ਗ੍ਰੰਥ ਰਿਦਾ ਗੁਰ ਕੋ ਇਹ ਜਾਨਹੁ … -ਡਾ. ਰੂਪ ਸਿੰਘ

TeamGlobalPunjab
15 Min Read

ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਦਿ ਰੂਪ ‘ਗ੍ਰੰਥ ਸਾਹਿਬ’ ਦੇ ਪਹਿਲੇ ਪ੍ਰਕਾਸ਼ ਨੇ ਧਰਮ ਦੀ ਦੁਨੀਆਂ ਨੂੰ ਮੌਲਿਕ ਦਿਸ਼ਾ ਪ੍ਰਦਾਨ ਕੀਤੀ। ਇਸ ਪਾਵਨ ਦਿਹਾੜੇ ਨਾਲ ਸਬੰਧਤ ਸਿੱਖ ਵਿਦਵਾਨ ਡਾ. ਰੂਪ ਸਿੰਘ ਦੇ ਇਸ ਖੋਜ ਭਰਪੂਰ ਲੇਖ ਵਿੱਚ ਵਡਮੁੱਲੀ ਜਾਣਕਾਰੀ ਦਿੱਤੀ ਗਈ ਹੈ। -ਡਾ. ਗੁਰਦੇਵ ਸਿੰਘ


ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਵਸ ‘ਤੇ ਵਿਸ਼ੇਸ਼

ਗ੍ਰੰਥ ਰਿਦਾ ਗੁਰ ਕੋ ਇਹ ਜਾਨਹੁ …

*ਡਾ. ਰੂਪ ਸਿੰਘ

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੀਵੀ ਕਾਲ ਲਈ ‘ਗੁਰਤਾ ਗੱਦੀ’ ’ਤੇ ਬਿਰਾਜਮਾਨ ਕਰ, 7 ਅਕਤੂਬਰ, 1708 ਈ: ਨੂੰ ਜੋਤੀ-ਜੋਤਿ ਸਮਾ ਗਏ। ਉਨ੍ਹਾਂ ਵੱਲੋਂ ਹੋਏ ਅੰਤਮ ਅਦੇਸ਼ ਅਨੁਸਾਰ ਉਨ੍ਹਾਂ ਦੇ ਸਰੀਰ ਨੂੰ ਅਗਨ ਭੇਟ ਕਰ ਦਿੱਤਾ ਗਿਆ। ਇਹ ਇਤਿਹਾਸਕ ਸਚਾਈ ਹੈ ਪਰ ਬਹੁਤ ਸਾਰੇ ਖੁਦਗਰਜ਼, ਚਲਾਕ ਮਕਾਰ ਤੇ ਧੋਖ਼ੇਬਾਜ਼ ਲੋਕ ਇਤਿਹਾਸਕ ਸਚਾਈਆਂ ਨੂੰ ਤਰੋੜ-ਮਰੋੜ ਕੇ ਪੇਸ਼ ਕਰਦੇ ਹਨ, ਸਿਰਫ਼ ਆਪਣੀ ਦੁਕਾਨਦਾਰੀ ਨੂੰ ਚਲਾਉਣ ਲਈ। ਅਸੀਂ ਗੁਰਬਾਣੀ ਦੇ ਆਸ਼ੇ ਅਨੁਸਾਰੀ ਅਤੇ ਸਮਕਾਲੀ, ਅਰਧ-ਸਮਕਾਲੀ ਇਤਿਹਾਸਕ ਹਵਾਲਿਆਂ ਦੀ ਰੋਸ਼ਨੀ ਵਿੱਚ ਇਸ ਸਚਾਈ ਬਾਰੇ ਵਿਚਾਰ ਕਰਨੀ ਹੈ।

