ਘਾਹ : ਸ਼ੌਕ ਤੋਂ ਬਣ ਰਿਹਾ ਵਪਾਰਿਕ ਧੰਦਾ

TeamGlobalPunjab
10 Min Read

-ਸਿਮਰਤ ਸਿੰਘ

-ਕਿਰਨਜੀਤ ਕੌਰ ਢੱਟ

ਸਮੇਂ ਵਿਚ ਤਬਦੀਲੀ ਆਉਣ ਨਾਲ ਜਿਥੇ ਲੈਂਡਸਕੇਪਿੰਗ (ਭੂ-ਸਜਾਵਟ) ਦਾ ਰੁਝਾਨ ਬਹੁਤ ਵੱਧ ਰਿਹਾ ਹੈ ਉਥੇ ਬਗੀਚੇ ਦੀ ਸ਼ਾਨ ਘਾਹ ਦੀ ਮੰਗ ਵੀ ਬਹੁਤ ਵੱਧ ਗਈ ਹੈ। ਜ਼ਿਮੀਦਾਰਾਂ ਲਈ ਘਾਹ ਦੀ ਖੇਤੀ ਬੜਾ ਹੀ ਨਿਵੇਕਲਾ ਕੰਮ ਪ੍ਰਤੀਤ ਜਾਪਦਾ ਹੈ, ਪ੍ਰਤੂੰ ਭਾਰਤ ਵਿਚ ਰਿਅਲ ਇਸਟੇਟ, ਵਪਾਰਕ ਕੰਪਲੈਕਸ, ਰਿਹਾਇਸ਼ੀ ਕਲੋਨੀਆਂ ਦੀ ਆਮਦ ਨਾਲ ਸਜਾਵਟੀ ਬੂਟਿਆਂ ਦੇ ਨਾਲ ਲਾਨ ਬਣਾਉਣ ਲਈ ਘਾਹ ਦੀ ਮੰਗ ਬਹੁਤ ਵਧੀ ਹੈ। ਘਾਹ ਦਾ ਮੈਦਾਨ ਲੈਂਡਸਕੇਪ ਨੂੰ ਸੁੰਦਰ ਬਣਾਉਣ ਦੇ ਨਾਲ ਅਰਾਮ ਅਤੇ ਮਨੋਰੰਜਨ ਕਰਨ ਦਾ ਅਵਸਰ ਵੀ ਪ੍ਰਧਾਨ ਕਰਦਾ ਹੈ।

