ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;
ਅਲਵਿਦਾ ਆਖ ਰਿਹਾ 2023 ਸਾਲ ਆਪਣੇ ਪਿੱਛੇ ਬਹੁਤ ਵੱਡਾ ਰਾਜਸੀ ਟਕਰਾਅ ਛੱਡ ਕੇ ਜਾ ਰਿਹਾ ਹੈ। ਦੇਸ਼ ਦੇ ਸਰਵਉੱਚ ਜਮਹੂਰੀ ਪਲੇਟਫਾਰਮ ਪਾਰਲੀਮੈਂਟ ਵਿੱਚ ਇਹ ਸਤਰਾਂ ਲਿਖੇ ਜਾਣ ਤੱਕ 141 ਪਾਰਲੀਮੈਂਟ ਮੈਂਬਰਾਂ ਵਿਰੁੱਧ ਕਾਰਵਾਈ ਹੋ ਚੁੱਕੀ ਹੈ। ਇਹਨਾਂ ਵਿੱਚ ਸਾਰੀਆਂ ਰਾਜਸੀ ਪਾਰਟੀਆਂ ਦੇ ਲੋਕ ਸਭਾ ਅਤੇ ਰਾਜ ਸਭਾ ਮੈਂਬਰ ਸ਼ਾਮਲ ਹਨ। ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਪਾਰਲੀਮੈਂਟ ਮੈਂਬਰਾਂ ਨੂੰ ਮੁਅੱਤਲ ਕਰਨ ਦੇ ਪਿਛਲੇ ਸਾਰੇ ਰਿਕਾਰਡ ਮਾਤ ਪੈ ਗਏ ਹਨ। ਇਸ ਤੋਂ ਪਹਿਲਾਂ 1989 ਵਿਚ 63 ਪਾਰਲੀਮੈਂਟ ਮੈਂਬਰ ਮੁਅੱਤਲ ਹੋਏ ਸਨ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਇਹ ਸਿੱਧੇ ਤੌਰ ਉੱਪਰ ਜਮਹੂਰੀਅਤ ਦਾ ਕਤਲ ਹੈ। ਵਿਰੋਧੀ ਆਗੂਆਂ ਦਾ ਕਹਿਣਾ ਹੈ ਕਿ ਘੁਸਪੈਠੀਆਂ ਵੱਲੋਂ ਪਾਰਲੀਮੈਂਟ ਉੱਪਰ ਹਮਲਾ ਕੀਤਾ ਗਿਆ ਪਰ ਸਰਕਾਰ ਨੇ ਜਮਹੂਰੀਅਤ ਉੱਪਰ ਹਮਲਾ ਕੀਤਾ ਹੈ। ਦੂਜੇ ਪਾਸੇ ਹਾਕਮ ਧਿਰ ਦਾ ਕਹਿਣਾ ਹੈ ਕਿ ਜਦੋਂ ਸਪੀਕਰ ਨੂੰ ਸਦਨ ਨਾ ਚਲਾਉਣ ਦਿੱਤਾ ਜਾਵੇ ਤਾਂ ਮੁਅੱਤਲ ਕਰਨ ਦੇ ਇਲਾਵਾ ਹੋਰ ਕੋਈ ਰਾਹ ਨਹੀਂ ਸੀ।
ਵਿਰੋਧੀ ਧਿਰਾਂ ਲਗਾਤਾਰ ਮੰਗ ਕਰ ਰਹੀਆਂ ਹਨ ਕਿ ਪਾਰਲੀਮੈਂਟ ਦੀ ਸੁਰੱਖਿਆ ਭੰਗ ਹੋਣ ਦੇ ਮਾਮਲੇ ਵਿਚ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਦੇਸ਼ ਦੇ ਲੋਕਾਂ ਨੂੰ ਸਪੱਸ਼ਟ ਕਰਨ ਕਿ ਪਾਰਲੀਮੈਂਟ ਦੀ ਸੁਰੱਖਿਆ ਕਿਉਂ ਭੰਗ ਹੋਈ।ਇਸ ਮਾਮਲੇ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਦੇ ਅਸਤੀਫੇ ਦੀ ਮੰਗ ਵੀ ਕੀਤੀ ਜਾ ਰਹੀ ਹੈ।
ਮੌਜੂਦਾ ਪਾਰਲੀਮੈਂਟ ਦਾ ਤਕਰੀਬਨ ਮੁਕੰਮਲ ਆਖਰੀ ਇਜਲਾਸ ਹੈ। ਨਵੇਂ ਸਾਲ ਵਿਚ ਅੰਤਰਿਮ ਬੱਜਟ ਲਈ ਸੰਖੇਪ ਜਿਹਾ ਸੈਸ਼ਨ ਹੋਵੇਗਾ।ਇਸ ਤਰਾਂ ਮੌਜੂਦਾ ਪਾਰਲੀਮੈਂਟ ਦਾ ਆਖਰੀ ਸੈਸ਼ਨ ਬਹੁਤ ਟਕਰਾਅ ਅਤੇ ਕੁੜੱਤਨ ਵਾਲੀਆਂ ਯਾਦਾਂ ਛੱਡ ਕੇ ਜਾ ਰਿਹਾ ਹੈ ।
ਪਾਰਲੀਮੈਂਟ ਵਿੱਚ ਪੈਦਾ ਹੋਏ ਟਕਰਾਅ ਦੀ ਅਹਿਮ ਗੱਲ ਇਹ ਵੀ ਹੈ ਕਿ ਬਠਿੰਡਾ ਤੋਂ ਪਾਰਲੀਮੈਂਟ ਮੈਂਬਰ ਅਤੇ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਨੇ ਵੀ ਕਿਹਾ ਹੈ ਕਿ ਨਵੀਂ ਪਾਰਲਮੈਂਟ ਬਿਲਡਿੰਗ ਜਮਹੂਰੀਅਤ ਦੀ ਕਬਰਸਤਾਨ ਬਣ ਗਈ ਹੈ! ਇਸ ਤਰਾਂ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਦਾ ਦਾਅਵਾ ਕਰਨ ਵਾਲੇ ਦੇਸ਼ ਦੇ ਆਗੂ ਹੀ ਜਮਹੂਰੀਅਤ ਨੂੰ ਖਤਰੇ ਬਾਰੇ ਸਵਾਲ ਕਰ ਰਹੇ ਹਨ। ਕੀ ਦੇਸ਼ ਤਾਨਾਸ਼ਾਹੀ ਵੱਲ ਵੱਧ ਰਿਹਾ ਹੈ?
ਸੰਪਰਕਃ 9814002186