕ ਲਵਾਂ) ਚਾਹੇ ਸਰੀਰ ਨੂੰ ਸਦਾ ਹੀ ਧੋਂਦਾ ਰਹਾਂ, ਭਾਵੇਂ ਮੈਂ ਚਿੱਟੇ ਲਾਲ ਪੀਲੇ ਜਾਂ ਕਾਲੇ ਕਪੜੇ ਪਾ ਕੇ (ਚਾਰ) ਵੇਦਾਂ ਦਾ ਉਚਾਰਨ ਕਰਾਂ, ਚਾਹੇ (ਸਰੇਵੜਿਆਂ ਵਾਂਗ) ਗੰਦਾ ਤੇ ਮੈਲਾ ਰਹਾਂ = ਇਹ ਸਾਰੇ ਭੈੜੀ ਮਤਿ ਦੇ ਮੰਦੇ ਕਰਮ ਹੀ ਹਨ। ਹੇ ਨਾਨਕ! (ਮੈਂ ਤਾਂ ਇਹ ਚਾਹੁੰਦਾ ਹਾਂ ਕਿ) (ਸਤਿਗੁਰੂ ਦੇ) ਸ਼ਬਦ ਨੂੰ ਵਿਚਾਰ ਕੇ (ਮੇਰੀ) ਹਉਮੈ ਨਾ ਰਹੇ।1।
ਮਃ ੧ ॥ ਵਸਤ੍ਰ ਪਖਾਲਿ ਪਖਾਲੇ ਕਾਇਆ ਆਪੇ ਸੰਜਮਿ ਹੋਵੈ ॥ ਅੰਤਰਿ ਮੈਲੁ ਲਗੀ ਨਹੀ ਜਾਣੈ ਬਾਹਰਹੁ ਮਲਿ ਮਲਿ ਧੋਵੈ ॥ ਅੰਧਾ ਭੂਲਿ ਪਇਆ ਜਮ ਜਾਲੇ ॥ ਵਸਤੁ ਪਰਾਈ ਅਪੁਨੀ ਕਰਿ ਜਾਨੈ ਹਉਮੈ ਵਿਚਿ ਦੁਖੁ ਘਾਲੇ ॥ ਨਾਨਕ ਗੁਰਮੁਖਿ ਹਉਮੈ ਤੁਟੈ ਤਾ ਹਰਿ ਹਰਿ ਨਾਮੁ ਧਿਆਵੈ ॥ ਨਾਮੁ ਜਪੇ ਨਾਮੋ ਆਰਾਧੇ ਨਾਮੇ ਸੁਖਿ ਸਮਾਵੈ ॥੨॥
ਪਦ ਅਰਥ: ਵਸਤ੍ਰ = ਕਪੜੇ। ਪਖਾਲਿ = ਧੋ ਕੇ। ਆਪੇ = ਆਪ ਹੀ, ਆਪਣੇ ਵਲੋਂ। ਸੰਜਮਿ = ਸੰਜਮੀ, ਜਿਸ ਨੇ ਕਾਮ ਆਦਿਕ ਵਿਕਾਰਾਂ ਨੂੰ ਵੱਸ ਵਿਚ ਕਰ ਲਿਆ ਹੈ, ਰਿਸ਼ੀ, ਤਪਸ੍ਵੀ। ਅੰਤਰਿ = ਮਨ ਵਿਚ। ਭੂਲਿ = ਖੁੰਝ ਕੇ। ਜਮ ਜਾਲੇ = ਮੌਤ ਦੇ ਜਾਲ ਵਿਚ, ਉਸ ਧੰਦੇ-ਰੂਪ ਜਾਲ ਵਿਚ ਜਿੱਥੇ ਸਦਾ ਮੌਤ ਦਾ ਡਰ ਟਿਕਿਆ ਰਹੇ। ਦੁਖੁ ਘਾਲੇ = ਦੁੱਖ ਸਹਾਰਦਾ ਹੈ। ਨਾਮੇ = ਨਾਮ ਦੀ ਰਾਹੀਂ ਹੀ। ਸੁਖੀ = ਸੁਖ ਵਿਚ।