ਵਪਾਰਿਕ ਪੱਧਰ ਤੇ ਦੁਨੀਆਂ ਭਰ ਵਿੱਚ ਘਾਹ ਦੀ ਖੇਤੀ ਨੂੰ ਟਰਫ਼ਗ੍ਰਾਸ ਫ਼ਾਰਮਿੰਗ ਵਜੋਂ ਜਾਣਿਆ ਜਾਂਦਾ ਹੈ। ਟਰਫ਼ਗ੍ਰਾਸ ਫ਼ਾਰਮਿੰਗ ਅਜੋਕੇ ਸਮੇਂ ਦੀ ਮੰਗ ਨੂੰ ਦੇਖਦੇ ਹੋਏ ਬਹੁਤ ਵਡਾ ਉਦਯੋਗ ਬਣ ਰਿਹਾ ਹੈ। ਜਗਾ੍ਹ ਦੀ ਜਲਵਾਯੂ ਦੇ ਅਧਾਰ ਤੇ ਘਾਹ ਨੂੰ ਮੁੱਖ ਦੋ ਪ੍ਰਕਾਰ ਦੀਆਂ ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ। ਪਹਿਲਾ, ਗਰਮ ਜਲਵਾਯੂ ਘਾਹ ਅਤੇ ਦੂਸਰਾ, ਠੰਢਾ ਜਲਵਾਯੂ ਘਾਹ । ਪੰਜਾਬ ਦੀ ਆਬੋ ਹਵਾ ਨੂੰ ਦੇਖਦੇ ਹੋਏ ਗਰਮ ਜਲਵਾਯੂ ਘਾਹ ਲਗਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ । ਮੁੱਖ ਤੌਰ ਤੇ ਇਸ ਵਿਚ ਕਲਕੱਤਾ ਘਾਹ, ਕੋਰੀਅਨ ਘਾਹ ਅਤੇ ਨੌ-ਮੋਅ ਘਾਹ ਦੀਆਂ ਕਿਸਮਾਂ ਆਉਂਦੀਆਂ ਹਨ। ਕਲਕੱਤਾ ਘਾਹ ਬਰਮੂਡਾ ਘਾਹ ਦੀ ਹੀ ਸੁਧਰੀ ਹੋਈ ਸਖਤ ਜਾਨ ਕਿਸਮ ਹੈ ਜੋ ਬਹੁਤ ਹੀ ਤੇਜ਼ੀ ਨਾਲ ਵੱਧਦਾ ਹੈ। ਇਸ ਘਾਹ ਦੇ ਸੰਪੂਰਨ ਵਾਧੇ ਲਈ ਖੁੱਲੀ੍ਹ ਧੁੱਪ, ਹਵਾ ਅਤੇ ਚੰਗੇ ਨਿਕਾਸ ਵਾਲੀ ਉਪਜਾਉ ਜ਼ਮੀਨ ਢੁਕਵੀਂ ਮੰਨੀ ਜਾਂਦੀ ਹੈ। ਇਹ ਘਾਹ ਸੋਕੋ ਨੂੰ ਵੀ ਸਹਾਰ ਸਕਦਾ ਹੈ ਅਤੇ ਸਮੇਂ ਸਿਰ ਕੀਤੀ ਕਟਾਈ Àਪਰੰਤ ਜ਼ਮੀਨ ਉਪਰ ਸੰਘਣਾ ਕਾਰਪਟ ਬਣਾ ਲੈਂਦਾ ਹੈ। ਇਸੇ ਪ੍ਰਜਾਤੀ ਦੇ ਘਾਹ ਦੀ ਵਧੇਰੇ ਸੁਧਰੀ ਹੋਈ ਕਿਸਮ ‘ਸਲੈਕਸ਼ਨ ਨੂੰ 1 ਆਮ ਤੌਰ ਤੇ ਘਰਾਂ ਅਤੇ ਛੋਟੇ ਪਾਰਕਾਂ ਵਿੱਚ ਲਗਾਉਣ ਲਈ ਢੁਕਵੀਂ ਮੰਨੀ ਜਾਂਦੀ ਹੈ।

- Advertisement -

ਕੋਰੀਅਨ ਘਾਹ ਜਾਂ ਜਪਾਨੀ ਘਾਹ ਆਪਣੇ ਸੰਘਣੇ ਫ਼ੈਲਾਅ ਲਈ ਜਾਣਿਆ ਜਾਂਦਾ ਹੈ ਜਿਸ ਕਾਰਨ ਇਸ ਵਿਚ ਨਦੀਨਾਂ ਦੀ ਸਮੱਸਿਆ ਨਾ-ਮਾਤਰ ਪਾਈ ਜਾਂਦੀ ਹੈ ਅਤੇ ਇਹ ਵਰਤੋਂ ਉਪਰੰਤ ਹੋਈ ਖਰਾਬ ਸਥਿਤੀ ਨੂੰ ਵਧੇਰੇ ਸਹਾਰ ਸਕਦਾ ਹੈ। ਨੋ-ਮੋਅ ਘਾਹ ਆਪਣੀ ਵਿਲੱਖਣ ਛੋਟੀਆਂ ਹਰੀਆਂ ਪਹਾੜੀਆਂ ਬਣਾ ਕੇ ਬਹੁਤ ਹੀ ਆਕਰਸ਼ਕ ਦਿਖ ਪ੍ਰਦਾਨ ਕਰਦਾ ਹੈ। ਪੂਰੀ ਤਰਾਂ ਵਿਕਸਿਤ ਹੋਣ ਤੇ ਜ਼ਮੀਨ ਉਪਰ ਛੋਟੇ-ਛੋਟੇ ਹਰੇ ਪਹਾੜਾਂ ਦੀਆਂ ਢਲਾਣਾਂ ਬਣੀਆ ਪ੍ਰਤੀਤ ਹੁੰਦੀਆਂ ਹਨ। ਇਸ ਘਾਹ ਨੂੰ ਛਾਂ ਵਿਚ ਵੀ ਲਗਾਇਆ ਜਾ ਸਕਦਾ ਹੈ। ਇਸ ਦਾ ਵਾਧਾ ਗੰਢਦਾਰ ਜੜਾਂ ਨਾਲ ਹੁੰਦਾ ਹੈ ਜੋ ਕਿ ਬਹੁਤ ਹੌਲੀ ਵੱਧਦਾ ਹੋਇਆ ਗੂੜੇ ਹਰੇ ਰੰਗ ਦੇ ਕਾਰਪਟ ਸਮਾਨ ਵਿਛ ਜਾਂਦਾ ਹੈ।

