ਗੋਪਾਲ ਸਿੰਘ ਚਾਵਲਾ ਲਈ ਜਸੂਸੀ ਕਰਦਾ ਸੀ ਹਰਪਾਲ ਪਾਲਾ? ਨੈੱਟ ‘ਤੇ ਗੱਲ ਕਰਦਾ ਕਰਦਾ ਫੋਨ ਕਰ ਬੈਠਾ ਤੇ ਏਜੰਸੀਆਂ ਨੇ ਦਬੋਚ ਲਿਆ, ਹੁਣ ਪੁਲਿਸ ਰਿਮਾਂਡ ‘ਤੇ ਦੱਬ ਕੇ ਰਿੜਕਿਆ ਜਾਵੇਗਾ

TeamGlobalPunjab
4 Min Read

ਜਲੰਧਰ : ਇੱਥੋਂ ਦੀ ਦਿਹਾਤੀ ਪੁਲਿਸ  ਨੇ ਕਰਤਾਰਪੁਰ ਸਾਹਿਬ ਤੋਂ ਹਰਪਾਲ ਪਾਲਾ ਨਾਮ ਦੇ ਇੱਕ ਅਜਿਹੇ ਸਖ਼ਸ਼ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਪਾਕਿਸਤਾਨ ਸਥਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੋਪਾਲ ਸਿੰਘ ਚਾਵਲਾ ਲਈ ਜਾਸੂਸੀ ਕਰਦਾ ਸੀ। ਫੜੇ ਗਏ ਪਾਲਾ ਨੂੰ ਪੁਲਿਸ ਨੇ ਅਦਾਲਤ ‘ਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਲਿਆ ਹੈ ਜਿਸ ਤੋਂ ਪੁੱਛਗਿੱਛ ਤੋਂ ਬਾਅਦ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਇਸ ਸਬੰਧ ਵਿੱਚ ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਰਪਾਲ ਸਿੰਘ ਪਾਲਾ  ਇੱਥੋਂ ਦੇ ਭਤੀਜਾ ਪਿੰਡ ਦਾ ਰਹਿਣ ਵਾਲਾ ਹੈ ਤੇ ਉਹ ਪਾਕਿਸਤਾਨ ‘ਚ ਬੈਠੇ ਗੋਪਾਲ ਚਾਵਲਾ ਤੋਂ ਕਾਫੀ ਪ੍ਰਭਾਵਿਤ ਸੀ। ਸੂਤਰ ਦਸਦੇ ਹਨ ਕਿ ਇਸ ਦੇ ਚਲਦਿਆਂ ਹੀ ਪਾਲੇ ਨੇ ਚਾਵਲਾ ਨੂੰ ਫੇਸਬੁੱਕ ਜ਼ਰੀਏ ਦੋਸਤੀ ਲਈ ਬੇਨਤੀ (ਫਰੈਂਡ ਰਿਕੂਐਸਟ) ਭੇਜੀ ਸੀ, ਜਿਸ ਨੂੰ ਚਾਵਲਾ ਨੇ ਨਾ ਸਿਰਫ ਕਬੂਲ ਕਰ ਲਿਆ ਸੀ, ਬਲਕਿ ਪਾਲੇ ਨਾਲ ਹਰ ਦਿਨ ਗੱਲ ਵੀ ਕਰਨ ਲੱਗ ਗਿਆ ਸੀ। ਸੂਤਰਾਂ ਅਨੁਸਾਰ ਇਹ ਗੱਲ ਇਸ ਕਦਰ ਵਧ ਗਈ ਸੀ, ਕਿ ਉਸ ਤੋਂ ਬਾਅਦ ਫੋਨ ਕਾਲਾਂ ਵੀ ਕੀਤੀਆਂ ਜਾਣ ਲੱਗ ਪਈਆਂ ਤੇ ਇੱਥੇ ਹੀ ਆ ਕੇ ਪੇਚ ਫਸ ਗਿਆ। ਮਿਲੀ ਜਾਣਕਾਰੀ ਅਨੁਸਾਰ ਸ਼ੱਕ ਦੇ ਅਧਾਰ ‘ਤੇ ਜਾਂਚ ਏਜੰਸੀਆਂ ਨੇ ਪਾਲੇ ਦੇ ਫੋਨ ਨੂੰ ਟ੍ਰੇਸ ਕਰਨਾ ਸ਼ੁਰੂ ਕਰ ਦਿੱਤਾ, ਤੇ ਇਸੇ ਦੌਰਾਨ ਸਾਰਾ ਭਾਂਡਾ ਫੁੱਟ ਗਿਆ।

