ਬਹਾਦਰੀ ਤੋਂ ਖੁਸ਼ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਕਿਸ ਦੇ ਲਾਈ ਸੀ ਹੀਰਿਆਂ ਨਾਲ ਜੜੀ ਕਲਗੀ

TeamGlobalPunjab
4 Min Read

-ਅਵਤਾਰ ਸਿੰਘ

ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਮਹਾਨ ਜਰਨੈਲ ਦਾ ਜਨਮ ਭਾਈ ਕਾਹਨ ਚੰਦ ਪੁੱਤਰ ਮੋਰ ਸਿੰਘ ਦੇ ਪੋਤਰੇ ਤੇ ਮਹਾਰਾਜੇ ਰਣਜੀਤ ਸਿੰਘ ਦੀ ਫੌਜ ਦੇ ਕਮਾਂਡਰ ਸ. ਨਿਹਾਲ ਸਿੰਘ ਦੇ ਘਰ ਮਾਤਾ ਸ਼ਮਸ਼ੇਰ ਕੌਰ ਦੀ ਕੁੱਖੋਂ 1788 ਈਸਵੀ ਨੂੰ ਹੋਇਆ।

ਸ਼ਾਮ ਸਿੰਘ ਅਟਾਰੀ ਦੇ ਵੱਡ-ਵਡੇਰਿਆਂ ਦਾ ਪਿੱਛਾ ਜੈਸਲਮੇਰ ਤੋਂ ਸੀ। ਇਹ ਪਹਿਲਾਂ ਫੂਲ ਮਹਿਰਾਜ ਦੇ ਪਿੰਡਾਂ ਵਿੱਚ ਆਬਾਦ ਹੋਏ, ਫਿਰ 1735 ਈ. ਨੂੰ ਜਗਰਾਉਂ ਦੇ ਇਲਾਕੇ ਵਿੱਚ ਕਾਉਂਕੇ ਵਿੱਚ ਜਾ ਵਸੇ। ਉਨ੍ਹਾਂ ਇੱਕ ਉਦਾਸੀ ਸੰਤ ਮੂਲ ਦਾਸ ਤੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਮੋੜ੍ਹੀ ਰਖਵਾਈ ਅਤੇ ਉਚੀ ਜਗ੍ਹਾ ’ਤੇ ਤਿੰਨ-ਮੰਜ਼ਿਲਾ ਮਕਾਨ ਉਸਾਰ ਕੇ ਇਸ ਦਾ ਨਾਂ ‘ਅਟਾਰੀ’ ਰੱਖਿਆ। ਕਾਉਂਕੇ ਤੋਂ ਉਠ ਕੇ ਅਟਾਰੀ ਵਿੱਚ ਰਿਹਾਇਸ਼ ਕਰ ਲਈ। ਛੋਟੀ ਉਮਰ ਵਿੱਚ ਹੀ ਘੋੜ ਸਵਾਰੀ, ਤੀਰ ਅੰਦਾਜ਼ੀ, ਤਲਵਾਰਬਾਜ਼ੀ ਸਿਖ ਕੇ ਪਿਤਾ ਦੇ ਨਾਲ ਜੰਗਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਉਸਦੀ ਬਹਾਦਰੀ ਤੋਂ ਖੁਸ਼ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ 1808 ਵਿਚ ਹੀਰਿਆਂ ਨਾਲ ਜੜੀ ਕਲਗੀ ਦੇ ਕੇ ਉਸਦਾ ਮਾਣ ਵਧਾਇਆ।

ਆਪਣੇ ਪਿਤਾ ਦੀ ਮੌਤ ਤੋਂ ਬਾਅਦ 1818 ਵਿੱਚ ਮੁਲਤਾਨ ਦੀ ਲੜਾਈ ਵਿਚ ਬਹਾਦਰੀ ਦੇ ਜੌਹਰ ਵਿਖਾਏ। ਇਸ ਤੋਂ ਬਾਅਦ ਉਨ੍ਹਾਂ ਨੂੰ ਪਿਸ਼ਾਵਰ ਦੀ ਮੁਹਿੰਮ ‘ਤੇ ਭੇਜਿਆ ਜਿਥੋਂ ਖਾਲਸਾ ਫੌਜ ਜੇਤੂ ਹੋ ਕੇ ਆਈ। ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ, ਸ਼ਾਮ ਸਿੰਘ ਅਟਾਰੀ, ਦੀਵਾਨ ਚੰਦ ਤੇ ਖੜਕ ਸਿੰਘ ਦੀ ਅਗਵਾਈ ਹੇਠ ਕਸ਼ਮੀਰ ਵੀ ਫਤਿਹ ਕੀਤਾ।

- Advertisement -

ਮਾਰਚ 1822 ਨੂੰ ਖਬਰ ਮਿਲੀ ਕਿ ਮੁਹੰਮਦ ਆਸ਼ਿਮ ਆਪਣੇ ਭਰਾ ਮੁਹੰਮਦ ਦੋਸਤ ਨਾਲ ਮਿਲ ਕੇ ਪਿਸ਼ਾਵਰ ‘ਤੇ ਹਮਲਾ ਕਰਨ ਆ ਰਿਹਾ ਹੈ ਤਾਂ ਮਹਾਰਾਜੇ ਨੇ ਫੌਜਾਂ ਨੂੰ ਅਟਕ ਵੱਲ ਕੂਚ ਕਰਨ ਦਾ ਹੁਕਮ ਦਿੱਤਾ। ਅਕੋਨੇ ਦੇ ਮੈਦਾਨ ਵਿੱਚ ਲੜਾਈ ਹੋਈ ਜਿਸ ਵਿਚ ਸ਼ਾਮ ਸਿੰਘ ਅਟਾਰੀ ਨੇ ਬਹਾਦਰੀ ਨਾਲ ਮੁਕਾਬਲਾ ਕੀਤਾ ਤੇ ਸਿੱਖ ਫੌਜਾਂ ਜੇਤੂ ਰਹੀਆਂ।

ਮਹਾਰਾਜੇ ਨੇ ਆਪਣੇ ਪੋਤਰੇ ਨੌਨਿਹਾਲ ਸਿੰਘ ਨਾਲ ਸ਼ਾਮ ਸਿੰਘ ਅਟਾਰੀ ਦੀ ਲੜਕੀ ਨਾਨਕੀ ਨਾਲ 1837 ਵਿੱਚ ਰਿਸ਼ਤਾ ਪੱਕਾ ਕੀਤਾ। 27 ਜੂਨ 1839 ਨੂੰ ਮਹਾਰਾਜੇ ਦੇ ਚਲਾਣੇ ਤੋਂ ਬਾਅਦ ਸਿੱਖ ਰਾਜ ਦਾ ਸੂਰਜ ਅਸਤ ਹੋਣਾ ਸ਼ੁਰੂ ਹੋ ਗਿਆ। ਅੰਗਰੇਜ਼ਾਂ ਨੇ ਪੰਜਾਬ ‘ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਲਾਹੌਰ ਵਿੱਚ ਕਤਲਾਂ ਤੇ ਗਦਾਰੀਆਂ ਦਾ ਦੌਰ ਸ਼ੁਰੂ ਹੋ ਗਿਆ। ਮਹਾਰਾਜੇ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਦਾ ਕੰਮ-ਕਾਜ ਮਹਾਰਾਣੀ ਜਿੰਦ ਕੌਰ ਦੇ ਹੱਥ ਆ ਗਿਆ ਸੀ। ਅਖੀਰ ਵਿੱਚ ਸਿੱਖ ਫੌਜਾਂ ਦੀ ਵਾਗਡੋਰ ਸਾਂਭਣ ਵਾਲਾ ਜਦੋਂ ਕੋਈ ਨਾ ਰਿਹਾ ਤਾਂ ਮਹਾਰਾਣੀ ਜਿੰਦ ਕੌਰ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਚਿੱਠੀ ਲਿਖੀ ਕਿ ਫੌਜਾਂ ਦੀ ਵਾਗਡੋਰ ਆ ਕੇ ਸੰਭਾਲੋ।