- Advertisement -

ਗੁਰਮਤਿ ਵਿਚਾਰਧਾਰਾ ਦੇ ਅਰੰਭ ਹੋਣ ਤੋਂ ਪਹਿਲਾਂ ਭਾਰਤੀ ਸਮਾਜ ਹਰ ਪਹਿਲੂ ਤੋਂ ਵੰਡਿਆ ਹੋਇਆ ਸੀ। ਧਾਰਮਿਕ ਤੌਰ ’ਤੇ ਹਰ ਵਿਅਕਤੀ ਦਾ ਆਪਣਾ ਹੀ ਗੁਰੂ, ਆਪਣਾ ਹੀ ਦੇਵਤਾ ਤੇ ਆਪਣਾ ਹੀ ਪੂਜਨ ਢੰਗ ਸੀ। ਭਾਰਤੀ ਸਮਾਜ ਦੀ ਇਹ ਵਿਸ਼ੇਸ਼ਤਾ ਹੀ ਕਹੀ ਜਾ ਸਕਦੀ ਹੈ, ਇਸ ਨੇ ਮਨੁੱਖ ਨੂੰ ਹਰ ਖੇਤਰ ਵਿੱਚ ਲੂਲ੍ਹਾ-ਲੰਗੜਾ ਬਣਾ ਕੇ ਦੂਸਰਿਆਂ ’ਤੇ ਨਿਰਭਰ ਹੋਣ ਦਾ ਅਵਸਰ ਪ੍ਰਦਾਨ ਕੀਤਾ ਹੈ। ਆਤਮ ਨਿਰਭਰਤਾ ਦੀ ਤਾਂ ਗੱਲ ਹੀ ਛੱਡ ਦਿਉ। ਅਸੀਂ ਸਮਾਜਿਕ, ਰਾਜਨੀਤਿਕ, ਆਰਥਿਕ ਖੇਤਰ ਵਿੱਚ ਤਾਂ ਹਰ ਸਮੇਂ ਦੂਸਰਿਆਂ ’ਤੇ ਨਿਰਭਰ ਰਹੇ ਹਾਂ ਤੇ ਆਧੁਨਿਕ ਢਾਂਚੇ ਅਨੁਸਾਰ ਹਮੇਸ਼ਾਂ ਰਹਾਂਗੇ; ਪਰ ਦੁੱਖ ਦੀ ਗੱਲ ਤਾਂ ਇਹ ਹੈ, ਅਧਿਆਤਮਕ ਖੇਤਰ ਵਿੱਚ ਵੀ ਵਿਅਕਤੀ ਸੁਤੰਤਰ ਨਹੀਂ! ਭਾਰਤੀ ਧਰਮ ਦਰਸ਼ਨ ਨੇ ਮਨੁੱਖ ਨੂੰ ਇਹੀ ਸਿਖਿਆ ਦਿੱਤੀ ਹੈ ਕਿ ਪਰਮ-ਸੱਚ ਦੀ ਪ੍ਰਾਪਤੀ ਲਈ ਤੁਹਾਨੂੰ ਪਹਿਲੋਂ ਕਿਸੇ ਹੋਰ ਵਿਅਕਤੀ ਦੀ ਸੇਵਾ-ਸੰਭਾਲ ਕਰਨੀ ਪਵੇਗੀ ਤੇ ਫਿਰ ਉਹ ਮਾਰਗ ਦਰਸਾਏਗਾ, ਜਿਸ ’ਤੇ ਚਲ ਕੇ ਪਰਮ-ਸਚ ਦੀ ਪ੍ਰਾਪਤੀ ਹੋ ਸਕਦੀ ਹੈ। ਇਸ ਨਾਲ ਪਰਮ-ਸਚ ਦੀ ਪ੍ਰਾਪਤੀ ਕਿਸੇ ਨੂੰ ਹੋਵੇ ਜਾਂ ਨਾ ਹੋਵੇ ਪਰ ਵਿਅਕਤੀ ਵਿਸ਼ੇਸ਼ ਜਾਂ ਵਰਗ ਵਿਸ਼ੇਸ਼ ਨੂੰ ਜ਼ਰੂਰ ਲਾਭ ਪ੍ਰਾਪਤ ਹੋ ਜਾਂਦਾ। ਇਸ ਤਰ੍ਹਾਂ ਅਧਿਆਤਮਕ ਸਮਾਜ ਵਿੱਚ ਪ੍ਰੋਹਿਤ ਜਾਂ ਪੰਡਤ ਸ਼੍ਰੇਣੀ ਦਾ ਜਨਮ ਹੋਇਆ। ਇਹ ਪ੍ਰੋਹਿਤ ਸ਼੍ਰੇਣੀ ਮਾਲਕ ਦਾ ਰੁਤਬਾ ਰੱਖਦੀ ਸੀ ਤੇ ਹਰ ਮਨੁੱਖ ਜੋ ਇਨ੍ਹਾਂ ਦੀ ਅਗਵਾਈ ਪ੍ਰਾਪਤ ਕਰਦਾ, ਹਮੇਸ਼ਾਂ-ਹਮੇਸ਼ਾਂ ਲਈ ਇਨ੍ਹਾਂ ਦਾ ਬਣ ਕੇ ਰਹਿ ਜਾਂਦਾ। ਪ੍ਰਮਾਤਮਾ ਨੇ ਹਰ ਮਨੁੱਖ ਨੂੰ ਸੁਤੰਤਰ ਸੋਚ ਸ਼ਕਤੀ ਦਿੱਤੀ ਹੈ ਪਰ ਭਾਰਤੀ ਧਾਰਮਿਕ ਨੇਤਾਵਾਂ ਨੇ ਮਨੁੱਖ ਨੂੰ ਜਨਮ ਤੋਂ ਪ੍ਰੋਹਿਤ-ਸ਼੍ਰੇਣੀ ਦਾ ਗੁਲਾਮ ਬਣਾ ਦਿੱਤਾ। ਪੰਡਤ-ਪ੍ਰੋਹਿਤ ਬੱਚੇ ਦੇ ਜਨਮ ਸਮੇਂ ਹਾਜ਼ਰ ਹੋ ਜਾਂਦੇ ਅਤੇ ਸ਼ਮਸ਼ਾਨ ਘਾਟ ਤਕ ਉਸ ਦਾ ਪਿੱਛਾ ਕਰਦੇ। ਇਸ ਨਾਲ ਮਨੁੱਖ ਨੂੰ ਧਾਰਮਿਕ ਤੌਰ ’ਤੇ ਕੋਈ ਲਾਭ ਪ੍ਰਾਪਤ ਹੋਵੇ ਜਾਂ ਨਾ, ਪ੍ਰੋਹਿਤ-ਸ਼੍ਰੇਣੀ ਦੀ ਰੋਜ਼ੀ-ਰੋਟੀ ਦਾ ਇਹ ਵਧੀਆ ਸਾਧਨ ਬਣ ਗਿਆ।