ਸੂਤਰਾਂ ਮੁਤਾਬਿਕ ਪਾਲੇ ਦਾ ਪਿਤਾ ਬਹਾਦੁਰ ਸਿੰਘ ਹਵਾਈ ਫੌਜ ਵਿੱਚ ਤੈਨਾਤ ਸੀ ਅਤੇ ਪੂਰਾ ਪਰਿਵਾਰ ਆਦਮਪੁਰ ਏਅਰਬੇਸ ‘ਚ ਰਹਿੰਦਾ ਸੀ। ਬਹਾਦੁਰ ਸਿੰਘ ਦੀ ਮੌਤ ਤੋਂ ਬਾਅਦ ਪਾਲੇ ਦੀ ਮਾਤਾ ਹਰਬੰਸ ਕੌਰ ਨੂੰ ਨੌਕਰੀ ਮਿਲ ਗਈ। ਪਰ ਜਦੋਂ ਹਰਬੰਸ ਕੌਰ ਰਿਟਾਇਰ ਹੋਈ ਤਾਂ ਪਾਲੇ ਨੇ ਗੁਜਾਰੇ ਲਈ ਦੁੱਧ ਦੀ ਡੈਅਰੀ ਖੋਲ੍ਹ ਲਈ ਅਤੇ ਇੱਥੋਂ ਦੇ ਪਿੰਡ ਭਤੀਜਾ ‘ਚ ਆਣ ਵਸਿਆ। ਸੂਤਰ ਦੱਸਦੇ ਹਨ ਕਿ ਇੱਥੇ ਹੀ ਪਾਲੇ ਦੀ ਚਾਵਲਾ ਨਾਲ ਫੇਸਬੁੱਕ ਜਰੀਏ ਗੱਲਬਾਤ ਸ਼ੁਰੂ ਹੋਈ। ਪੁਲਿਸ ਸੂਤਰਾਂ ਅਨੁਸਾਰ ਪਾਲੇ ਨੇ ਚਾਵਲਾ ਨੂੰ ਦੱਸ ਦਿੱਤਾ ਸੀ ਕਿ ਉਸ ਦੇ ਪਿਤਾ ਹਵਾਈ ਸੈਨਾ ਵਿੱਚ ਸਨ ਤੇ ਉਹ ਆਦਮਪੁਰ ਏਅਰਬੇਸ ਦੇ ਨਜ਼ਦੀਕ ਰਹਿੰਦੇ ਸਨ। ਮੀਡੀਆ ਰਿਪੋਰਟਾਂ ਮੁਤਾਬਿਕ ਇਸ ਤੋਂ ਬਾਅਦ ਚਾਵਲਾ ਨੇ ਪਾਲੇ ਨੂੰ ਪੈਸੇ ਦੇਣ ਦਾ ਲਾਲਚ ਦਿੰਦਿਆਂ ਹਵਾਈ ਸੈਨਾ ਅਤੇ ਹੋਰ ਸੈਨਾ ਦੇ ਠਿਕਾਣੇ ਦੱਸਣ ਲਈ ਕਿਹਾ, ਤੇ ਹੋਇਆ ਵੀ ਇੰਝ ਹੀ। ਪਾਲੇ ਨੇ ਇਹ ਜਾਣਕਾਰੀ ਸਾਂਝੀ ਵੀ ਕੀਤੀ। ਸੂਤਰਾਂ ਮੁਤਾਬਿਕ ਕੁਝ ਦਿਨ ਪਹਿਲਾਂ ਇੰਟਰਨੈਟ ਸਹੀ ਨਹੀਂ ਸੀ ਚੱਲ ਰਿਹਾ ਤਾਂ ਪਾਲੇ ਨੇ ਚਾਵਲਾ ਨੂੰ ਸਿੱਧੇ ਹੀ ਫੋਨ  ਕਰ ਲਿਆ। ਇਸ ਦੌਰਾਨ ਆਈਬੀ ਟੀਮ ਨੇ ਪਾਕਿਸਤਾਨ ਜਾਣ ਵਾਲੀਆਂ ਸਾਰੀਆਂ ਕਾਲਾਂ ਨੂੰ ਰਿਕਾਰਡਿੰਗ ‘ਤੇ ਲਾਇਆ ਹੋਇਆ ਸੀ ਤੇ ਪਾਲੇ ਦੀ ਕਾਲ ਵੀ ਟ੍ਰੇਸ ਹੋ ਗਈ। ਪਾਲਾ ਹੁਣ ਪੁਲਿਸ ਦੀ ਗ੍ਰਿਫਤ ‘ਚ ਹੈ ਜਿਸ ਨੂੰ ਪੁਲਿਸ ਰਿਮਾਂਡ ਦੌਰਾਨ ਰਿੜਕਿਆ ਜਾ ਰਿਹਾ ਹੈ, ਜਿਸ ਤੋਂ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਰਿਪੋਰਟਾਂ ਤਾਂ ਇੱਥੋਂ ਤੱਕ ਆਈਆਂ ਹਨ ਹਰਪਾਲ ਸਿੰਘ ਪਾਲੇ ਦੇ ਇਸ ਤੋਂ ਇਲਾਵਾ ਪ੍ਰੀਤ ਕਮਲ ਗਰੇਵਾਲ, ਖਾਲਿਸਤਾਨ ਜ਼ਿੰਦਾ ਫੋਰਸ ਦੇ ਚੀਫ ਰਣਜੀਤ ਸਿੰਘ ਨੀਟੇ, ਕੁਲਵੰਤ ਸਿੰਘ ਅਤੇ ਮਥੁਰਾ ਸਿੰਘ ਨਾਲ ਵੀ ਸਬੰਧ ਸਨ। ਪਰ ਅਜੇ ਤੱਕ ਇਸ ਉਕਤ ਸਾਰੀ ਜਾਣਕਾਰੀ ਦੀ ਕਿਸੇ ਪਾਸੋਂ ਕੋਈ ਅਧਿਕਾਰਿਤ ਪੁਸ਼ਟੀ ਨਹੀਂ ਹੋ ਪਾਈ ਹੈ।

Share this Article
Leave a comment