ਘਾਹ ਲਗਾਉਣ ਲਈ ਹਲਕੀ ਤੋਂ ਦਰਮਿਆਨੀ ਜ਼ਮੀਨ ਢੁਕਵੀਂ ਮੰਨੀ ਜਾਂਦੀ ਹੈ। ਗਰਮੀ ਦੇ ਮਹੀਨਿਆਂ ਦੌਰਾਨ ਜ਼ਮੀਨ ਨੂੰ ਚੰਗੀ ਤਰਾਂ੍ਹ ਵਾਹ ਕੇ ਸੂਰਜ ਦੀ ਧੁੱਪ ਲਗਾਈ ਜਾਂਦੀ ਹੈ। ਇਸ ਪ੍ਰਕਿਰੀਆ ਨਾਲ ਨਦੀਨ ਅਤੇ ਉਲੀ੍ਹ ਦੇ ਰੋਗਾਂ ਨੂੰ ਖਤਮ ਕਰਨ ਵਿਚ ਵੀ ਮਦਦ ਮਿਲਦੀ ਹੈ। ਜ਼ਮੀਨ ਵਿਚ ਬਰਸਾਤ ਦੇ ਵਾਧੂ ਪਾਣੀ ਦੇ ਨਿਕਾਸ ਲਈ ਇਸ ਨੂੰ ਸਮਤਲ ਬਣਾ ਕੇ ਇਕ ਪਾਸੇ ਹਲਕੀ ਢਲਾਨ ਦਿੱਤੀ ਜਾਂਦੀ ਹੈ ਤਾਂ ਜੋ ਵਾਧੂ ਪਾਣੀ ਦਾ ਨਿਕਾਸ ਹੋ ਸਕੇ ਅਤੇ ਜ਼ਮੀਨ ਵਿਚ ਘਾਹ ਦੀਆਂ ਜੜਾਂ ਤੱਕ ਹਵਾ ਦਾ ਸੰਚਾਰ ਹੋ ਸਕੇ। ਭਾਰੀਆਂ ਜਮੀਨਾਂ ਵਿਚ ਪੂਰੀ ਤਰਾਂ੍ਹ ਗਲੀ੍ਹ-ਸੜੀ ਰੂੜੀ ਦੀ ਖਾਦ ਰਲਾ ਕੇ ਸੋਧ ਕਰ ਲੈਣੀ ਚਾਹੀਦੀ ਹੈ ਪਰ, ਟਰਫ਼ ਦੀ ਨਰਸਰੀ ਬਣਾਉਣ ਲਈ ਭਾਰੀ ਜ਼ਮੀਨ ਉਤਮ ਮੰਨੀ ਜਾਂਦੀ ਹੈ ਕਿਉਂਕਿ ਇਹ ਘਾਹ ਦੀਆਂ ਸਲੈਬਾਂ ਕੱਟਣ Àਪਰੰਤ ਜੜਾਂ ਨਾਲ ਜੂੜੀ ਰਹਿੰਦੀ ਹੈ ਅਤੇ ਜੜਾਂ ਨੂੰ ਨਮੀ ਪ੍ਰਦਾਨ ਕਰਨ ਵਿਚ ਸਹਾਈ ਹੁੰਦੀ ਹੈ । ਜ਼ਮੀਨ ਵਿਚ ਜੈਵਿਕ ਮਾਧਾ ਵਧਾਉਣ ਲਈ ਪ੍ਰਤੀ ਏਕੜ ਲਗਭਗ 20 ਟਨ ਰੂੜੀ ਦੀ ਖਾਦ ਨਾਲ ਰਸਾਇਣਕ ਖਾਦਾਂ ਜਿਵੇਂਕਿ 160 ਕਿਲੋਗਾ੍ਰਮ ਸਿੰਗਲ ਸੁਪਰ ਫ਼ਾਸਫ਼ੇਟ (ਐਸ. ਐਸ. ਪੀ.) ਅਤੇ 150 ਕਿਲੋਗਾ੍ਰਮ ਪੋਟਾਸ਼ (ਐਮ. ਓ. ਪੀ.) ਮਿਲਾਉਣ ਨਾਲ ਘਾਹ ਦੀ ਚੰਗੀ ਗੁਣਵਤਾ ਅਤੇ ਭਰਪੂਰ ਵਾਧੇ ਲਈ ਪਾਈਆਂ ਜਾਂਦੀਆਂ ਹਨ।

