ਜਗਤਾਰ ਸਿੰਘ ਸਿੱਧੂ;
ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰ ਸਰਕਾਰ ਵਿਚਕਾਰ ਗੱਲਬਾਤ ਸ਼ੁਰੂ ਹੋਣ ਨੂੰ ਲੈ ਕੇ ਅਜੇ ਵੀ ਸਥਿਤੀ ਪੂਰੀ ਤਰ੍ਹਾਂ ਗੈਰ ਯਕੀਨੀ ਵਾਲੀ ਹਾਲਤ ਬਣੀ ਹੋਈ ਹੈ। ਇਸ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਸੋਲਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ ਅਤੇ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ। ਕਿਸਾਨਾਂ ਵਲੋਂ ਖਨੌਰੀ ਅਤੇ ਸ਼ੰਭੂ ਬਾਰਡਰ ਉੱਤੇ ਡੱਲੇਵਾਲ ਦੀ ਸਿਹਤ ਅਤੇ ਮੋਰਚੇ ਦੀ ਚੜਦੀ ਕਲਾ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ।ਅੰਦੋਲਨਕਾਰੀ ਆਗੂਆਂ ਵਲੋਂ 14 ਦਸੰਬਰ ਨੂੰ ਮੁੜ ਜਥੇ ਦਾ ਦਿੱਲੀ ਨੂੰ ਭੇਜਣ ਦਾ ਐਲਾਨ ਕੀਤਾ ਗਿਆ ਹੈ। ਕਿਸਾਨ ਨੇਤਾਵਾਂ ਨੇ ਸੱਦਾ ਦਿੱਤਾ ਹੈ ਕਿ ਭਾਜਪਾ ਦੇ ਕਿਸਾਨ ਵਿਰੋਧੀ ਹਮਲਿਆਂ ਦਾ ਕਿਸਾਨ ਅੰਦੋਲਨ ਨੂੰ ਹਮਾਇਤ ਦੇਕੇ ਟਾਕਰਾ ਕੀਤਾ ਜਾਵੇ। ਖਨੌਰੀ ਬਾਰਡਰ ਤੇ ਮਰਨ ਵਰਤ ਉੱਪਰ ਬੈਠੇ ਕਿਸਾਨ ਨੇਤਾ ਡੱਲੇਵਾਲ ਦੀ ਸੁਰੱਖਿਆ ਲਈ ਕਿਸਾਨਾਂ ਨੇ ਤਿੰਨ ਪੜਾਵੀ ਘੇਰਾ ਬਣਾਇਆ ਹੋਇਆ ਹੈ ਅਤੇ ਇਸ ਤਰ੍ਹਾਂ ਪੁਲਿਸ ਨੂੰ ਵੀ ਡੱਲੇਵਾਲ ਤੱਕ ਪਹੁੰਚਣਾ ਪਹਿਲਾਂ ਵਾਂਗ ਸੌਖਾ ਨਹੀਂ। ਪਿੰਡਾਂ ਅੰਦਰ ਮੋਰਚੇ ਦੀ ਚੜ੍ਹਦੀ ਕਲਾ ਲਈ ਗੁਰਦੁਆਰਾ ਸਾਹਿਬ ਅੰਦਰ ਅਰਦਾਸ ਕਰਨ ਦੀ ਬੇਨਤੀ ਕੀਤੀ ਗਈ ਹੈ।
ਬੇਸ਼ਕ ਅਧਿਕਾਰਤ ਤੌਰ ਤੇ ਕੇਂਦਰ ਸਰਕਾਰ ਵਲੋਂ ਅਜੇ ਤੱਕ ਗੱਲਬਾਤ ਲਈ ਕੋਈ ਸੱਦਾ ਨਹੀਂ ਆਇਆ ਹੈ ਪਰ ਇਹ ਪਹਿਲਾ ਮੌਕਾ ਹੈ ਜਦੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ ਅਤੇ ਕਿਸਾਨ ਮੁੱਦੇ ਉੱਪਰ ਕੋਈ ਬਿਆਨ ਦਿੱਤਾ ਹੈ ਅਤੇ ਇਸ ਦਾ ਨੋਟਿਸ ਲੈਣਾ ਬਣਦਾ ਹੈ। ਪੰਜਾਬ ਦੇ ਰਾਜਪਾਲ ਨੇ ਕਿਹਾ ਹੈ ਕਿ ਚੰਡੀਗੜ ਅਤੇ ਕਿਸਾਨ ਮਸਲਿਆਂ ਦਾ ਗੱਲਬਾਤ ਰਾਹੀਂ ਹੱਲ ਸੰਭਵ ਹੈ। ਇਸ ਤੋਂ ਪਹਿਲਾਂ ਵੀ ਭਾਜਪਾ ਦੇ ਕਈ ਆਗੂਆਂ ਦੇ ਬਿਆਨ ਤਾਂ ਕਿਸਾਨ ਮਸਲੇ ਉਪਰ ਆਉਂਦੇ ਰਹਿੰਦੇ ਹਨ ਪਰ ਉਨਾਂ ਵਿਚ ਰਾਜਨੀਤੀ ਦੀ ਝਲਕ ਵਧੇਰੇ ਹੁੰਦੀ ਹੈ। ਪੰਜਾਬ ਦੇ ਰਾਜਪਾਲ ਦਾ ਬਿਆਨ ਉਸ ਵੇਲੇ ਹੋਰ ਵੀ ਅਹਿਮ ਸਮਝਿਆ ਜਾਂਦਾ ਹੈ ਜਦੋਂ ਉਹ ਇਹ ਆਖ ਰਹੇ ਹਨ ਕਿ ਸੂਬੇ ਦੀ ਤਰੱਕੀ ਲਈ ਕੇਂਦਰ ਅਤੇ ਪੰਜਾਬ ਸਰਕਾਰ ਵਿਚਾਲੇ ਪੁਲ ਬਨਣ ਲਈ ਤਿਆਰ ਹਨ । ਖ਼ਾਸ ਤੌਰ ਤੇ ਜੇਕਰ ਪਹਿਲੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਰਵੱਈਏ ਨੂੰ ਦੇਖਿਆ ਜਾਵੇ ਤਾਂ ਉਹ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਨਾਲ ਸਿੱਧੇ ਤੌਰ ਤੇ ਟਕਰਾਅ ਵਾਲਾ ਸੀ ਅਤੇ ਹੁਣ ਨਵੇਂ ਰਾਜਪਾਲ ਨੇ ਮਸਲਿਆਂ ਦੇ ਹੱਲ ਲਈ ਸਹਿਯੋਗ ਦੀ ਪੇਸ਼ਕਸ਼ ਕੀਤੀ ਹੈ। ਇਸ ਵੇਲੇ ਕਿਸਾਨੀ ਮਸਲਾ ਸਭ ਤੋਂ ਅਹਿਮ ਬਣਿਆ ਹੋਇਆ ਹੈ ਜਿਸ ਦਾ ਹੱਲ ਕਿਸਾਨੀ ਦੇ ਨਾਲ ਨਾਲ ਪੰਜਾਬ ਅਤੇ ਦੇਸ਼ ਦੇ ਹਿੱਤ ਵਿੱਚ ਹੈ।
ਸੰਪਰਕ 9814002186