ਪੰਜਾਬੀ ਨੌਜਵਾਨ ਕੈਨੇਡਾ ਤੋਂ ਹੋਇਆ ਡਿਪੋਰਟ, ਜਾਣੋ ਕੀ ਸੀ ਮਾਮਲਾ

Prabhjot Kaur
2 Min Read

ਟੋਰਾਂਟੋ : ਕੈਨੇਡਾ ਤੋਂ  ਇੱਕ 26 ਸਾਲਾ ਪੰਜਾਬੀ ਨੌਜਵਾਨ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ  ਅਲਬਰਟਾ ਸੂਬੇ ਵਿੱਚ ਵਾਪਰੇ ਕਾਰ ਹਾਦਸੇ ਵਿੱਚ ਇੱਕ ਔਰਤ ਅਤੇ ਉਸ ਦੀ ਬਜ਼ੁਰਗ ਮਾਂ ਦੀ ਮੌਤ ਹੋ ਗਈ ਸੀ, ਜਿਸ ‘ਚ ਉਹ ਦੋਸ਼ੀ ਪਾਏ ਜਾਣ ਤੋਂ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਭਾਰਤ ਡਿਪੋਰਟ ਕਰ ਦਿੱਤਾ ਗਿਆ ਹੈ। ਵਿਦਿਆਰਥੀ ਵੀਜ਼ਾ ‘ਤੇ 2016 ਵਿੱਚ ਕੈਨੇਡਾ ਪੁੱਜੇ ਬਿਪਿਨਜੋਤ ਗਿੱਲ ਨੇ 18 ਮਈ 2019 ਨੂੰ ਕੈਲਗਰੀ ਵਿੱਚ ਤੇਜ਼ ਰਫ਼ਤਾਰ ਲਾਲ ਬੱਤੀ ਪਾਰ ਕਰ ਲਈ, ਜਿਸ ਨਾਲ 31 ਸਾਲਾ ਉਜ਼ਮਾ ਅਫ਼ਜ਼ਲ ਅਤੇ ਉਸਦੀ ਮਾਂ ਬਿਲਕੀਸ ਬੇਗਮ (65) ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।

ਖਬਰਾਂ ਮੁਤਾਬਕ ਇਸ ਮਹੀਨੇ ਫੈਡਰਲ ਕੋਰਟ ਦੇ ਜੱਜ ਵੱਲੋਂ ਦੇਸ਼ ਨਿਕਾਲੇ ਦੇ ਆਦੇਸ਼ ‘ਤੇ ਰੋਕ ਲਗਾਉਣ ਦੀਆਂ ਉਸ ਦੀਆਂ ਕੋਸ਼ਿਸ਼ਾਂ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਉਸਨੇ ਕੈਨੇਡਾ ਛੱਡ ਦਿੱਤਾ। ਜੱਜ ਸ਼ਿਰਜ਼ਾਦ ਅਹਿਮਦ ਨੇ ਆਪਣੇ ਫੈਸਲੇ ਵਿੱਚ ਕਿਹਾ, “ਬਿਨੈਕਾਰ ਨੇ ਇਕ ਗੰਭੀਰ ਅਪਰਾਧ ਕੀਤਾ ਹੈ, ਜਿਸ ਲਈ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਹੈ। 2 ਲੋਕਾਂ ਦੀ ਜਾਨ ਚਲੀ ਗਈ।

ਪੀੜਤਾਂ ਦੇ ਪਰਿਵਾਰ ਦੇ ਮੈਂਬਰਾਂ ਉਨ੍ਹਾਂ ਨੂੰ ਦੁਬਾਰਾ ਕਦੇ ਨਹੀਂ ਦੇਖ ਸਕਣਗੇ।” ਗਿੱਲ, ਜੋ ਕਿ ਹਾਦਸੇ ਦੇ ਸਮੇਂ 21 ਸਾਲਾਂ ਦਾ ਸੀ, ਹੁੰਡਈ ਕਾਰ ਚਲਾ ਰਿਹਾ ਸੀ, ਜੋ 18 ਮਈ 2019 ਦੀ ਸਵੇਰ ਨੂੰ ਮੇਟਿਸ ਟ੍ਰੇਲ ਅਤੇ 128 ਐਵੇਨਿਊ ਐੱਨ.ਈ. ਦੇ ਚੌਰਾਹੇ ‘ਤੇ ਇੱਕ ਟੋਇਟਾ ਕੋਰੋਲਾ ਨਾਲ ਟਕਰਾ ਗਈ। ਦੋਵਾਂ ਔਰਤਾਂ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਟੋਇਟਾ ਦੇ ਡਰਾਈਵਰ, ਬੇਗਮ ਦੇ ਪਤੀ ਅਤੇ ਉਜ਼ਮਾ ਦੇ ਪਤੀ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਜਾਇਆ ਗਿਆ।

ਗਿੱਲ ਨੂੰ ਅਪ੍ਰੈਲ 2023 ਵਿੱਚ ਦੋਹਰੀ ਮੌਤ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਨਵੰਬਰ ਵਿੱਚ ਉਸ ਨੂੰ ਘਰ ਵਿੱਚ ਨਜ਼ਰਬੰਦੀ, 300 ਘੰਟੇ ਦੀ ਕਮਿਊਨਿਟੀ ਸੇਵਾ, ਅਤੇ ਇੱਕ ਸਾਲ ਦੀ ਪ੍ਰੋਬੇਸ਼ਨ ਦੀ ਸਜ਼ਾ ਸੁਣਾਈ ਗਈ ਸੀ। ਜੱਜ ਨੇ ਕਿਹਾ ਕਿ ਹਾਦਸੇ ਦੇ 3 ਮਹੀਨਿਆਂ ਬਾਅਦ, ਗਿੱਲ ਨੂੰ ਅਗਸਤ 2019 ਵਿੱਚ ਖਤਰਨਾਕ ਡਰਾਈਵਿੰਗ ਅਤੇ ਭੱਜਣ ਦਾ ਵੀ ਦੋਸ਼ੀ ਠਹਿਰਾਇਆ ਗਿਆ। ਰਿਪੋਰਟਾਂ ਅਨੁਸਾਰ, “ਕੈਨੇਡਾ ਵਿੱਚ ਗੰਭੀਰ ਅਪਰਾਧ ਲਈ ਦੋਸ਼ੀ ਪਾਏ ਜਾਣ ਤੋਂ ਬਾਅਦ ਉਸ ਨੂੰ 6 ਸਤੰਬਰ 2022 ਨੂੰ ਦੇਸ਼ ਨਿਕਾਲੇ ਦਾ ਹੁਕਮ ਜਾਰੀ ਕੀਤਾ ਗਿਆ ਸੀ।”

- Advertisement -

Share this Article
Leave a comment