ਚਿੱਠੀ ਵਿੱਚ ਜਦੋਂ ਸਿੱਖਾਂ ਦੀ ਹਾਰ ਅਤੇ ਗ਼ਦਾਰਾਂ ਦੀ ਗ਼ਦਾਰੀ ਬਾਰੇ ਸਰਦਾਰ ਨੇ ਪੜ੍ਹਿਆ ਤਾਂ ਸਰਦਾਰ ਦਾ ਚਿਹਰਾ ਲਾਲ ਹੋ ਗਿਆ, ਡੌਲ਼ੇ ਫਰਕੇ। ਮਾਝੇ ਦੇ ਪਿੰਡਾਂ ਤੋਂ ਹੋਰ ਸਿੰਘ ਨਾਲ ਲੈ ਕੇ ਅਟਾਰੀ ਤੋਂ ਅਰਦਾਸ ਕੀਤੀ ਕਿ ਜਾਂ ਤਾਂ ਰਣ-ਮੈਦਾਨ ਵਿੱਚ ਜਿੱਤ ਕੇ ਆਵੇਗਾ ਜਾਂ ਸ਼ਹੀਦੀ ਪਾਵੇਗਾ। 9-10 ਫਰਵਰੀ 1846 ਨੂੰ ਸ਼ਾਮ ਸਿੰਘ ਅਟਾਰੀ ਵਾਲਾ ਦਰਿਆ ਪਾਰ ਸਭਰਾਵਾਂ ਵਿਖੇ ਅੰਗਰੇਜ਼ਾਂ ਦੇ ਸਾਹਮਣੇ ਆ ਖਲੋਤਾ। ਅੰਗਰੇਜ਼ਾ ਨੇ ਤੋਪਾਂ ਨਾਲ ਸਿੱਖ ਮੋਰਚਿਆਂ ‘ਤੇ ਹਮਲੇ ਸ਼ੁਰੂ ਕਰ ਦਿੱਤੇ। ਜਦ ਅੰਗਰੇਜ਼ ਭੱਜਣ ਲੱਗੇ ਤਾਂ ਗਦਾਰ ਲਾਲ ਸਿੰਘ ਤੇ ਤੇਜਾ ਸਿੰਘ ਨੇ ਸਿੱਖ ਫੌਜ ਨੂੰ ਅਸਲਾ ਤੇ ਗੋਲਾ ਬਾਰੂਦ ਦੀ ਸਪਲਾਈ ਰੋਕਣ ਲਈ ਬੇੜੀਆਂ ਦਾ ਪੁਲ ਤੋੜ ਦਿੱਤਾ। ਜਿਹੜੀਆਂ ਪੇਟੀਆਂ ਵਿੱਚ ਗੋਲਾ ਬਾਰੂਦ ਸੀ ਉਨ੍ਹਾਂ ਵਿਚ ਰੇਤ ਤੇ ਸਰੋਂ ਨਿਕਲੀ।

ਅੰਤ ਵਿੱਚ ਅਸਲਾ ਮੁੱਕਣ ‘ਤੇ ਫਿਰੰਗੀਆਂ ਨਾਲ ਯੁੱਧ ਕਰਦਾ ਹੋਇਆ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ 10 ਫਰਵਰੀ, 1846 ਨੂੰ ਅੰਗਰੇਜ਼ਾਂ ਤੇ ਸਿੱਖਾਂ ਵਿਚਕਾਰ ਸਭਰਾਵਾਂ ਵਿਖੇ ਹੋਈ ਲੜਾਈ ਵਿੱਚ ਸ਼ਹਾਦਤ ਦਾ ਜਾਮ ਪੀ ਗਿਆ। ਉਧਰ ਪਤੀ ਦੀ ਮੌਤ ਦੀ ਖਬਰ ਸੁਣ ਕੇ ਮਾਈ ਦੇਸਾਂ ਨੇ ਵੀ ਪ੍ਰਾਣ ਤਿਆਗ ਦਿੱਤੇ। ਸ਼ਾਮ ਸਿੰਘ ਅਟਾਰੀ ਦਾ ਸਸਕਾਰ 12 ਫਰਵਰੀ ਨੂੰ ਪਤਨੀ ਦੀ ਚਿਖਾ ਕੋਲ ਕੀਤਾ ਗਿਆ। ਪੰਜਾਬ ਸਰਕਾਰ ਨੇ ਇਸ ਬਹਾਦਰ ਜਰਨੈਲ ਸ਼ਾਮ ਸਿੰਘ ਅਟਾਰੀ ਦੀ ਯਾਦ ਵਿੱਚ ਅੰਮ੍ਰਿਤਸਰ ਇੰਡੀਆ ਗੇਟ ‘ਤੇ ਉਨ੍ਹਾਂ ਦਾ ਬੁੱਤ ਵੀ ਸਜਾਇਆ ਹੋਇਆ ਤੇ ਅੱਜ ਦੇ ਦਿਨ ਸਰਧਾਂਜਲੀ ਸਮਾਗਮ ਵੀ ਕੀਤਾ ਕੀਤਾ ਜਾਂਦਾ ਹੈ।

Share this Article
Leave a comment