ਕਪੂਰਥਲਾ ‘ਚ ਬਣੇਗਾ ਪੰਜਾਬ ਦਾ ਪੰਜਵਾਂ ਮੈਡੀਕਲ ਕਾਲਜ

TeamGlobalPunjab
2 Min Read

ਚੰਡੀਗੜ੍ਹ: ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਨੂੰ ਸਵੀਕਾਰ ਕਰਦੇ ਹੋਏ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਕਪੂਰਥਲਾ ਵਿੱਚ ਨਵਾਂ ਸਰਕਾਰੀ ਮੈਡੀਕਲ ਕਾਲਜ ਸਥਾਪਤ ਕਰਨ ਤੇ ਮੌਜੂਦਾ ਸਿਵਲ ਹਸਪਤਾਲ ਨੂੰ ਅਪਗਰੇਡ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਸਰਕਾਰੀ ਮੇਡੀਕਲ ਕਾਲਜ ਵਿੱਚ ਐਮਬੀਬੀਐੱਸ ਦੀ 100 ਸੀਟਾਂ ਹੋਣਗੀਆਂ ।

ਕੇਂਦਰ ਸਰਕਾਰ ਵਲੋਂ ਪ੍ਰਾਪਤ ਪੱਤਰ ਦੇ ਮੁਤਾਬਕ ਨਵਾਂ ਸਰਕਾਰੀ ਮੈਡੀਕਲ ਕਾਲਜ 325 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤਾ ਜਾਵੇਗਾ। ਇਸ ਵਿੱਚ 60 ਫ਼ੀਸਦੀ ਹਿੱਸੇਦਾਰੀ ਦੇ ਤੌਰ ‘ਤੇ 195 ਕਰੋੜ ਰੁਪਏ ਕੇਂਦਰ ਸਰਕਾਰ ਦੇਵੇਗੀ ਜਦਕਿ ਬਾਕੀ 40 ਫ਼ੀਸਦੀ ਹਿੱਸੇਦਾਰੀ ਦੇ ਤੌਰ ਉੱਤੇ 130 ਕਰੋੜ ਰੁਪਏ ਦਾ ਯੋਗਦਾਨ ਪੰਜਾਬ ਸਰਕਾਰ ਦੁਆਰਾ ਕੀਤਾ ਜਾਵੇਗਾ। ਇਸ ਕਾਲਜ ਦੀ ਸਥਾਪਨਾ ਕੇਂਦਰੀ ਸਪਾਂਸਰ ਸਕੀਮ ਦੇ ਤਹਿਤ ਕੀਤੀ ਜਾ ਰਹੀ ਹੈ ।

ਕੇਂਦਰ ਸਰਕਾਰ ਨੇ ਕਪੂਰਥਲਾ ਸਿਵਲ ਹਸਪਤਾਲ ਨੂੰ ਅਪਗਰੇਡ ਕਰਨ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਹਸਪਤਾਲ ਦੀ ਮੌਜੂਦਾ 220 ਬਿਸਤਰਿਆਂ ਦੀ ਸਮਰੱਥਾ ਵਧਾ ਕੇ 500 ਦੀ ਹੋ ਜਾਵੇਗੀ । ਇਸ ਤੋਂ ਇਲਾਵਾ ਹਸਪਤਾਲ ਵਿੱਚ ਬੁਨਿਆਦੀ ਢਾਂਚੇ ਦੀ ਆਧੁਨਿਕ ਮੈਡੀਕਲ ਸੁਵਿਧਾਵਾਂ ਵੀ ਉਪਲੱਬਧ ਹੋਣਗੀਆਂ।

ਬੁਲਾਰੇ ਨੇ ਦੱਸਿਆ ਕਿ ਰਾਜ ਸਰਕਾਰ ਨੇ ਨਵੇਂ ਸਰਕਾਰੀ ਮੈਡੀਕਲ ਕਾਲਜ ਦੀ ਸਥਾਪਨਾ ਲਈ 11 ਏਕੜ ਜ਼ਮੀਨ ਦੇ ਖੇਤਰਫਲ ਦੀ ਪਹਿਲਾਂ ਹੀ ਸ਼ਨਾਖਤ ਕੀਤੀ ਹੋਈ ਹੈ ਜੋ ਸਥਾਨਕ ਸਿਵਲ ਹਸਪਤਾਲ ਤੋਂ 1.5 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ ।

ਨਵੀਂ ਸੰਸਥਾ ਦੇ ਬੁਨਿਆਦੀ ਢਾਂਚੇ ਉੱਤੇ 325 ਕਰੋੜ ਰੁਪਏ ਖਰਚ ਕਰਨ ਤੋਂ ਇਲਾਵਾ ਇਸ ਵਿੱਚ ਜ਼ਰੂਰੀ ਮੈਡੀਕਲ ਸਾਮਾਨ ਲਈ 50 ਕਰੋੜ ਰੁਪਏ ਵੀ ਰੱਖੇ ਗਏ ਹਨ। ਦਸਣਯੋਗ ਹੈ ਕਿ ਮੁੱਖਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਵ ਮੌਕੇ ਕਪੂਰਥਲੇ ਦੇ ਸਿਵਲ ਹਸਪਤਾਲ ਦੇ ਬੁਨਿਆਦੀ ਢਾਂਚੇ ਦਾ ਵਿਸਥਾਰ ਕਰਨ ਤੇ ਨਵੇਂ ਸਰਕਾਰੀ ਮੈਡੀਕਲ ਕਾਲਜ ਦੀ ਸਥਾਪਨਾ ਕਰਨ ਦਾ ਮੁੱਦਾ ਕੇਂਦਰ ਸਰਕਾਰ ਕੋਲ ਚੁੱਕਿਆ ਸੀ ।

- Advertisement -

ਫਿਲਹਾਲ ਰਾਜ ਵਿੱਚ ਅਮ੍ਰਿਤਸਰ , ਫਰੀਦਕੋਟ ਅਤੇ ਪਟਿਆਲਾ ਵਿੱਚ ਪਹਿਲਾਂ ਹੀ ਤਿੰਨ ਸਰਕਾਰੀ ਮੇਡੀਕਲ ਕਾਲਜ ਚੱਲ ਰਹੇ ਹਨ । ਇੱਕ ਹੋਰ ਸਰਕਾਰੀ ਮੈਡੀਕਲ ਕਾਲਜ ਮੋਹਾਲੀ ਵਿੱਚ ਵੀ ਸਥਾਪਤ ਕੀਤਾ ਜਾ ਰਿਹਾ ਹੈ ਜਦਕਿ ਕਿ ਪੰਜਵੇਂ ਕਾਲਜ ਦੀ ਸਥਾਪਨਾ ਕਪੂਰਥਲਾ ਵਿੱਚ ਕਰਨ ਦੀ ਮਨਜ਼ੂਰੀ ਮਿਲ ਗਈ ਹੈ ।

Share this Article
Leave a comment