ਵਾਸ਼ਿੰਗਟਨ: ਭਾਰਤੀ – ਅਮਰੀਕੀਆਂ ਨੂੰ ਭਾਰਤ ਦੀ ਯਾਤਰਾ ਵਿੱਚ ਹਵਾਈ ਅੱਡੇ ‘ਤੇ ਆ ਰਹੀ ਮੁਸ਼ਕਲਾਂ ਨੂੰ ਦੇਖਦੇ ਹੋਏ ਇੱਕ ਮਸ਼ਹੂਰ ਭਾਰਤੀ-ਅਮਰੀਕੀ ਕਾਰਕੁੰਨ ਨੇ ਕਿਹਾ ਹੈ ਕਿ ਓਸੀਆਈ ਕਾਰਡ ਨੂੰ ‘ਮਲਟੀ ਪਰਪਜ਼ ਲਾਈਫ ਟਾਈਮ ਵੀਜ਼ਾ’ ਦੇ ਤੌਰ ਉੱਤੇ ਲੈਣਾ ਬੰਦ ਕਰਨਾ ਚਾਹੀਦਾ ਹੈ।
ਅਮਰੀਕਾ ਵਿੱਚ ਜੈਪੁਰ ਫੁੱਟ ਦੇ ਮੁਖੀ ਪ੍ਰੇਮ ਭੰਡਾਰੀ ਨੇ ਦੱਸਿਆ, ‘ਓਸੀਆਈ ਕਾਰਡ ਇੱਕ ਮਲਟੀ ਪਰਪਜ਼ ਲਾਈਫ ਟਾਈਮ ਵੀਜ਼ਾ ਨਹੀਂ ਹੈ ਜਿਵੇਂ ਕਿ ਸਰਕਾਰ ਵੱਲੋਂ ਦੱਸਿਆ ਜਾ ਰਿਹਾ ਹੈ । ਇਸ ਭੁਲੇਖੇ ਨੂੰ ਦੂਰ ਕਰਨ ਲਈ ਇਹ ਜਰੂਰੀ ਹੈ ਕਿ ਸਰਕਾਰ ਤੁਰੰਤ ਇਹ ਸਾਫ ਕਰੇ ਅਤੇ ਇਸ ਸਬੰਧੀ ਕਮੀਆਂ ਨੂੰ ਦੂਰ ਕਰੇ।’
ਦਰਅਸਲ ਓਸੀਆਈ ਕਾਰਡ ਦੇ ਪ੍ਰਾਵਧਾਨਾਂ ਦੇ ਮੁਤਾਬਕ , 20 ਸਾਲ ਤੋਂ ਘੱਟ ਅਤੇ 50 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਪਾਸਪੋਰਟ ਰਿਨਿਊ ਕਰਵਾਉਣ ਦੇ ਨਾਲ ਹੀ ਹਰ ਵਾਰ ਆਪਣੇ ਓਸੀਆਈ ਕਾਰਡ ਨੂੰ ਵੀ ਰਿਨਿਊ ਕਰਵਾਉਣਾ ਹੁੰਦਾ ਹੈ ।
ਰੀਨਿਊ ਕਰਵਾਉਣ ਸਬੰਧੀ ਪ੍ਰਾਵਧਾਨ ਕਈ ਸਾਲਾਂ ਤੋਂ ਹਨ ਪਰ ਭਾਰਤੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ‘ਤੇ ਭਾਰਤ ਤੱਕ ਵਪਾਰਕ ਉਡਾਣਾਂ ਦਾ ਸੰਚਾਲਨ ਕਰਨ ਵਾਲੀ ਅੰਤਰਰਾਸ਼ਟਰੀ ਏਅਰਲਾਈਨਾਂ ਨੇ ਇਸ ਨੂੰ ਹੁਣ ਸੱਖਤੀ ਨਾਲ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ ।
ਇਸ ਮਹੀਨੇ ਦੀ ਸ਼ੁਰੂਆਤ ਵਿੱਚ ਇਸ ਪ੍ਰਾਵਧਾਨ ਵਿੱਚ 30 ਜੂਨ 2020 ਤੱਕ ਦੀ ਛੋਟ ਦਿੱਤੀ ਗਈ ਸੀ ਪਰ ਸਬੰਧਤ ਓਸੀਆਈ ਕਾਰਡ ਧਾਰਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਭਾਰਤ ਯਾਤਰਾ ਵੇਲੇ ਉਹ ਆਪਣੇ ਪੁਰਾਣੇ ਪਾਸਪੋਰਟ ਆਪਣੇ ਨਾਲ ਰੱਖਣ ਜਿਨ੍ਹਾਂ ਵਿੱਚ ਓਸੀਆਈ ਕਾਰਡ ਦਾ ਨੰਬਰ ਲਿਖਿਆ ਹੋਵੇ। ਹਾਲਾਂਕਿ , ਕਈ ਕਾਰਡ ਧਾਰਕਾਂ ਨੂੰ ਇਨ੍ਹਾਂ ਨਵੇਂ ਨਿਯਮਾਂ ਦੀ ਜਾਣਕਾਰੀ ਨਹੀਂ ਹੈ ।