ਜ਼ਮੀਨ ਦੀ ਤਿਆਰੀ ਕਰਨ ਉਪਰੰਤ ਚੋਣ ਕੀਤੀ ਹੋਏ ਘਾਹ ਦੀ ਲਵਾਈ ਗਾ੍ਰਹਕ ਦੀ ਮੰਗ ਅਨੁਸਾਰ ਡਿਬਲਿੰਗ ਜਾਂ ਟਰਫ਼ਿੰਗ ਵਿਧੀ ਰਾਹੀਂ ਕੀਤੀ ਜਾਂਦੀ ਹੈ। ਆਮ ਤੌਰ ਤੇ ਡਿਬਲਿੰਗ ਪ੍ਰਕਿਰਿਆ ਰਾਹੀਂ ਘਾਹ ਲਗਾਇਆ ਜਾਂਦਾ ਹੈ ਜਿਸ ਵਿਚ ਜਾਣਕਾਰ ਸਰੋਤਾਂ ਤੋਂ ਨਦੀਨ-ਮੁਕਤ ਘਾਹ ਲੈ ਕੇ ਇਸ ਦੀਆਂ ਜੜਾਂ ਨਿਖੇੜ ਕੇ ਤਿਆਰ ਕੀਤੀ ਜ਼ਮੀਨ ਉਪਰ 4-6 ਇੰਚ ਦੀ ਦੂਰੀ ਤੇ ਲਗਾਇਆ ਜਾਂਦਾ ਹੈ। ਇਹ ਤਰੀਕਾ ਸਸਤਾ ਅਤੇ ਗੈਰ-ਤਕਨੀਕੀ ਕਾਮਿਆਂ ਵਲੋਂ ਵੀ ਲਗਾਇਆ ਜਾ ਸਕਦਾ ਹੈ । ਜੇਕਰ ਗਾ੍ਰਹਕ ਵਲੋਂ ਤੁਰੰਤ ਘਾਹ ਦੇ ਪ੍ਰਭਾਵ ਲਈ ਪੇਸ਼ਕਸ਼ ਕੀਤੀ ਜਾਵੇ ਤਾਂ ਉਹਨਾਂ ਹਾਲਾਤਾਂ ਵਿਚ ਟਰਫ਼ਿੰਗ ਵਿੱਧੀ ਨਾਲ ਘਾਹ ਦੀ ਲਵਾਈ ਕੀਤੀ ਜਾਂਦੀ ਹੈ। ਭਰੋਸੇਯੋਗ ਸਰੋਤ ਤੋਂ ਘਾਹ ਦੀਆਂ 1 ਇੰਚ ਤੋਂ ਘੱਟ ਮੋਟਾਈ ਵਾਲੀਆਂ ਸਲੈਬਾਂ ਕੱਟ ਕੇ ਤਿਆਰ ਕੀਤੀ ਜ਼ਮੀਨ ਉਪਰ ਮੈਟ ਵਾਂਗ ਰੱਖੀਆਂ ਜਾਂਦੀਆਂ ਹਨ। ਘਾਹ ਦੀਆਂ ਸਲੈਬਾਂ ਵਿਚਕਾਰ ਦਰਾਰਾਂ ਮਿਟੀ ਅਤੇ ਰੂੜੀ ਦੀ ਖਾਦ ਦੇ ਮਿਸ਼ਰਣ ਨਾਲ ਭਰ ਦਿੱਤੀਆਂ ਜਾਂਦੀਆਂ ਹਨ। ਇਸ ਵਿਧੀ ਰਾਹੀਂ ਲਾਗਤ ਜਿਆਦਾ ਆਉਂਦੀ ਹੈ ਅਤੇ ਇਹ ਜਾਣਕਾਰ ਕਾਮਿਆਂ ਵਲੋਂ ਹੀ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਪਾਣੀ ਦੇ ਸਰੋਤ ਦੀ ਉਪਲੱਭਤਾ ਨੂੰ ਦੇਖਦੇ ਹੇਏ ਘਾਹ ਦੀ ਲੁਆਈ ਫ਼ੱਗਣ ਜਾਂ ਸਾਉਣ ਦੇ ਮਹੀਨੇ ਕੀਤੀ ਜਾਂਦੀ ਹੈ। ਸਾਉਣ ਦੌਰਨ ਕੁਦਰਤੀ ਪੈਣ ਵਾਲੀ ਬਰਸਾਤ ਦੇ ਪਾਣੀ ਨਾਲ ਘਾਹ ਜਲਦੀ ਵੱਧਦਾ ਹੈ ਅਤੇ ਪਹਿਲੀ ਕਟਾਈ ਹੋਣ ਲਈ ਲਗਭਗ 1-1.5 ਮਹੀਨੇ ਵਿਚ ਤਿਆਰ ਹੋ ਜਾਂਦਾ ਹੈ।

