ਗਲੀਡੈਨ ਐਪ ਦੇ ਖੁਲਾਸੇ

TeamGlobalPunjab
12 Min Read

ਡਾ. ਹਰਸ਼ਿੰਦਰ ਕੌਰ

ਗੁਰੂ ਰਾਮਦਾਸ ਜੀ ਨੇ ਫਰਮਾਇਆ ਹੈ-

ਕਲੀ ਅੰਦਰ ਨਾਨਕਾ ਜਿੰਨਾ ਦਾ ਅਉਤਾਰੁ ||
ਪੁਤੁ ਜਿਨੂਰਾ ਧੀਅ ਜਿਨੁਰੀ ਜੋਰੂ ਜਿੰਨਾ ਦਾ ਸਿਕਦਾਰੁ ||

- Advertisement -

ਹੇ ਨਾਨਕ! ਕਲਯੁਗ ਵਿੱਚ ਵਿਕਾਰੀ ਜੀਵਨ ‘ਚ ਰਹਿਣ ਵਾਲੇ ਮਨੁੱਖ ਨਹੀਂ ਭੂਤਨੇ ਜੰਮੇ ਹੋਏ ਹਨ। ਪੁੱਤਰ ਭੂਤਨਾ, ਧੀ ਭੂਤਨੀ ਤੇ ਇਸਤਰੀ ਸਾਰੇ ਭੂਤਨਿਆਂ ਦੀ ਸਰਦਾਰ ਹੈ। ਭਾਵ ਨਾਮ ਤੋਂ ਸੱਖਣੇ ਸਾਰੇ ਜੀਵ ਭੂਤਨੇ ਹਨ।

ਇਸ ਨੂੰ ਅੱਜ ਦੇ ਦਿਨ ਲਾਗੂ ਕਰੀਏ ਤਾਂ ਗੱਲ ਕਲਯੁੱਗ ਵਿਚਲੇ ਰਿਸ਼ਤਿਆਂ ਦੀ ਹੈ ਜਿੱਥੇ ਮਾਂ ਦਾ ਇੱਕ ਬਰਹਿਮ ਰੂਪ ਸਾਹਮਣੇ ਆਇਆ ਹੈ। ਔਰਤ ਸਦੀਆਂ ਤੋਂ ਘਰ ਵਿੱਚ ਵੰਡੀ ਜਾਂਦੀ ਰਹੀ ਹੈ। ਇਹ ਆਮ ਗੱਲ ਮੰਨ ਲਈ ਗਈ ਸੀ ਕਿ ਨੂੰਹ ਨਾ ਸਿਰਫ ਭਰਾਵਾਂ ‘ਚ ਵੰਡੀ ਜਾਵੇਗੀ ਬਲਕਿ ਸਹੁਰੇ ਹੱਥੋਂ ਵੀ ਸਰੀਰਕ ਸੋਸ਼ਣ ਸਹੇਗੀ।

ਹੌਲੀ ਹੌਲੀ ਔਰਤ ਨੇ ਆਜ਼ਾਦੀ ਦਾ ਸਵਾਦ ਚੱਖਿਆ ਤਾਂ ਉਸ ਨੂੰ ਲੱਗਿਆ ਸਦੀਆਂ ਤੋਂ ਦੱਬੀ ਆਉਂਦੀ ਹੁਣ ਇੱਕ ਸਾਹੇ ਸਭ ਸਧਰਾਂ ਲਾਹ ਲਵਾਂ।

ਇਸੇ ਲਈ ਅਨੇਕ ਥਾਂਈ ਝੂਠੇ ਦਾਜ ਦੇ ਕੇਸ ਪੁਆਏ ਗਏ ਤੇ ਕੁਝ ਔਰਤਾਂ ਨੇ ਆਪਣੇ ਪਤੀ ਤੇ ਸਹੁਰਿਆਂ ਦੀ ਜਿੰਦਗੀ ਨਰਕ ਬਣਾ ਕੇ ਰੱਖ ਦਿੱਤੀ। ਮਰਦ ਨੂੰ ਵਿਆਹੁਤਾ ਜਿੰਦਗੀ ਤੋਂ ਬਾਹਰ ਰਿਸ਼ਤੇ ਬਣਾਉਂਦੇ ਤੱਕਿਆ ਤਾਂ ਔਰਤ ਨੇ ਵੀ ਵਿਆਹੁਤਾ ਜ਼ਿੰਦਗੀ ਤੋਂ ਬਾਹਰ ਝਾਕ ਰੱਖਣੀ ਸ਼ੁਰੂ ਕਰ ਦਿੱਤੀ। ਅਜਿਹੇ ਰਿਸ਼ਤਿਆਂ ਵਿੱਚ ਮਾਂ ਦੀ ਮਮਤਾ ਕਿੱਧਰੇ ਹੌਲੀ ਹੌਲੀ ਗੁੰਮ ਹੋਣ ਲੱਗ ਪਈ।

ਪਠਾਨਕੋਟ ਵਿੱਚ ਹੁਣੇ ਜਿਹੀ ਵਾਪਰੀ ਘਟਨਾ ਨੇ ਮਾਂ ਦੀ ਮਮਤਾ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਇੰਦੌਰਾ ਪੁਲਿਸ ਸਟੇਸ਼ਨ ਵਿੱਚ ਦਰਜ਼ ਕੇਸ ਰਾਹੀਂ ਮੀਡੀਆ ਵਿਚ ਖਬਰ ਪਹੁੰਚੀ ਕਿ ਪੂਨਾ ਦੇਵੀ ਦਾ ਅਨੈਤਿਕ ਸੰਬੰਧ ਉਸ ਦੇ ਦਿਓਰ ਸੇਵਾ ਸਿੰਘ ਨਾਲ ਸੀ। ਜਦੋਂ ਪੂਨਾ ਦੇਵੀ ਦੇ ਸੱਤ ਸਾਲ ਦੇ ਬੱਚੇ ਨੇ ਅਜਿਹਾ ਹੁੰਦਿਆਂ ਵੇਖ ਲਿਆ ਤਾਂ ਦੋਨਾਂ ਨੇ ਰਲ ਕੇ ਬੱਚੇ ਦਾ ਗਲ ਘੁੱਟ ਕੇ ਮਾਰ ਦਿੱਤਾ ਤੇ ਘਰੋਂ ਦੂਰ ਜੰਗਲ ਵਿੱਚ ਜਾ ਕੇ ਉਸ ਦੀ ਲਾਸ਼ ਨੂੰ ਡੂੰਘੀ ਖੱਡ ਵਿੱਚ ਸੁੱਟ ਦਿੱਤਾ।

- Advertisement -

ਕਲਯੁਗੀ ਮਾਵਾਂ ਕਿਵੇਂ ਇੰਨੀਆਂ ਪੱਥਰ ਦਿਲ ਬਣ ਗਈਆਂ ਹਨ?

ਗਲੀਡੈਨ ਐਪ ਜਿਸ ਰਾਹੀਂ ਪੰਜ ਲੱਖ ਤੋਂ ਵੱਧ ਵਿਆਹੁਤਾ ਜੋੜੇ ਅਨੈਤਿਕ ਸੰਬੰਧ ਬਣਾ ਰਹੇ ਹਨ ਉਸ ਰਾਹੀਂ ਖੁਲਾਸਾ ਹੋਇਆ ਹੈ ਕਿ ਬੰਗਲੌਰ, ਮੁੰਬਈ ਤੇ ਕਲਕੱਤੇ ਵਿੱਚ ਸਭ ਤੋਂ ਵੱਧ ਵਿਆਹੁਤਾ ਔਰਤਾਂ ਆਪਣੇ ਪਤੀ ਨਾਲ ਨਾਖੁਸ਼ ਮਹਿਸੂਸ ਕਰਦਿਆਂ ਘਰੇਲੂ ਕੰਮ ਨਾ ਕਰ ਕੇ ਘਰੋਂ ਬਾਹਰ ਵੱਧ ਸਮਾਂ ਬਿਤਾਉਂਦਿਆਂ ਹੋਰਨਾਂ ਮਰਦਾਂ ਨਾਲ ਅਨੈਤਿਕ ਸੰਬੰਧ ਬਣਾ ਰਹੀਆਂ ਹਨ।

ਉਸ ਐਪ ਰਾਹੀਂ ਸਪੱਸ਼ਟ ਕੀਤਾ ਗਿਆ ਕਿ ਹਰ ਦਸਾਂ ਵਿੱਚੋਂ ਸੱਤ ਔਰਤਾਂ ਪਰਾਏ ਮਰਦਾਂ ਨਾਲਾ ਜਾਣਾ ਪਸੰਦ ਕਰਦੀਆਂ ਹਨ। ਇਹ ਉਹ ਔਰਤਾਂ ਸਨ ਜੋ ਘਰੇਲੂ ਹਿੰਸਾ ਦਾ ਸ਼ਿਕਾਰ ਸਨ ਜਾਂ ਪਤੀ ਵੱਲੋਂ ਨਕਾਰੀਆਂ ਗਈਆਂ ਸਨ ਉਨ੍ਹਾਂ ਦੇ ਪਤੀ ਹੋਰ ਔਰਤਾਂ ਵੱਲ ਝਾਕ ਰੱਖਦੇ ਸਨ ਜਾਂ ਪਤੀ ਘਰ ਟਿਕਦੇ ਹੀ ਨਹੀਂ ਸਨ। ਇਸੇ ਐਪ ਵਿੱਚ ਸਪੱਸ਼ਟ ਕੀਤਾ ਗਿਆ  ਹਰ ਦਸਾਂ ਵਿੱਚੋਂ ਚਾਰ ਔਰਤਾਂ ਨੇ ਪੁੱਛੇ ਜਾਣ ‘ਤੇ ਦੱਸਿਆ ਕਿ ਨੀਰਸ ਜ਼ਿੰਦਗੀ ‘ਚ ਰਸ ਭਰਨ ਲਈ ਬੰਦਸ਼ਾਂ ਤੋੜ ਕੇ ਅਜਨਬੀ ਨਾਲ ਜਾਣ ਵਿੱਚ ਉਨ੍ਹਾਂ ਨੂੰ ਵੱਖ ਕਿਸਮ ਦੀ ਖੁਸ਼ੀ ਮਿਲਦੀ ਹੈ ਤੇ ਵਿਆਹੁਤਾ ਜ਼ਿੰਦਗੀ ਦੀ ਬੋਰੀਅਤ ਘੱਟ ਮਹਿਸੂਸ ਹੁੰਦੀ ਹੈ।

ਗਲੀਡਨ ਐਪ ਵਿੱਚ ਭਰਵਾਏ ਫਾਰਮਾਂ ਵਿੱਚ 20 ਪ੍ਰਤੀਸ਼ਤ ਬੰਦੇ ਤੇ 13 ਫੀਸਦ ਔਰਤਾਂ ਮੰਨੀਆਂ ਕਿ ਉਨ੍ਹਾਂ ਨੇ ਆਪਣੇ ਜੀਵਨ ਸਾਥੀ ਨਾਲ ਕਈ ਵਾਰ ਧੋਖਾ ਕੀਤਾ ਹੈ।

ਸੰਨ 2009 ਵਿੱਚ ਗਲੀਡਨ ਐਪ ਫਰਾਂਸ ਵਿਖੇ ਸ਼ੁਰੂ ਹੋਈ ਸੀ ਤੇ ਭਾਰਤ ਵਿੱਚ ਸੰਨ 2017 ਵਿੱਚ ਪਹੁੰਚੀ। ਹੁਣ ਇਸ ਦੇ ਮੈਂਬਰਾਂ ਵਿੱਚ 30 ਫੀਸਦੀ ਭਾਰਤੀ ਵਿਆਹੁਤਾ ਔਰਤਾਂ ਸ਼ਾਮਲ ਹਨ ਜਿਹੜੀਆਂ 34 ਤੋਂ 49 ਸਾਲਾਂ ਦੀਆਂ ਹਨ।

ਇਨ੍ਹਾਂ ਵਿੱਚੋਂ 77 ਫੀਸਦੀ ਆਪਣੇ ਪਤੀ ਦੇ ਵਿਹਾਰ ਤੋਂ ਔਖੀਆਂ ਹਨ ਤੇ ਨੀਰਸ ਵਿਆਹੁਤਾ ਜ਼ਿੰਦਗੀ ਵਿੱਚ ਰਸ ਭਰਨ ਦੀ ਸੋਚ ਅਧੀਨ ਇਸ ਐਪ ਰਾਹੀਂ ਸਾਥੀ ਲੱਭ ਰਹੀਆਂ ਹਨ।

ਗਲੀਡਨ ਐਪ ਚਲਾਉਣ ਵਾਲੇ ਇਹ ਵੀ ਮੰਨੇ ਹਨ ਕਿ ਲੱਖਾਂ ਜੋੜਿਆਂ ਵਿੱਚੋਂ ਤਿੰਨ ਚੌਥਾਈ ਵਿਆਹੁਤਾ ਔਰਤਾਂ ਜੋ ਅਨੈਤਿਕ ਸਬੰਧ ਬਣਾ ਰਹੀਆਂ ਹਨ ਆਪਣੇ ਇਸ ਵਿਹਾਰ ਨੂੰ ਸਹੀ ਮੰਨ ਰਹੀਆਂ ਹਨ ਤੇ ਇਸੇ ਨੂੰ ਅਸਲ ਆਜ਼ਾਦੀ ਮੰਨ ਚੁੱਕੀਆਂ ਹਨ। ਉਨ੍ਹਾਂ ਨੇ ਕਦੇ ਅਜਿਹੇ ਕਦਮ ਪੁੱਟਣ ਬਾਰੇ ਸ਼ਰਮ ਮਹਿਸੂਸ ਨਹੀਂ ਕੀਤੀ ਸਗੋਂ ਉਲਟਾ ਖੁਸ਼ੀ ਮਹਿਸੂਸ ਕਰ ਰਹੀਆਂ ਹਨ। ਵੱਡੀ ਗਿਣਤੀ ਭਾਰਤੀ ਔਰਤਾਂ ਖਾਸ ਕਰ ਵੱਡੇ ਸ਼ਹਿਰਾਂ ਜਿਵੇਂ ਬੰਗਲੌਰ ਮੁੰਬਈ ਵਿਖੇ ਜੋ ਨਾਜਾਇਜ਼ ਸੰਬੰਧ ਬਣਾਉਣਾ ਚਾਹੁੰਦੀਆਂ ਹਨ ਉਨ੍ਹਾਂ ਵਿੱਚੋਂ 48 ਫੀਸਦੀ ਅਜਿਹੇ ਸੰਬੰਧ ਆਪਣੇ ਪਤੀ ਤੇ ਰਿਸ਼ਤੇਦਾਰੀ ਤੋਂ ਓਹਲਾ ਰੱਖ ਕੇ ਹੀ ਬਣਾ ਰਹੀਆਂ ਹਨ।

23 ਅਪ੍ਰੈਲ 2019 ਨੂੰ ਛਪੀ ਖਬਰ ਵਿੱਚ ਇਹ ਤੱਥ ਦੁਨੀਆਂ ਸਾਹਮਣੇ ਰੱਖੇ ਗਏ ਕਿ ਭਾਰਤੀ ਔਰਤਾਂ ਹੁਣ ਵਿਆਹ ਦੀਆਂ ਬੰਦਸ਼ਾਂ ਤੋਂ ਆਜ਼ਾਦ ਹੋਣਾ ਚਾਹ ਰਹੀਆਂ ਹਨ।

ਇਸ ਕਿਸਮ ਦੀ ਆਜ਼ਾਦੀ ਜਦੋਂ ਭਾਰਤੀ ਸੱਭਿਆਚਾਰ ਵਿੱਚ ਸੰਨ੍ਹ ਲਾਵੇਗੀ ਤਾਂ ਹੋ ਸਕਦਾ ਹੈ ਕਈ ਬਾਲ ਹੋਰ ਵੀ ਸ਼ਿਕਾਰ ਹੋ ਜਾਣ ਜਿਵੇਂ ਪਠਾਨਕੋਟ  ਦੀ ਪੂਨਾ ਦੇਵੀ ਦੇ ਬੇਟੇ ਦਾ ਕਤਲ ਹੋਇਆ ਹੈ।

ਇਹ ਇਕੱਲੀ ਖਬਰ ਨਹੀਂ ਅਨੇਕ ਹੋਰ ਖਬਰਾਂ ਛਪ ਚੁੱਕੀਆਂ ਹਨ ਜਿੱਥੇ ਮਾਂ ਨੇ ਆਪਣੇ ਪੁੱਤਰ ਜਾਂ ਧੀ ਨੂੰ ਮਾਰ ਕੇ ਪ੍ਰੇਮੀ ਨਾਲ ਭੱਜਣ ਦੀ ਕੋਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਪਤੀ ਵੱਲੋਂ ਆਪਣੀ ਪਤਨੀ ਤੇ ਬੱਚੇ ਮਾਰ ਕੇ ਪ੍ਰੇਮਿਕਾ ਨਾਲ ਜ਼ਿੰਦਗੀ ਬਿਤਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਔਰਤਾਂ ਦੀ ਖਰੀਦੋ ਫਰੋਖਤ ਤਾਂ ਸਦੀਆਂ ਤੋਂ ਹੁੰਦੀ ਰਹੀ ਹੈ। ਹੁਣ ਕਾਫੀ ਸਮੇਂ ਤੋਂ ਅਮੀਰ ਔਰਤਾਂ ਨੇ ਮੁੰਡਿਆਂ ਦੀਆਂ ਕੀਮਤਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਵੀ ਵੱਖਰੇ ਐਪ ਬਣ ਚੁੱਕੇ ਹਨ।

ਫੋਨ ਨੰਬਰਾਂ ਤੇ ਵਟਸਆਪ ਉੱਤੇ ਵੀ ਇਹ ਧੰਦਾ ਪੂਰੇ ਜੋਰ ਸ਼ੋਰ ਨਾਲ ਚੱਲ ਰਿਹਾ ਹੈ। ਗੱਲ ਸਿਰਫ ਇਹ ਹੈ ਕਿ ਚੁਫੇਰੇ ਸਭ ਕੁਝ ਵਾਪਰ ਰਹੇ ਹੋਣ ਦੇ ਬਾਵਜੂਦ ਇੱਕ ਓਹਲਾ ਰੱਖਿਆ ਜਾਂਦਾ ਹੈ। ਜਿਸ ਦੀ ਆੜ ਹੇਠ ਗਾਜ ਡਿੱਗ ਰਹੀ ਹੈ ਨਿੱਕੇ ਬੱਚਿਆਂ- ਮੁੰਡਿਆਂ ਤੇ ਕੁੜੀਆਂ ‘ਤੇ, ਜਿਨ੍ਹਾਂ ਨੂੰ ਸਰੀਰਕ ਵਿਗਿਆਨ ਤੋਂ ਅਣਭਿੱਜ ਰੱਖ ਕੇ ਅਚਿੱਤੇ ਹੀ ਦਬੋਚ ਕੇ, ਸਰੀਰਕ ਸੋਸ਼ਣ ਕਰ ਕੇ ਮਾਰ ਮੁਕਾਇਆ ਜਾਂਦਾ ਹੈ।

ਇਨ੍ਹਾਂ ਨਾਬਾਲਗ ਮਾਸੂਮ ਬੱਚਿਆਂ ਨੂੰ ਜੇ ਵੇਲੇ ਸਿਰ ਨਾ ਸੰਭਾਲਿਆ ਗਿਆ ਤਾਂ ਵਿਗੜੀ ਸੋਚ ਨਾਲ ਵੱਡੇ ਹੋਏ ਇਹ ਬੱਚੇ ਕਹਿਰ ਢਾਅ ਦੇਣਗੇ। ਉਨ੍ਹਾਂ ਲਈ ਕਾਮ ਦੀ ਅੱਗ ਵਿੱਚ ਮੱਚਦੇ ਦਿਮਾਗ ਨੂੰ ਸ਼ਾਤ ਕਰਨ ਲਈ ਹਰ ਬੰਦਸ਼ ਮਾਮੂਲੀ ਹੋਵੇਗੀ ਤੇ ਇਨਸਾਨੀ ਜ਼ਿੰਦਗੀ ਵੀ ਬੇਮਾਇਨੇ।

ਉਸ ਸਮੇਂ ਇਹ ਅਰਥ ਬਿਲਕੁਲ ਸਹੀ ਬੈਠਣਗੇ, “ਕਲਯੁਗ ਵਿੱਚ ਵਿਕਾਰੀ ਜੀਵਨ ਵਿੱਚ ਰਹਿਣ ਵਾਲੇ ਮਨੁੱਖ ਨਹੀਂ ਭੂਤਨੇ ਜੰਮੇ ਹੋਏ ਹਨ!ਪੁੱਤਰ ਭੂਤਨਾ, ਧੀ ਭੂਤਨੀ ਤੇ ਇਸਤ੍ਰੀ ਸਾਰੇ ਭੂਤਨਿਆਂ ਦੀ ਸਰਦਾਰ!”

ਹਾਲੇ ਵੀ ