ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ
ਪੰਜ ਵਾਰ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਉਹਨਾਂ ਦੇ ਜੱਦੀ ਪਿੰਡ ਬਾਦਲ ਵਿਚ ਸਸਕਾਰ ਕੀਤਾ ਗਿਆ। ਇਸ ਮੌਕੇ ’ਤੇ ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਆਗੂਆਂ ਸਮੇਤ ਕੌਮੀ ਪੱਧਰ ਦੇ ਆਗੂਆਂ ਨੇ ਵੀ ਸਰਦਾਰ ਬਾਦਲ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕੀਤੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਸਮੇਤ ਪੰਜਾਬ ਦੀਆਂ ਵੱਖ ਵੱਖ ਪਾਰਟੀਆਂ ਦੇ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ। ਇਸ ਦੇ ਇਲਾਵਾ ਸਰਦਾਰ ਬਾਦਲ ਦੇ ਸ਼ੁਭਚਿੰਤਕ ਅਤੇ ਸਨੇਹੀ ਵੱਡੀ ਗਿਣਤੀ ਵਿਚ ਪਹੁੰਚੇ ਹੋਏ ਸਨ। ਬੇਸ਼ੱਕ ਰਾਜਸੀ ਵਖਰੇਵਿਆਂ ਦਾ ਅਸਰ ਬਾਦਲ ਪਰਿਵਾਰ ’ਤੇ ਵੀ ਪਿਛਲੇ ਸਮੇਂ ਵਿਚ ਨਜ਼ਰ ਆਉਂਦਾ ਰਿਹਾ ਹੈ ਪਰ ਇਸ ਦੁਖ ਦੀ ਘੜੀ ਵਿਚ ਸਾਰਾ ਪਰਿਵਾਰ ਇੱਕਠਾ ਨਜ਼ਰ ਆਇਆ। ਖਾਸਤੌਰ ’ਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪਿਛਲੇ ਦੋ ਦਿਨਾਂ ਤੋਂ ਇਸ ਦੁਖ ਦੀ ਘੜੀ ਵਿਚ ਹਰ ਮੌਕੇ ’ਤੇ ਸ਼ਾਮਿਲ ਸਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅੰਤਿਮ ਵਿਦਾਇਗੀ ਦੇਣ ਵਾਲਿਆਂ ਵਿਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਪਹੁੰਚੇ ਹੋਏ ਸਨ। ਇਸੇ ਤਰ੍ਹਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਕਈ ਹੋਰ ਧਾਰਮਿਕ ਆਗੂਆਂ ਨੇ ਵੀ ਪਰਿਵਾਰ ਕੋਲ ਦੁਖ ਸਾਂਝਾ ਕੀਤਾ।
ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਤੁਰ ਜਾਣ ਬਾਅਦ ਸਭ ਤੋਂ ਵੱਡਾ ਸਵਾਲ ਰਾਜਸੀ ਅਤੇ ਪੰਥਕ ਹਲਕਿਆਂ ਵਿਚ ਇਹ ਹੀ ਉਭਰ ਕੇ ਸਾਹਮਣੇ ਆਇਆ ਹੈ ਕਿ ਕੀ ਪ੍ਰਕਾਸ਼ ਸਿੰਘ ਬਾਦਲ ਵਰਗੇ ਕੱਦਾਵਰ ਨੇਤਾ ਦੇ ਤੁਰ ਜਾਣ ਬਾਅਦ ਰਾਜਨੀਤੀ ਅਤੇ ਪੰਥਕ ਖੇਤਰ ਵਿਚ ਪੈਦਾ ਹੋਇਆ ਖਿਲਾਅ ਪੂਰਾ ਕੀਤਾ ਜਾ ਸਕੇਗਾ? ਸਰਦਾਰ ਬਾਦਲ ਨੇ ਅਕਾਲੀ ਦਲ ਨੂੰ ਆਪਣੇ ਸਮੇਂ ਵਿਚ ਪੰਜਾਬ ਅੰਦਰ ਹੀ ਮਜ਼ਬੂਤ ਨਹੀਂ ਕੀਤਾ ਸਗੋਂ ਕੌਮੀ ਪਧਰ ’ਤੇ ਵੀ ਦੇਸ਼ ਦੀ ਰਾਜਨੀਤੀ ਵਿਚ ਕਈ ਮੌਕਿਆਂ ਉਪਰ ਅਕਾਲੀ ਦਲ ਨੇ ਅਹਿਮ ਭੂਮਿਕਾ ਨਿਭਾਈ, ਇਹ ਹੀ ਕਾਰਨ ਹੈ ਕਿ ਮਹਾਰਾਸ਼ਟਰ ਅਤੇ ਹਰਿਆਣਾ ਸਮੇਤ ਦੇਸ਼ ਦੀਆਂ ਕਈ ਰਾਜਸੀ ਧਿਰਾਂ ਦੇ ਆਗੂ ਅੱਜ ਬਾਦਲ ਨੂੰ ਆਖਰੀ ਅਲਵਿਦਾ ਆਖਣ ਲਈ ਜੁੜੇ ਹੋਏ ਸਨ। ਅਕਾਲੀ ਦਲ ਕਿਸੇ ਸਮੇਂ ਦੇਸ਼ ਦੇ ਫੈਡਰਲ ਢਾਂਚੇ ਦੀ ਮਜਬੂਤੀ ਲਈ ਕੰਮ ਕਰਨ ਵਾਲੀ ਪਾਰਟੀ ਵਜੋਂ ਜਾਣਿਆ ਜਾਂਦਾ ਸੀ ਪਰ ਪਿਛਲੇ ਸਮੇਂ ਵਿਚ ਭਾਜਪਾ ਨਾਲ ਸਾਂਝ ਬਾਅਦ ਅਕਾਲੀ ਦਲ ਆਪਣੇ ਬੁਨਿਆਦੀ ਅਸੂਲਾਂ ਤੋਂ ਪਿੱਛੇ ਹੱਟਦਾ ਚਲਾ ਗਿਆ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਉਪਰ ਵੀ ਅਕਾਲੀ ਦਲ ਨੂੰ ਵੱਡੀ ਮਾਰ ਪਈ ਅਤੇ ਇਹ ਪਾਰਟੀ ਅੱਜ ਤੱਕ ਵੀ ਇਸ ਵਿਚੋਂ ਉਭਰ ਕੇ ਬਾਹਰ ਨਹੀਂ ਆ ਸਕੀ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਰਦਾਰ ਬਾਦਲ ਦੇ ਦੇਹਾਂਤ ਬਾਅਦ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਨੂੰ ਆਪਣੇ ਪੈਰਾਂ ਸਿਰ ਖੜੇ ਕਰਨ ਲਈ ਵੱਡੀ ਚੁਣੌਤੀ ਨੂੰ ਨਿਭਾ ਸਕਣਗੇ? ਇਸ ਮੌਕੇ ਉਪਰ ਮੀਡੀਆ ਅੰਦਰ ਇਹ ਵੀ ਚਰਚਾ ਹੈ ਕਿ ਅਕਾਲੀ ਦਲ ਆਉਣ ਵਾਲੇ ਦਿਨਾਂ ਵਿਚ ਆਪਣੀ ਸਥਿਤੀ ਮਜਬੂਤ ਕਰਨ ਲਈ ਭਾਜਪਾ ਨਾਲ ਵੀ ਹੱਥ ਮਿਲਾਇਆ ਜਾ ਸਕਦਾ ਹੈ। ਜਦੋਂ ਕਿ ਭਾਜਪਾ ਨੇ ਸਪਸ਼ੱਟ ਤੌਰ ’ਤੇ ਕਿਹਾ ਹੈ ਕਿ ਭਾਜਪਾ ਪੰਜਾਬ ਅੰਦਰ ਪਾਰਲੀਮੈਂਟ ਅਤੇ ਵਿਧਾਨਸਭਾ ਦੀਆਂ ਚੋਣਾਂ ਆਪਣੇ ਬਲਬੂਤੇ ਨਾਲ ਹੀ ਲੜੇਗੀ। ਜੇਕਰ ਫੌਰੀ ਤੌਰ ’ਤੇ ਅਕਾਲੀ ਦਲ ਦੇ ਇਮਤਿਹਾਨ ਦੀ ਗੱਲ ਕਰੀ ਜਾਵੇ ਤਾਂ ਅਗਲੇ ਦਿਨਾਂ ਵਿਚ ਜਲੰਧਰ ਪਾਰਲੀਮੈਂਟ ਦੀ ਉੱਪ ਚੋਣ ਹੋਣ ਜਾ ਰਹੀ ਹੈ। ਇਸ ਚੋਣ ਵਿਚ ਅਕਾਲੀ ਦਲ ਅਤੇ ਭਾਜਪਾ ਵੱਖਰੇ ਤੌਰ ’ਤੇ ਲੜ ਰਹੇ ਹਨ। ਇਸ ਚੋਣ ਦਾ ਨਤੀਜਾ ਹੀ ਇਹ ਤੈਅ ਕਰੇਗਾ ਕਿ ਦੋਵੇਂ ਪਾਰਟੀਆਂ ਇੱਕ-ਦੂਜੇ ਦੇ ਨਜ਼ਦੀਕ ਆਉਣਗੀਆਂ ਜਾਂ ਨਹੀਂ। ਇਸ ਵਾਰੇ ਕੋਈ ਦੋ ਰਾਏ ਨਹੀਂ ਕਿ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੀ ਸਾਂਝ ਨੂੰ ਅਮਲੀ ਜਾਮਾ ਪਹਿਨਾਉਣ ਵਾਲਿਆਂ ਵਿਚ ਸਰਦਾਰ ਬਾਦਲ ਅਤੇ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਮੁਹਰੀ ਆਗੂ ਸਨ।