ਟੋਰਾਂਟੋ : ਅਗਲੇ ਹਫਤੇ ਤੋਂ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਉੱਤੇ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਨੂੰ ਸੀਮਤ ਕਰਨ ਲਈ ਅਧਿਕਾਰੀਆਂ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ। ਗ੍ਰੇਟਰ ਟੋਰਾਂਟੋ ਏਅਰਪੋਰਟ ਅਥਾਰਟੀ ਵੱਲੋਂ ਭੇਜੇ ਗਏ ਇੱਕ ਡਾਇਰੈਕਟਿਵ ਅਨੁਸਾਰ ਏਅਰਪੋਰਟ ਉੱਤੇ ਯਾਤਰੀਆਂ ਨੂੰ ਛੱਡਣ ਆਉਣ ਵਾਲਿਆਂ ਜਾਂ ਲੈਣ ਆਉਣ ਵਾਲਿਆਂ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਅਜਿਹੇ ਮਾਮਲਿਆਂ ਵਿੱਚ ਛੋਟ ਦਿੱਤੀ ਜਾ ਸਕਦੀ ਹੈ ਕਿ ਜੇ ਕੋਈ ਇੱਕਲੇ ਸਫਰ ਕਰ ਰਹੇ ਬੱਚੇ ਨੂੰ ਛੱਡਣ ਜਾਂ ਲੈਣ ਆਵੇ ਜਾਂ ਫਿਰ ਕਿਸੇ ਅੰਗਹੀਣ, ਅਪਾਹਜ ਵਿਅਕਤੀ ਦੀ ਸਹਾਇਤਾ ਲਈ ਨਾਲ ਆਇਆ ਹੋਵੇ।
ਇਨ੍ਹਾਂ ਪਾਬੰਦੀਆਂ ਤੋਂ ਉਨ੍ਹਾਂ ਵਿਅਕਤੀਆਂ ਨੂੰ ਵੀ ਛੋਟ ਹੋਵੇਗੀ ਜਿਹੜੇ ਪੀਅਰਸਨ ਉੱਤੇ ਕੰਮ ਕਰਦੇ ਹਨ। ਡਾਇਰੈਕਟਿਵ ਅਨੁਸਾਰ ਏਅਰਪੋਰਟ ਵਰਕਰਜ਼, ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨਾਲ ਵਰਕਡੇਅ ਤੋਂ ਪਹਿਲਾਂ, ਦੌਰਾਨ ਜਾਂ ਬਾਅਦ ਵਿੱਚ ਮੁਲਾਕਾਤ ਕਰਨੀ ਹੋਵੇ ਤਾਂ ਉਹ ਅਜਿਹਾ ਟਰਮੀਨਲ ਦੀਆਂ ਇਮਾਰਤਾਂ ਤੋਂ ਬਾਹਰ ਕਰ ਸਕਣਗੇ। ਜੀਟੀਏਏ ਤੋਂ ਅਗਲੇ ਨੋਟਿਸ ਤੱਕ ਕਿਸੇ ਵੀ ਵਰਕਰ ਦੇ ਪਰਿਵਾਰਕ ਮੈਂਬਰ ਜਾਂ ਸਾਥੀਆਂ ਨੂੰ ਟਰਮੀਨਲ ਦੇ ਅੰਦਰ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਸਾਰੇ ਏਅਰਪੋਰਟ ਵਰਕਰਜ਼ ਨੂੰ ਆਪਣੇ ਕੁਲੀਗਜ਼ ਅਤੇ ਯਾਤਰੀਆਂ ਦਰਮਿਆਨ ਦੋ ਮੀਟਰ ਦਾ ਫਰਕ ਰੱਖਣ ਲਈ ਵੀ ਆਖਿਆ ਗਿਆ ਹੈ। ਪਹਿਲੀ ਜੂਨ ਤੋਂ ਸਾਰੇ ਯਾਤਰੀਆਂ ਅਤੇ ਏਅਰਪੋਰਟ ਵਰਕਰਜ਼ ਨੂੰ ਏਅਰਪੋਰਟ ਦੇ ਜਨਤਕ ਏਰੀਆਜ਼, ਜਿਵੇਂ ਕਿ ਸਕਿਊਰਿਟੀ ਸਕਰੀਨਿੰਗ, ਪਾਰਕਿੰਗ ਫੈਸਿਲਿਟੀਜ਼, ਸਾਈਡਵਾਕਸ ਅਤੇ ਹੋਰ ਪਬਲਿਕ ਏਰੀਆਜ਼, ਵਿੱਚ ਫੇਸ ਕਵਰਿੰਗ ਪਾ ਕੇ ਰੱਖਣੀ ਹੋਵੇਗੀ।