ਗੁਰਬਾਣੀ ਅਨੁਸਾਰ ਮਨੁੱਖ-ਮਨੁੱਖ ਦਾ ਸਹਿਯੋਗੀ ਤਾਂ ਹੋ ਸਕਦਾ ਹੈ, ਪਰ ਮਾਲਕ ਨਹੀਂ। ਮਾਲਕ ਕੇਵਲ ਇਕ ਪ੍ਰਮਾਤਮਾ ਹੀ ਹੈ। ਅਸੀਂ ਸਭ ਬਰਾਬਰ ਹਾਂ। ਸਾਨੂੰ ਇਕ ਦੂਜੇ ਦੀ ਪੂਜਾ-ਉਪਾਸਨਾ ਨਹੀਂ ਕਰਨੀ ਚਾਹੀਦੀ। ਪੂਜਾ-ਉਪਾਸਨਾ ਕੇਵਲ ਪ੍ਰਮਾਤਮਾ ਦੀ ਹੀ ਕਰਨੀ ਬਣਦੀ ਹੈ । ਕੋਈ ਵੀ ਵਿਅਕਤੀ ਤੁਹਾਡੀ ਥਾਂ ਪੂਜਾ-ਉਪਾਸਨਾ-ਸਿਮਰਨ ਭਗਤੀ ਨਹੀਂ ਕਰ ਸਕਦਾ, ਇਹ ਵਿਅਕਤੀ ਦੀ ਆਪਣੀ ਜ਼ਿੰਮੇਵਾਰੀ ਹੈ। ਗੁਰਬਾਣੀ ਅਨੁਸਾਰ ਕਰਤਾਰ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਣਾ ਚਾਹੀਦਾ। ਗੁਰਮਤਿ ਅਨੁਸਾਰ ਪ੍ਰਮਾਤਮਾ ਇਕ ਹੈ, ਜੋ ਜਨਮ-ਮਰਨ ਤੋਂ ਰਹਿਤ, ਸਰਬ ਸ਼ਕਤੀਮਾਨ ਅਤੇ ਸਰਵ ਵਿਆਪਕ ਹੈ। ਸਭ ਮਨੁੱਖ ਬਰਾਬਰ ਹਨ। ਗੁਰਬਾਣੀ ਅਨੁਸਾਰ ਮਨੁੱਖ ਨੂੰ ਮਨੁੱਖ ਦਾ ਆਸਰਾ ਨਹੀਂ ਭਾਲਣਾ ਚਾਹੀਦਾ। ਟੇਕ ਕੇਵਲ ਪ੍ਰਮਾਤਮਾ ’ਤੇ ਹੀ ਹੋਣੀ ਚਾਹੀਦੀ ਹੈ। ਗੁਰਬਾਣੀ ਦਾ ਪਾਵਨ ਫੁਰਮਾਣ ਹਨ –

  • ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ॥ ਦੇਵਨ ਕਉ ਏਕੈ ਭਗਵਾਨੁ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 281)
  • ਇਕੁ ਦਾਤਾ ਸਭਿ ਮੰਗਤੇ ਫਿਰਿ ਦੇਖਹਿ ਆਕਾਰੁ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1242) 

ਜਦ ਅਸੀਂ ਪ੍ਰਮਾਤਮਾ ਦੇ ਦਰ ’ਤੇ ਸਾਰੇ ਮੰਗਤੇ ਹਾਂ, ਤਾਂ ਫਿਰ ਸਾਨੂੰ ਕਿਸੇ ਦੂਸਰੇ ਮਨੁੱਖ ਦਾ ਆਸਰਾ ਲੈਣ ਦੀ ਕੀ ਲੋੜ? ਇਸ ਲਈ ਸਿੱਖ ਗੁਰੂ ਸਾਹਿਬਾਨ ਨੇ ਮਨੁੱਖ ਨੂੰ ਮਨੁੱਖ ਦਾ ਗੁਲਾਮ ਜਾਂ ਸ਼ਗਿਰਦ ਹੋਣ ਤੋਂ ਬਚਾਉਣ ਲਈ ਸਾਨੂੰ ਸਭ ਨੂੰ ‘ਸ਼ਬਦ-ਗੁਰੂ’ ਦੇ ਲੜ ਲਾਇਆ ਹੈ।