ਘਾਹ ਦੇ ਸੰਪੂਰਨ ਵਾਧੇ ਲਈ ਇਸ ਦੀ ਪਹਿਲੀ ਕਟਾਈ ਬਹੁਤ ਮਹਤੱਤਾ ਰੱਖਦੀ ਹੈ। ਜਦੋਂ ਘਾਹ ਦੀਆਂ ਤੰਦਾਂ ਲਗਭਗ 2 ਇੰਚ ਲੰਬੀਆਂ ਹੋ ਜਾਣ ਤਾਂ ਦਾਤੀ ਜਾਂ ਤਿਖੀ ਤਲਵਾਰ ਨਾਲ ਇਸ ਨੂੰ ਇਕਸਾਰ ਉਪਰੋਂ ਕੱਟ ਦੇਣਾ ਚਾਹੀਦਾ ਹੈ। ਇਸ ਗਲ੍ਹ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਕਟਾਈ ਤੋਂ ਪਹਿਲਾਂ ਘਾਹ ਵਿਚ ਕਿਸੇ ਵੀ ਪ੍ਰਕਾਰ ਦੇ ਰੋੜ, ਕੰਕਰ ਆਦਿ ਨਾ ਹੋਣ ਅਤੇ ਘਾਹ ਕੱਟਣ ਤੋਂ ਪਹਿਲਾਂ ਨਦੀਨਾਂ ਨੂੰ ਵੀ ਜੜੋਂ ਕੱਢ ਦੇਣਾ ਚਾਹੀਦਾ ਹੈ। ਸਮੇਂ ਨਾਲ ਘਾਹ ਦੇ ਵਾਧੇ ਨੂੰ ਦੇਖਦੇ ਹੇਏ ਦੂਸਰੀ ਕਟਾਈ ਘਾਹ ਕੱਟਣ ਵਾਲੀ ਮਸ਼ੀਨ (ਲਾਅਨ ਮੋਵਰ) ਨਾਲ ਕਰਨੀ ਚਾਹੀਦੀ ਹੈ। ਜ਼ਿਆਦਾ ਨਮੀ ਵਾਲੀ ਜ਼ਮੀਨ ਉਪਰ ਤੁਰਨ ਅਤੇ ਮਸ਼ੀਨ ਚਲਾਉਣ ਨਾਲ ਘਾਹ ਦੱਬ ਜਾਂਦਾ ਹੈ ਅਤੇ ਜੜਾਂ ਵਿਚ ਹਵਾ-ਪਾਣੀ ਦਾ ਸੰਚਾਰ ਵਿਗੜਣ ਨਾਲ ਘਾਹ ਦੇ ਵਾਧੇ ਤੇ ਮਾੜਾ ਅਸਰ ਪੈਂਦਾ ਹੈ। ਇਸ ਲਈ ਜ਼ਮੀਨ ਵਿਚ ਨਮੀ ਦੀ ਮਾਤਰਾ ਨੂੰ ਧਿਆਨ ਵਿਚ ਰੱਖਦੇ ਹੋਏ ਘਾਹ ਦੀ ਕਟਾਈ ਕਰਨੀ ਚਾਹੀਦੀ ਹੈ। ਕਿਆਰੀਆਂ, ਰੁੱਖਾਂ, ਕੰਧਾਂ, ਖੁੰਝਿਆਂ ਆਦਿ ਥਾਵਾਂ ਦੁਆਲੇ ਹੋਏ ਘਾਹ ਨੂੰ ਹੈਜ ਕੱਟਣ ਵਾਲੀ ਕੈਂਚੀ ਜਾਂ ਦਾਤੀ ਨਾਲ ਕੱਟ ਦੇਣਾ ਚਾਹੀਦਾ ਹੈ।

