Home / ਓਪੀਨੀਅਨ / ਕੌਮਾਂਤਰੀ ਸ਼ਤਰੰਜ ਦਿਵਸ – ਦਿਮਾਗੀ ਜੰਗ ਦੀ ਖੇਡ ਹੈ ਸ਼ਤਰੰਜ

ਕੌਮਾਂਤਰੀ ਸ਼ਤਰੰਜ ਦਿਵਸ – ਦਿਮਾਗੀ ਜੰਗ ਦੀ ਖੇਡ ਹੈ ਸ਼ਤਰੰਜ

 

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ

 

ਮਨੁੱਖ ਨੇ ਆਪਣੇ ਦਿਮਾਗ ਦੀ ਵਰਤੋਂ ਕਰਦਿਆਂ ਹੋਇਆਂ ਹੁਣ ਤੱਕ ਜਿੰਨੀਆਂ ਵੀ ਖੇਡਾਂ ਦੀ ਘਾੜਤ ਘੜੀ ਹੈ ਉਨ੍ਹਾ ਵਿੱਚੋਂ ਸਭ ਤੋਂ ਵੱਧ ਦਿਮਾਗ ਲਗਾ ਕੇ ਖੇਡੀ ਜਾਣ ਵਾਲੀ ਕੋਈ ਖੇਡ ਜੇਕਰ ਹੈ ਤਾਂ ਉਹ ਹੈ – ਸ਼ਤਰੰਜ। ਇਸ ਖੇਡ ਨੂੰ ਖੇਡਦਿਆਂ ਸਬੰਧਿਤ ਖਿਡਾਰੀ ਦਾ ਸ਼ਰੀਰ ਬੇਸ਼ੱਕ ਪਸੀਨੇ ਨਾਲ ਤਰ-ਬ-ਤਰ ਹੋਵੇ ਜਾਂ ਨਾ ਹੋਵੇ ਪਰੰਤੂ ਉਸਦੇ ਦਿਮਾਗ ਦਾ ਖ਼ੂਨ-ਪਸੀਨਾ ਜ਼ਰੂਰ ਇੱਕ ਹੋ ਜਾਂਦਾ ਹੈ। ਇਹ ਖੇਡ ਅਸਲ ਵਿੱਚ ਦਿਮਾਗੀ ਜੰਗ ਦੀ ਅਜਿਹੀ ਖੇਡ ਹੈ ਜਿਸ ਵਿੱਚ ਬਰਾਬਰ ਤਾਕਤ ਤੇ ਸੰਖਿਆ ਦੀਆਂ ਦੋ ਫੌਜਾਂ ਸੰਕੇਤਕ ਰੂਪ ਵਿੱਚ ਇੱਕ ਦੂਜੇ ਨਾਲ ਭਿੜਦੀਆਂ ਹਨ ਤੇ ਫਿਰ ‘ਸ਼ਤਰੰਜੀ ਚਾਲਾਂ’ ਦੀ ਬਦੌਲਤ ਇੱਕ ਸੈਨਾ, ਦੂਜੀ ਸੈਨਾ ਨੂੰ ਮਾਤ ਪਾ ਦਿੰਦੀ ਹੈ। ਇਸੇ ਤਰ੍ਹਾਂ ਰਾਜਨੀਤੀ ਵਿੱਚ ਵੀ ਸਿਆਸੀ ਲੀਡਰ ਸ਼ਤਰੰਜੀ ਚਾਲਾਂ ਚਲਦੇ ਰਹਿੰਦੇ ਹਨ।