ਗੁਰੂ  ਸ਼ਬਦ ਦਾ ਅਰਥ ਹੈ ਕਿ ਨਿਗਲਣਾ ਜਾਂ ਸਮਝਾਉਣਾ ਜੋ ਅਗਿਆਨਤਾ ਦੇ ਹਨੇਰੇ ਨੂੰ ਖੁਦ ਨਿਗਲ ਦੇ ਗਿਆਨ ਦਾ ਪ੍ਰਕਾਸ਼ ਕਰਦਾ ਹੈ ਉਹ ਗੁਰੂ ਹੈ। ਸੰਸਾਰਿਕ ਵਿਦਿਆ ਦੇਣ ਵਾਲੇ ਨੂੰ ਵੀ ਗੁਰੂ ਕਿਹਾ ਜਾਂਦਾ ਹੈ ਇਸ ਤਾਰ੍ਹਾ ਜੋ ਤੱਤ ਗਿਆਨ ਜਾਂ ਆਤਮ-ਗਿਆਨ ਦੀ ਸੋਝੀ ਦਰਸਾਉਂਦਾ ਹੋਇਆ ਜੀਵਨ ਮਨੋਰਥ ਨੂੰ ਸਫਲ ਕਰਵਾਉਂਦਾ ਹੈ, ਉਹ ਗੁਰੂ ਹੈ- ਅਗਿਆਨਤਾ ਦਾ ਹਨੇਰਾ ਦੂਰ ਕਰ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਨੂੰ ਪੀਰ, ਪੈਗੰਬਰ ਗੁਰੂ ਦੀ ਸੰਗਿਆ ਦਿੱਤੀ ਗਈ ਹੈ। ਸਿੱਖ ਜਗਤ ਇਕ ਅਕਾਲ ਪੁਰਖ ਨੂੰ ਸਰਬ-ਸ਼ਕਤੀਮਾਨ ਤੇ ਸਰਬ-ਵਿਆਪੀ ਮੰਨਦਾ ਹੈ। ਅਕਾਲ ਪੁਰਖ ਦਾ ਸੰਦੇਸ਼ ਮਾਨਵਤਾ ਨੂੰ ਦੇਣ ਲਈ ‘ਗੁਰੂ ਨਾਨਕ ਜੋਤਿ’ ਨੂੰ ਗੁਰੂ ਮੰਨਿਆ, ਸਵੀਕਾਰਿਆ ਤੇ ਸਤਿਕਾਰਿਆ ਗਿਆ। ‘ਗੁਰੂ ਨਾਨਕ ਜੋਤਿ’ ਹੀ ਦਸ ਸਰੂਪ ਤੇ ਨਾਨਕ ਨਿਰਮਲ ਪੰਥ ਦੀ ਸਥਾਪਤੀ ਕਰ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਹਮੇਸ਼ਾ-ਹਮੇਸ਼ਾ ਵਾਸਤੇ ਪ੍ਰਕਾਸ਼ਮਾਨ ਹੋ ਗਈ। ਗੁਰੂ ਇਕ ਹੀ ਜੋਤਿ ਹੈ ਜੋ ਅਕਾਲ ਪੁਰਖ ਵਾਹਿਗੁਰੂ ਦਾ ਪ੍ਰਤੱਖ ਰੂਪ ਹੈ। ਗੁਰਮਤਿ ਵਿਚਾਰਧਾਰਾ ਅਨੁਸਾਰ ਜੋਤਿ ਤੇ ਜੁਗਤਿ ਦਾ ਸਿਧਾਂਤ ਹੈ। ਗੁਰੂ ਨਾਨਕ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਹਮੇਸ਼ਾਂ ਵਾਸਤੇ ਪ੍ਰਕਾਸ਼ਮਾਨ ਹੈ, ਜੁਗਤਿ ਗੁਰੂ ਪੰਥ ਪਾਸ ਹੈ:

  • ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 966)

ਗੁਰਬਾਣੀ ਵਿੱਚ ਗੁਰੂ ਦੇ ਮਹੱਤਵ ਤੇ ਲੋੜ ’ਤੇ ਬਹੁਤ ਜ਼ੋਰ ਦਿੱਤਾ ਗਿਆ ਹੈ, ਗੁਰੂ ਦੀ ਸਭ ਤੋਂ ਵੱਡੀ ਸਿਫਤ ਤੇ ਪਹਿਚਾਣ ਇਹ ਹੈ ਕਿ ਉਹ ਕਿਸੇ ਵਰਗ, ਨਸਲ, ਜਾਤ, ਕੁਲ ਖੇਤਰ ਤੀਕ ਸੀਮਤ ਨਹੀਂ ਹੁੰਦੀ ਸਗੋਂ ਉਹ ਤਾਂ ਹਰ ਤਰ੍ਹਾਂ ਵਿਤਕਰਿਆਂ, ਵਖਰੇਵਾਂ, ਸਮਾਜਿਕ, ਧਾਰਮਿਕ, ਆਰਥਿਕ ਨਾ ਬਰਾਬਰੀ ਨੂੰ ਦੂਰ ਕਰ ਸਭ ਨੂੰ ਬਰਾਬਰਤਾ, ਏਕਤਾ, ਸਾਝੀਵਾਲਤਾ ਦਾ ਉਪਦੇਸ਼ ਦ੍ਰਿੜ੍ਹ ਕਰਵਾਉਦਾ ਹੈ। ਗੁਰੂ ਸੂਰਜ ਸਮਾਨ ਹੈ ਸਭ ਨੂੰ ਬਰਾਬਰ ਪ੍ਰਕਾਸ਼ ਵੰਡਦਾ ਹੈ। ਗੁਰਬਾਣੀ ਦਾ ਕਥਨ ਹੈ।

- Advertisement -
  • ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ॥(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 72)