ਸਮੇਂ ਨਾਲ ਘਾਹ ਦੀ ਗੁਣਵਤਾ ਵਿਚ ਵਿਗਾੜ ਹੋਣਾ ਸ਼ੁਰੂ ਹੋ ਜਾਂਦਾ ਹੈ। ਘਾਹ ਉਪਰ ਨਿਰੰਤਰ ਤੁਰਨ, ਖੇਡਣ ਅਤੇ ਹੋਰ ਕਿਸੇ ਵੀ ਤਰਾਂ੍ਹ ਦੀ ਵਰਤੋਂ ਕਾਰਨ ਜ਼ਮੀਨ ਸਖਤ, ਦਬੀ ਹੋਈ ਅਤੇ ਸੁਖਮ ਸੁਰਾਖ ਮੁਕਤ ਹੋ ਜਾਂਦੀ ਹੈ ਜਿਸ ਕਾਰਨ ਘਾਹ ਦੀਆਂ ਜੜਾਂ ਤੱਕ ਲੋੜੀਂਦੀ ਹਵਾ, ਪਾਣੀ ਦਾ ਸੰਚਾਰ ਅਤੇ ਪੋਸ਼ਟਿਕ ਤੱਤਾਂ ਦੀ ਉਪਲਭਤਾ ਨਹੀਂ ਹੁੰਦੀ ਅਤੇ ਘਾਹ ਦਾ ਵਾਧਾ ਰੁੱਕ ਜਾਂਦਾ ਹੈ। ਇਹਨਾਂ ਹਲਾਤਾਂ ਵਿਚ ਘਾਹ ਨੂੰ ਮੁੜ ਸੁਰਜੀਤ ਕਰਨ ਲਈ ਸਾਉਣ ਮਹੀਨੇ ਸਖਤ ਹੋਈ ਜ਼ਮੀਨ ਨੂੰ ਵੱਤਰ ਸਥਿਤੀ ਵਿਚ 6-8 ਇੰਚ ਦੀ ਡੂੰਘਾਈ ਤੱਕ ਖੁਰਚਣਾ, ਗੁੱਡਣਾ ਅਤੇ ਹਲਕਾ ਵਾਹੁਣਾ ਚਾਹੀਦਾ ਹੈ। ਇਸ ਉਪਰੰਤ ਰੇਕ ਕੀਤੀ ਹੋਈ ਜ਼ਮੀਨ ਉਪਰ ਬਰਾਬਰ ਮਾਤਰਾ ਵਿਚ ਛਾਣੀ ਹੋਈ ਉਪਜਾਉ ਮਿੱਟੀ ਅਤੇ ਰੂੜੀ ਦਾ ਖਾਦ ਦਾ ਮਿਸ਼ਰਣ ਲਗਭਗ 1-1.5 ਇਚ ਤੱਕ ਇਕਸਾਰ ਛਿੱਟਾ ਦਿੱਤਾ ਜਾਂਦਾ ਹੈ। ਇਸ ਤਰਾਂ ਕਰਨ ਨਾਲ ਘਾਹ ਦੀਆਂ ਜੜਾਂ ਵਿੱਚ ਫਿਰ ਹਵਾ-ਪਾਣੀ ਦਾ ਸੰਚਾਰ ਅਤੇ ਪੋਸ਼ਟਿਕ ਤੱਤ ਮਿਲਣ ਨਾਲ ਇਹ ਮੁੜ-ਸੁਰਜੀਤ ਹੋ ਜਾਂਦਾ ਹੈ। ਇਸ ਪ੍ਰਕਿਰਿਆ ਦੌਰਾਨ ਜ਼ਮੀਨ ਉਪਰ ਪਏ ਹਲਕੇ ਟੋਏ ਵੀ ਉਪਰੋਕਤ ਦੱਸੇ ਮਿਸ਼ਰਨ ਨਾਲ ਭਰ ਕੇ ਸਮਤਲ ਕੀਤੇ ਜਾਂਦੇ ਹਨ।ਜਗਾ੍ਹ ਦੇ ਰਕਬੇ ਦੇ ਹਿਸਾਬ ਨਾਲ ਸਪਰਿੰਕਲਰ ਰਾਹੀਂ ਜਾਂ ਘਰਾਂ ਵਿਚ ਪਾਣੀ ਵਾਲੇ ਫ਼ੁਹਾਰੇ ਰਾਹੀਂ ਹਲਕਾ ਪਾਣੀ ਦਿੱਤਾ ਜਾਂਦਾ ਹੈ।