ਅਰਥ: (ਜੋ ਮਨੁੱਖ ਨਿੱਤ) ਕੱਪੜੇ ਧੋ ਕੇ ਸਰੀਰ ਧੋਂਦਾ ਹੈ (ਤੇ ਸਿਰਫ਼ ਕਪੜੇ ਤੇ ਸਰੀਰ ਸੁੱਚੇ ਰੱਖਣ ਨਾਲ ਹੀ) ਆਪਣੇ ਵੱਲੋਂ ਤਪਸ੍ਵੀ ਬਣ ਬੈਠਦਾ ਹੈ (ਪਰ) ਮਨ ਵਿਚ ਲੱਗੀ ਹੋਈ ਮੈਲ ਦੀ ਉਸ ਨੂੰ ਖ਼ਬਰ ਹੀ ਨਹੀਂ, (ਸਦਾ ਸਰੀਰ ਨੂੰ) ਬਾਹਰੋਂ ਹੀ ਮਲ ਮਲ ਕੇ ਧੋਂਦਾ ਹੈ, (ਉਹ) ਅੰਨ੍ਹਾ ਮਨੁੱਖ (ਸਿੱਧੇ ਰਾਹ ਤੋਂ) ਖੁੰਝ ਕੇ ਮੌਤ ਦਾ ਡਰ ਪੈਦਾ ਕਰਨ ਵਾਲੇ ਜਾਲ ਵਿਚ ਫਸਿਆ ਹੋਇਆ ਹੈ, ਹਉਮੈ ਵਿਚ ਦੁੱਖ ਸਹਾਰਦਾ ਹੈ ਕਿਉਂਕਿ ਪਰਾਈ ਵਸਤ (ਸਰੀਰ ਤੇ ਹੋਰ ਪਦਾਰਥ ਆਦਿਕਾਂ) ਨੂੰ ਆਪਣੀ ਸਮਝ ਬੈਠਦਾ ਹੈ। ਹੇ ਨਾਨਕ! (ਜਦੋਂ) ਗੁਰੂ ਦੇ ਸਨਮੁਖ ਹੋ ਕੇ (ਮਨੁੱਖ ਦੀ) ਹਉਮੈ ਦੂਰ ਹੁੰਦੀ ਹੈ, ਤਦੋਂ ਉਹ ਪ੍ਰਭੂ ਦਾ ਨਾਮ ਸਿਮਰਦਾ ਹੈ, ਨਾਮ ਜਪਦਾ ਹੈ, ਨਾਮ ਹੀ ਯਾਦ ਕਰਦਾ ਹੈ ਤੇ ਨਾਮ ਦੀ ਹੀ ਬਰਕਤਿ ਨਾਲ ਸੁਖ ਵਿਚ ਟਿਕਿਆ ਰਹਿੰਦਾ ਹੈ।2।
ਮਨੁੱਖਾ ਜੀਵਨ ਨੂੰ ਸਫਲ ਬਣਾਉਣ ਹਿਤ ਜ਼ਰੂਰੀ ਹੈ ਕਿ ਹਊਮੈ ਨੂੰ ਖਤਮ ਕੀਤਾ ਜਾਵੇ। ਹਊਮੈ ਗੁਰੂ ਦੀ ਸ਼ਰਣ ਪੈ ਕੇ ਅਤੇ ਹਰੀ ਨਾਮ ਨੂੰ ਸਿਮਰ ਕੇ ਹੀ ਖਤਮ ਹੋ ਸਕਦੀ ਹੈ। ਸੰਸਾਰ ਵਿੱਚ ਜਿੰਨੀ ਮਰਜੀ ਧੰਨ-ਦੌਲਤ ਇੱਕਠੀ ਕਰ ਲਈ ਜਾਵੇ, ਜਿੰਨੀ ਮਜੀ ਸੋਭਾ ਖਟ ਲਈ ਜਾਵੇ ਪਰ ਬਿਨਾਂ ਗੁਰੂ ਦੀ ਸ਼ਰਣ ਪਇਆਂ ਤੇ ਪ੍ਰਭ ਨਾਮ ਜਪਿਆਂ ਇਹ ਸਭ ਕੁਝ ਖਾਕ ਹੈ। ਸ੍ਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਦੀ ਅਗਲੇਰੀ ਲੜੀ ਵਿੱਚ ਮਾਝ ਵਾਰ ਦੀ ਚਉਥੀ ਪਉੜੀ ਦੀ ਵਿਚਾਰ ਕਰਾਂਗੇ।
- Advertisement -
*gurdevsinghdr@gmail.com