ਗੁਰੂ ਦੀ ਨਿਸ਼ਾਨੀ ਹੈ ਕਿ ਭਰਮ ਭੁਲੇਖਿਆਂ ਤੇ ਊਚ-ਨੀਚ, ਜਾਤ-ਪਾਤ, ਰੰਗ-ਨਸਲ ਖੇਤਰ ਆਦਿ ਦੀਆਂ ਦੀਵਾਰਾਂ ਨੂੰ ਤੋੜਦਿਆਂ ਪ੍ਰਭੂ ਪ੍ਰਮਾਤਮਾ ਨਾਲ ਮਿਲਾਉਦਾ ਹੈ।

  • ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜੁ ਤੋੜਿਆ ॥ ਸੋ ਸਤਿਗੁਰੁ ਵਾਹੁ ਵਾਹੁ ਜਿਨਿ ਹਰਿ ਸਿਉ ਜੋੜਿਆ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 522)

ਸ਼ਬਦ ਗੁਰੂ, ਸਮਰੱਥ ਗੁਰੂ ਹੈ ਪਰ ਬਾਣੀ ਦੇ ਅਰਥ-ਵਿਆਖਿਆ ਕਾਰਨ ਵਾਲਾ ਗੁਰੂ ਨਹੀਂ ਹੋ ਸਕਦਾ ਜੇ ਕੋਈ ਐਸਾ ਕਰਦਾ ਹੈ ਤਾਂ ਉਹ ਭਰਮ ਪਾਲ ਰਿਹਾ ਹੈ। ਬਾਣੀ ਦੀ ਸੰਭਾਲ ਸ਼ਬਦ ਦੁਆਰਾ ਹੀ ਹੋ ਸਕਦੀ ਹੈ। ਗੁਰੂ ਤੇ ਚੇਲੇ ਦਾ ਸੰਪਰਕ ਸਰੀਰ ਕਰਕੇ ਨਹੀਂ ਬੋਲਬਾਣੀ ਬਚਨ ਕਰਕੇ ਹੈ। ਸਰੀਰ ਦਾ ਸਬੰਧ ਸਦੀਵੀ ਨਹੀਂ ਨਾਸ਼ਮਾਨ ਹੈ ਅਤੇ ਸ਼ਬਦ ਬੋਲ-ਬਾਣੀ ਰਾਹੀਂ ਗੁਰੂ ਅਵਤਾਰੀ ਗਿਆਨ ਪ੍ਰਗਟ ਕਰਦਾ ਹੈ। ਸ਼ਬਦ ਨੂੰ ਸੁਨਣ ਸਮਝਨ ਤੇ ਵਿਚਾਰਨ ਦੀ ਵਿਸ਼ੇਸ਼ ਲੋੜ ਹੈ :

  • ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 594)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਚ ਅੰਕਿਤ ਗੁਰੂ ਸਾਹਿਬਾਨ ਦੀ ਪਾਵਨ ਬਾਣੀ  ‘ਨਾਨਕ ਮੋਹਰ’ ਛਾਪ ਹੇਠ ਹੀ ਅੰਕਿਤ ਹੈ ਜਿਸ ਤੋਂ ਸਪਸ਼ਟ ਹੈ ਕਿ ‘ਜੋਤਿ-ਜੁਗਤਿ’ ਇਕ ਮਿਕ ਹੀ ਸੀ ਇਹ ਤਾਂ ਇਕ ਦੀਵੇ ਤੋਂ ਦੂਸਰਾ ਦੀਵਾ ਜਗਾਣ ਦੇ ਬਰਾਬਰ ਸੀ:

  • ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 646)
  • ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 966)

ਕਾਹਬਾ ਤੇ ਕਿਤਾਬ ਹਰ ਧਰਮ ਲਈ ਜਰੂਰੀ ਹਨ ਭਾਵ ਧਰਮ ਮੰਦਰ ਤੇ ਧਰਮ ਗ੍ਰੰਥ ਜਰੂਰੀ ਹੈ । ਪਹਿਲਾਂ ਧਰਮ ਗ੍ਰੰਥ ਲੋਕ ਭਾਸ਼ਾ ‘ਚ ਨਹੀਂ ਸਨ, ਗੁਰੂ ਜੀ ਨੇ ਆਪਣੀ ਬੋਲੀ, ਸ਼ੈਲੀ ਤੇ ਭਾਸ਼ਾ ’ਚ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ।