- Advertisement -

ਘਾਹ ਵਿਚ ਨਦੀਨਾਂ ਦੇ ਸਰਵਪੱਖੀ ਰੋਕਥਾਮ ਲਈ ਪਹਿਲਾਂ ਘਾਹ ਦਾ ਸੰਘਣਾ ਅਤੇ ਸੰਪੂਰਨ ਰੂਪ ਵਿਚ ਵਿਕਾਸ ਹੋਣਾ ਬਹੁਤ ਜ਼ਰੂਰੀ ਹੈ ਜੋ ਕਿ ਘਾਹ ਵਿਚ ਸਹੀ ਸਮੇਂ ਪਾਣੀ, ਲੋੜਵੰਦ ਖਾਦਾਂ ਅਤੇ ਕਟਾਈ ਕਰਨ ਨਾਲ ਕੀਤਾ ਜਾ ਸਕਦਾ ਹੈ। ਸਹੀ ਸਮੇਂ ਅਤੇ ਸਹੀ ਉਚਾਈ ਤੇ ਘਾਹ ਦੀ ਕਟਾਈ ਕਰਨ ਨਾਲ ਵੀ ਨਦੀਨਾਂ ਨੂੰ ਉਗਣ ਤੋਂ ਰੋਕਿਆ ਜਾ ਸਕਦਾ ਹੈ। ਘਾਹ ਨੂੰ ਵਾਰ-ਵਾਰ ਹਲਕੀ ਸਿੰਚਾਈ ਦੇਣ ਨਾਲੋਂ ਖੁਲਾ੍ਹ ਪਾਣੀ ਲਗਾਉਣ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ। ਘਰਾਂ ਅਤੇ ਛੋਟੀਆਂ ਪਾਰਕਾਂ ਵਿਚ ਰੰਬੀ ਜਾਂ ਖੁਰਪੀ ਨਾਲ ਗੋਢੀ ਕਰਕੇ ਨਦੀਨਾਂ ਨੂੰ ਜੜਾਂ ਸਮੇਤ ਪੁੱਟਣਾ ਚਾਹੀਦਾ ਹੈ। ਵੱਡੇ ਖੇਡ ਮੈਦਾਨਾਂ ਅਤੇ ਪਾਰਕਾਂ ਵਿਚ ਨਦੀਨਾਂ ਨੂੰ ਖਤਮ ਕਰਨ ਲਈ ਸਰਵਪੱਖੀ ਨਦੀਨ ਪ੍ਰਬੰਧ ਦੀਆਂ ਉਪਰ ਦੱਸੀਆਂ ਸਾਰੀਆਂ ਤਕਨੀਕਾਂ ਅਪਨਾਉਣੀਆਂ ਚਾਹੀਦੀਆਂ ਹਨ।

ਜਿਸ ਤਰ੍ਹਾਂ ਸਜਾਵਟੀ ਪੌਦਿਆਂ ਦਾ ਸ਼ੌਂਕ ਅਜੋਕੇ ਸਮੇਂ ਵਿਚ ਵਪਾਰ ਦੇ ਰੂਪ ਵਿਚ ਉਭਰ ਕੇ ਸਾਹਮਣੇ ਆਇਆ ਹੈ, ਘਾਹ ਦੀ ਖੇਤੀ ਵੀ ਵਪਾਰ ਦੇ ਰੂਪ ਵਿਚ ਤਬਦੀਲ ਹੋਣ ਲਗ ਪਈ ਹੈ। ਕਈ ਜਿਮੀਦਾਰ ਵੀਰ ਜਾਂ ਸਥਾਨਕ ਨਰਸਰੀਆਂ ਹੁਣ ਘਾਹ ਦੀ ਵੱਧ ਰਹੀ ਮੰਗ ਨੂੰ ਦੇਖਦੇ ਹੋਏ ਰਵਾਈਤੀ ਫ਼ਸਲਾਂ ਵਾਂਗ ਇਸਦੀ ਖੇਤੀ ਕਰ ਰਹੇ ਹਨ । ਘਾਹ ਨੂੰ ਜ਼ਮੀਨ ਵਿਚੋਂ ਖੁਰਚ ਕੇ ਬੋਰੀਆਂ ਵਿਚ, ਪ੍ਰਤੀ ਵਰਗ ਫ਼ੁੱਟ ਦੇ ਹਿਸਾਬ ਨਾਲ ਜਾਂ ਇਸ ਦੀਆਂ ਸਲੈਬਾਂ ਕੱਟ ਕੇ ਵੇਚੀਆਂ ਜਾ ਸਕਦੀਆਂ ਹਨ। ਸਾਲ ਵਿਚ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਘਾਹ ਦੀਆਂ 3-4 ਫ਼ਸਲਾਂ ਅਤੇ ਟਰਫ਼ ਵਜੋਂ 2-3 ਫ਼ਸਲਾਂ ਲਈਆਂ ਜਾ ਸਕਦੀਆਂ ਹਨ। ਇਕ ਖੋਜ ਮੁਤਾਬਕ ਪੰਜਾਬ ਵਿਚ ਘਾਹ ਦੀ ਕਾਸ਼ਤ ਕਰਕੇ 1 ਲੱਖ ਪ੍ਰਤੀ ਏਕੜ ਮੁਨਾਫ਼ਾ ਕਮਾਇਆ ਜਾ ਰਿਹਾ ਹੈ। ਸਮੇਂ ਦੀ ਲੋੜ ਹੈ ਕਿ ਅਸੀਂ ਕੁਦਰਤ ਵਲੋਂ ਬਖਸ਼ੀ ਬਨਸਪਤੀ (ਸਜਵਟੀ ਫ਼ੁੱਲ਼, ਵੇਲਾਂ, ਝਾੜੀਆਂ, ਰੁੱਖਾਂ) ਅਤੇ ਬਗੀਚੇ ਦੀ ਸ਼ਾਨ ‘ਘਾਹ’ ਲਗਾ ਕੇ ਆਪਣੇ ਆਸ-ਪਾਸ ਦੇ ਵਾਤਾਵਰਨ ਨੂੰ ਸਾਫ਼, ਸੁੰਦਰ ਅਤੇ ਰਹਿਣ ਯੋਗ ਬਣਾਈਏ ਅਤੇ ਇਹਨਾਂ ਦੀ ਸੁੱਚਜੇ ਢੰਗ ਨਾਲ ਕਾਸ਼ਤ ਅਤੇ ਸਾਂਭ-ਸੰਭਾਲ ਕਰਕੇ ਆਪਣੀ ਆਮਦਨ ਵਿਚ ਵਾਧਾ ਵੀ ਕਰੀਏ।

Share this Article
Leave a comment