20 ਜੁਲਾਈ ਦਾ ਦਿਨ ਦੁਨੀਆਂ ਭਰ ਵਿੱਚ ‘ਕੌਮਾਂਤਰੀ ਸ਼ਤਰੰਜ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਮਨਾਉਣ ਦਾ ਪ੍ਰਸਤਾਵ ਵਿਸ਼ਵ ਪ੍ਰਸਿੱਧ ਸੰਸਥਾ ਯੂਨੇਸਕੋ ਨੇ ਪੇਸ਼ ਕੀਤਾ ਸੀ ਤੇ ਸੰਨ 1966 ਵਿੱਚ ਇਹ ਦਿਵਸ ਪਹਿਲੀ ਵਾਰ ਮਨਾਇਆ ਗਿਆ ਸੀ। ਹੁਣ ਪ੍ਰਸ਼ਨ ਇਹ ਹੈ ਕਿ ਇਹ ਦਿਵਸ ਮਨਾਉਣ ਲਈ 20 ਜੁਲਾਈ ਦਾ ਦਿਨ ਹੀ ਕਿਉਂ ਚੁਣਿਆ ਗਿਆ ਤਾਂ ਇਸ ਦਾ ਜਵਾਬ ਇਹ ਹੈ ਕਿ 20 ਜੁਲਾਈ, ਸੰਨ 1924 ਵਿੱਚ ‘ਇਟਰਨੈਸ਼ਨਲ ਚੈੱਸ ਫ਼ੈਡਰੇਸ਼ਨ’ ਭਾਵ ਕੌਮਾਂਤਰੀ ਸ਼ਤਰੰਜ ਫੈਡਰੇਸ਼ਨ ਦੀ ਸਥਾਪਨਾ ਹੋਈ ਸੀ ਤੇ ਉਸ ਦਿਨ ਨੂੰ ਇਤਿਹਾਸ ਵਿੱਚ ਯਾਦਗਾਰੀ ਬਣਾਉਣ ਲਈ 20 ਜੁਲਾਈ ਨੂੰ ਉਕਤ ਦਿਵਸ ਮਨਾਉਣ ਦੀ ਪ੍ਰੰਪਰਾ ਸ਼ੁਰੂ ਕੀਤੀ ਗਈ ਸੀ। ਮਹੱਤਵਪੂਰਨ ਤੱਥ ਇਹ ਹੈ ਕਿ ‘ਇਟਰਨੈਸ਼ਨਲ ਚੈੱਸ ਫ਼ੈਡਰੇਸ਼ਨ’ ਵਿੱਚ 181 ਸ਼ਤਰੰਜ ਫੈਡਰੇਸ਼ਨਾਂ ਸ਼ਾਮਿਲ ਹਨ ਤੇ ਇਹ ਦਿਵਸ ਦੁਨੀਆ ਭਰ ਵਿੱਚ ਮੌਜੂਦ 605 ਮਿਲੀਅਨ ਸ਼ਤਰੰਜ ਖਿਡਾਰੀਆਂ ਵੱਲੋਂ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਹਰ ਸਾਲ ਮਨਾਇਆ ਜਾਂਦਾ ਹੈ।

ਕੁਝ ਖੇਡ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਸ਼ਤਰੰਜ ਦੀ ਖੇਡ ਦਾ ਮੁਹਾਂਦਰਾ ਤੇ ਖੇਡ ਵਿਧੀ ਜਾਂ ਸ਼ੈਲੀ ਸੱਤਵੀਂ ਸਦੀ ਤੋਂ ਪਹਿਲਾਂ ਭਾਰਤ ਵਿੱਚ ਖੇਡੀ ਜਾਂਦੀ ਖੇਡ ‘ਚਤੁਰੰਗਾ’ ਨਾਲ ਕਾਫੀ ਮੇਲ ਖਾਂਦੀ ਹੈ। ਭਾਰਤ ਤੋਂ ਇਹ ਖੇਡ ਪਰਸ਼ੀਆ ਤੱਕ ਚਲੀ ਗਈ ਤੇ ਜਦੋਂ ਅਰਬ ਦੇਸ਼ ਦੇ ਲੋਕਾਂ ਨੇ ਪਰਸ਼ੀਆ ‘ਤੇ ਜਿੱਤ ਹਾਸਿਲ ਕਰਕੇ ਉਸ ਉੱਤੇ ਕਬਜ਼ਾ ਕਰ ਲਿਆ ਤਾਂ ਥੋੜ੍ਹੇ-ਬਹੁਤ ਹੀ ਪਰਿਵਰਤਨਾਂ ਸਹਿਤ ਇਹ ਖੇਡ ਉਨ੍ਹਾਂ ਦੇ ਹੱਥਾਂ ਵਿੱਚ ਚਲੀ ਗਈ। ਮੁਸਲਮਾਨਾਂ ਨੇ ਇਸ ਖੇਡ ਨੂੰ ਦੱਖਣੀ ਯੂਰਪ ਤੱਕ ਫੈਲਾਇਆ ਤੇ ਫਿਰ ਮੱਧ ਯੁੱਗ ‘ਚੋਂ ਗੁਜ਼ਰਦੀ ਹੋਈ ਇਹ ਦਿਲਚਸਪ ਦਿਮਾਗੀ ਖੇਡ ਅਜੋਕੇ ਰੂਪ ਵਿੱਚ 15ਵੀਂ ਸ਼ਤਾਬਦੀ ਅੰਦਰ ਲੱਖਾਂ ਲੋਕਾਂ ਦੀ ਪਸੰਦ ਬਣ ਚੁੱਕੀ ਸੀ।

ਸੰਪਰਕ: 97816-46008

Check Also

ਵਾਤਾਵਰਣ ਦੇ ਮੁੱਦੇ ਨੂੰ ਚੋਣਾਂ ਚ ‘ਲੋਕ ਅਤੇ ਵੋਟ’ ਮੁੱਦਾ ਬਣਾਉਣ ਦੀ ਲੋੜ

ਸੰਤ ਬਲਬੀਰ ਸਿੰਘ ਸੀਚੇਵਾਲ   ਵੋਟ ਤੁਹਾਡੀ,  ਭਵਿੱਖ ਤੁਹਾਡੇ ਬੱਚਿਆਂ ਦਾ ਵੋਟ ਪਾਉਣ ਤੋਂ ਪਹਿਲਾਂ, …

Leave a Reply

Your email address will not be published. Required fields are marked *