ਗੁਰਬਾਣੀ ’ਚ ਪ੍ਰੀਤਮ ਤੋਂ ਵਿਛੋੜੇ ਦੇ ਦਰਦ ਤੇ ਮਿਲਾਪ ਦੇ ਸਕੂਨ, ਧਰਮ ਕਰਤਵ,  ਕੁਦਰਤ ਦੇ ਅਨੂਪਮ ਦ੍ਰਿਸ਼, ਇਤਿਹਾਸ ਤੇ ਮਿਥਿਹਾਸ, ਅਨੁਭਵ ਦੇ ਸੱਚ ਨੂੰ ਉਜਾਗਰ ਕੀਤਾ ਗਿਆ ਹੈ। ਗੁਰਬਾਣੀ ਅਕਾਲ-ਪੁਰਖ ਵਾਹਿਗੁਰੂ ਦੀ ਏਕਤਾ ਅਧਾਰਿਤ ਇਕ ਬਰਾਬਰਤਾ ਵਾਲੇ ਸਮਾਜ ਦੀ ਸਿਰਜਣਾ ਕਰਨ ਦਾ ਉਪਦੇਸ਼ ਦ੍ਰਿੜ ਕਰਵਾਉਂਦੀ ਹੈ। ਗੁਰੂ ਸਾਹਿਬਾਨ, ਭਗਤਾਂ, ਗੁਰੂ ਘਰ ਦੇ ਕੀਰਤਨੀਆਂ, ਨਿਕਟਵਰਤੀ ਸਿੱਖਾਂ ਵੱਲੋਂ ਰਚੀ ਗੁਰਬਾਣੀ ਧਰਮ, ਜਾਤ, ਰੰਗ, ਨਸਲ, ਖੇਤਰ, ਊਚ-ਨੀਚ ਗੁਰੂ-ਚੇਲੇ ਦੇ ਵਿਤਕਰੇ-ਵਖਰੇਵੇਂ ਨੂੰ ਹਮੇਸ਼ਾ ਵਾਸਤੇ ਖਤਮ ਕਰਦੀ ਹੈ। ‘ਏਕ ਪਿਤਾ ਏਕਸ ਕੇ ਹਮ ਬਾਰਿਕ’ ਦੇ ਨਿਯਮ ਨੂੰ ਅਮਲ ’ਚ ਪ੍ਰਗਟ ਕੀਤਾ।

ਦਮਦਮਾ ਸਾਹਿਬ ’ਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ-ਪਿਤਾ ਗੁਰੂ ਤੇਗ ਬਹਾਦੁਰ ਜੀ ਦੀ ਪਾਵਨ ਬਾਨੀ  ਦਰਜ਼ ਕਰਕੇ ਪਾਵਨ ਸਰੂਪ ਮੁੜ ਭਾਈ ਮਨੀ ਸਿੰਘ ਦੇ ਪਾਸੋਂ ਲਿਖਵਾਇਆ, ਜਿਸ ਵਿੱਚ ਛੇ ਗੁਰੂ ਸਾਹਿਬਾਨ, 15 ਭਗਤਾਂ, 11 ਭੱਟਾਂ ਸਮੇਤ ਚਾਰ (ਕਈ ਵਿਦਵਾਨ ਤਿੰਨ) ਗੁਰੂ ਦੇ ਨਿਕਟਵਰਤੀ ਗੁਰਸਿੱਖਾਂ ਦੀ ਪਾਵਨ ਬਾਣੀ ਦਰਜ਼ ਹੈ।

  • ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 628)
  • ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 722)

ਪ੍ਰਭੂ-ਪ੍ਰਮਾਤਮਾ, ਗੁਰੂ ਤੇ ਗੁਰਬਾਣੀ ਇਕਸੁਰ ਤੇ ਇਕਸਾਰ ਹੈ। ਗੁਰੂ ਤੇ ਗੁਰਬਾਣੀ ਅਕਾਲ ਪੁਰਖ ‘ਸਰੂਪ ਤੇ ਉਪਦੇਸ਼ ਨੂੰ ਦ੍ਰਿੜ ਕਰਵਾਉਦੀ ਹੈ।’ ਗੁਰਮਤਿ ਵਿਚਾਰਧਾਰਾ ਗੁਰਬਾਣੀ ਅਨੁਸਾਰ ਨਾਸ਼ਮਾਨ ਸਰੀਰ ਨੂੰ ਗੁਰੂ ਸਵੀਕਾਰਦੀ ਹੀ ਨਹੀ, “ਸ਼ਬਦ ਗੁਰੂ” ਨੂੰ ਹੀ ਨਿੰਰਕਾਰੀ ਗਿਆਨ ਨੂੰ ਹੀ ‘ਗੁਰੂ ਜੋਤਿ’ ਦੇ ਰੂਪ ’ਚ ਮੰਨਿਆ-ਪਰਵਾਨਿਆ ਤੇ ਸਤਿਕਾਰਿਆ ਗਿਆ ਹੈ।

  • ਆਗਿਆ ਭਈ ਅਕਾਲ ਕੀ ਤਬੀ ਚਲਾਯੋ ਪੰਥ। ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਅਹੁ ਗ੍ਰੰਥ।

ਗੁਰੂ ਦੀ ਬਾਣੀ ਹੀ ਸਿੱਖਾਂ ਵਾਸਤੇ ਗੁਰੂ ਹੈ। ਗੁਰਬਾਣੀ ’ਚ ਗੁਰੂ ਦੀ ਹੋਂਦ-ਹਸਤੀ ਤੇ ਉਪਦੇਸ਼ ਵਿਦਮਾਨ ਹੈ। ਗੁਰਬਾਣੀ ਹੀ ਮਨੁੱਖ ਨੂੰ ਸੰਸਾਰ ਤੋਂ ਨਿਰੰਕਾਰ ਦੀ ਯਾਤਰਾ ਸੰਪੂਰਨ ਕਰਾਉਂਦੀ ਹੈ। ਗੁਰੂ ਸਾਹਿਬਾਨ ਦਾ ਦ੍ਰਿੜ ਵਿਸਵਾਸ਼ ਹੈ ਕਿ ਸ਼ਬਦ ਹੀ ਸਦੀਵੀ ਹੈ। ਸ਼ਬਦ ਹੀ ਜੋਤਿ ਨੂੰ ਪ੍ਰਗਟ ਕਰ ਸਕਦਾ ਹੈ, ਸਰੀਰ ਨਹੀਂ ਕਿਉਂਕਿ ਸਰੀਰ ਸਮੇਂ ਤੇ ਸਥਾਨ ਦੀ ਸੀਮਾ ’ਚ ਹੈ। ਸ਼ਬਦ ਹੀ ਸਦੀਵੀ ਤੇ ਸਰਵਵਿਆਪੀ ਹੋ ਸਕਦਾ ਹੈ। ਸ਼ਬਦ ਗੁਰੂ ਹੀ ਬਿਅੰਤ ਨੂੰ ਰੂਪਮਾਨ ਕਰਦਾ ਹੈ। ਗੁਰਬਾਣੀ ਵਿੱਚ ਹੀ ਸਤਿ-ਸੰਤੋਖ ਤੇ ਅੰਮ੍ਰਿਤ ਨਾਮ ਦਾ ਵਿਚਾਰ ਪ੍ਰਗਟ ਕੀਤਾ ਗਿਆ ਹੈ।

  • ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥
  • ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1429)

ਗੁਰਬਾਣੀ ਹੀ ਸੁਖ-ਸ਼ਾਂਤੀ ਦਾ ਸਹੀ ਸੋਮਾ ਹੈ।ਗੁਰਬਾਣੀ ਅਧਿਆਤਮਕ ਗਿਆਨ ਦਾ ਅਮੁੱਲ ਖਜ਼ਾਨਾ, ਸਤਿ ਆਧਾਰਿਤ ਇਤਿਹਾਸ ਤੇ ਸਦੀਵੀ-ਸੁਖ ਸਾਂਤੀ ਵਾਲੇ ਸਮਾਜ ਦੀ ਸਿਰਜਣਾ ਕਰਨ ਦਾ ਉਪਦੇਸ ਹੈ।

  • ਵਾਹੁ ਵਾਹੁ ਬਾਣੀ ਨਿਰੰਕਾਰ ਹੈ॥ ਤਿਸ ਜੇਵਡ ਅਵਰੁ ਨ ਕੋਇ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 515)

ਪ੍ਰਭੂ ਪ੍ਰਮਾਤਮਾ ਨਾਲ ਅਭੇਦ ਗੁਰੂ ਸਾਹਿਬਾਨ ਤੇ ਭਗਤ ਜਨਾ ਨੇ ਅਨੁਭਵ ਪ੍ਰਕਾਸ਼ ਨੂੰ ਗੁਰਬਾਣੀ ਰਚਨਾ ਦੇ ਰੂਪ ’ਚ ਸਮੇਂ ਸਮੇਂ ਪ੍ਰਗਟ ਕੀਤਾ। ਨਿਰੰਕਾਰੀ ਗੁਰਬਾਣੀ ਦਾ ਪ੍ਰਕਾਸ਼ ਗੁਰੂ ਅਰਜਨ ਦੇਵ ਜੀ ਨੇ ਭਾਦਰੋਂ ਸੁਦੀ, ਸੰਮਤ 1661, 14 ਅਗਸਤ 1604 ਈ: ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ। ਪਾਵਨ ਸਰੂਪ ਦੀ ਸੰਪਾਦਨਾ, ਲਿਖਾਈ ਤੇ ਜ਼ਿਲਦਬੰਦੀ ਦਾ ਕਾਰਜ ਸੰਪੂਰਨ ਹੋਣ ‘ਤੇ ਨਗਰ ਕੀਰਤਨ ਦੇ ਰੂਪ ਵਿੱਚ ਸ੍ਰੀ ਹਰਿਮੰਦਰ ਸਾਹਿਬ ਲਿਆਂਦਾ ਗਿਆ। ਪਹਿਲੀ ਵਾਰ ਪਾਵਨ ਸਰੂਪ ਸੀਸ ਉਪਰ ਉਠਾਣ ਦਾ ਸੁਭਾਗ ਸਤਿਕਾਰਤ ਬਜੁਰਗ, ਬਾਬਾ ਬੁੱਢਾ ਜੀ ਨੂੰ ਪ੍ਰਾਪਤ ਹੋਇਆ। ਖੁਦ ਗੁਰੂ ਅਰਜਨ ਦੇਵ ਜੀ ਚੌਰ ਦੀ ਸੇਵਾ ਕਰਦੇ ਰਹੇ। ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਕਰਤਾ ਅਨੁਸਾਰ:

ਬੁੱਢੇ ਕੋ ਸ੍ਰੀ ਗੁਰੂ ਕਹਾ ਸੀਸ ਆਪਨੇ ਧਾਰਿ॥

ਗੁਰੂ ਸਿੱਧ ਅਤਿ ਪ੍ਰੇਮ ਸੋ ਮਨ ਮੋ ਸ਼ਾਂਤ ਵਿਚਾਰ ॥20॥

ਚੌਪਈ॥ ਸਤਿ ਬਚਨ ਬੁੱਢੇ ਮੁਖਿ ਗਾਇ ॥

ਗੁਰੂ ਗ੍ਰਿੰਥ ਸਿਰਿ ਲਯੋ ਉਠਾਇ ॥

ਸ੍ਰੀ ਗੁਰ ਚੌਰ ਆਪ ਕਰ ਧਾਰਯੋ॥121

ਬੇਅੰਤ ਸੰਗਤਾਂ ਗੁਰਬਾਣੀ ਦੇ ਸ਼ਬਦ ਗਾਇਨ ਕਰ ਰਹੀਆਂ ਸਨ। ਹਰਿਮੰਦਰ ਸਾਹਿਬ ’ਚ ਜਿਸ ਜਗ੍ਹਾ ਗੁਰੂ ਅਰਜਨ ਦੇਵ ਜੀ ਬਿਰਾਜ਼ਮਾਨ ਹੋ ਸੰਗਤਾਂ ਨੂੰ ਦਰਸ਼ਨ ਬਖਸ਼ਿਸ਼ ਕਰਦੇ ਸਨ ਉਸ ਜਗ੍ਹਾਂ ’ਤੇ ਵਿਸ਼ੇਸ ਪੀੜਾ ਸਾਹਿਬ ਉਪਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਹੋਣ ਦਾ ਮਾਣ ਦਿੱਤਾ ਗਿਆ। ਬਾਬਾ ਜੀ ਨੇ ਪ੍ਰਕਾਸ਼ ਕਰਕੇ ਹੁਕਮਨਾਮਾ ਸਰਵਣ ਕਰਵਾਇਆ।

ਸੂਹੀ ਮਹਲਾ ੫ ॥

ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥

ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 783)

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੁਖ ਆਸਣ ਬਾਰੇ ਗੁਰੂ ਜੀ ਨੇ ਸੰਗਤਾਂ ਨੂੰ ਆਦੇਸ਼ ਕੀਤਾ ਕਿ ਜਿਸ ਅਸਥਾਨ ’ਤੇ ਅਸੀਂ ਵਿਸ਼ਰਾਮ ਕਰਦੇ ਹਾਂ ਉਸ ਜਗ੍ਹਾ ਸੁੰਦਰ ਪਲੰਘ ਤੇ ਗੁਰੂ ਗ੍ਰੰਥ ਸਾਹਿਬ ਦਾ ਸੁਖ ਆਸਣ ਹੋਇਆ, ਮੇਰਾ ਨਿਵਾਸ ਸ਼ਬਦ ਗੁਰੂ ਤੋਂ ਹੇਠਾਂ ਹੋਵੇਗਾ। ਆਪਣਾ ਵਿਸ਼ਰਾਮ ਵਾਸਤੇ ਧਰਤੀ ’ਤੇ ਚਾਦਰ ਵਿਛਾਉਣਾ ਦਾ ਆਰੰਭ ਕੀਤਾ। ਪਹਿਲੇ ਪ੍ਰਕਾਸ਼ ਤੋਂ ਬਾਅਦ ਗੁਰੂ ਜੀ ਨੇ ਨਿਰੰਤਰ ਸਤਿਕਾਰ ਵਜੋਂ ਨੀਵੇਂ ਸਥਾਨ ਬੈਠਣਾ ਤੇ ਸੌਣਾ ਸ਼ੁਰੂ ਕਰ ਦਿੱਤਾ।

ਗੁਰੂ ਹਰਿ ਰਾਇ ਸਾਹਿਬ ਜੀ ਦਾ ਸੰਗਤਾਂ ਨੂੰ ਆਦੇਸ਼ ਕੀਤਾ ਕਿ ਗੁਰਬਾਣੀ ਅਦਬ-ਸਤਿਕਾਰ ਹੀ ਉੱਤਮ ਹੈ ਜਿਹੜੇ ਸਿੱਖ ਗੁਰਬਾਣੀ ਦਾ ਸਤਿਕਾਰ ਨਹੀਂ ਕਰਦੇ ਉਹ ਮੇਰੇ ਸਿੱਖ ਨਹੀਂ।

  • ਜਿਨ ਭੈ ਬਾਣੀ ਅਦਬ ਨ ਧਾਰਾ । ਜਾਣਹੁ ਸੋ ਸਿੱਖ ਨਹੀਂ ਹਮਾਰਾ।( ਗੁ: ਪ੍ਰ: ਸੂ: ਰਾਸ 10, ਅੰਸੂ 21)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਸੰਸਾਰ ਭਰ ਦੇ ਸਿੱਖਾਂ ਸੇਵਕਾਂ ਵੱਲੋਂ 7 ਸਤੰਬਰ, 2011 ਨੂੰ ਪਰੰਪਰਾਵਾਂ ਤੇ ਖਾਲਸਾਈ ਜਾਹੋ ਜਲਾਲ ਨਾਲ ਮਨਾਇਆ ਜਾ ਰਿਹਾ ਹੈ। ਆਓ ਗੁਰਬਾਣੀ ਦੇ ਅਦਬ-ਸਤਿਕਾਰ ਨਾਲ ਜੁੜਦੇ ਹੋਏ ਗੁਰਬਾਣੀ ਦੇ ਆਸ਼ੇ ਅਨੁਸਾਰ ਜੀਵਨ ਜੀਉਣ ਲਈ ਯਤਨਸ਼ੀਲ ਹੋਈਏ…॥

*98146 37979 _roopsz@yahoo.com

Share this Article
Leave a comment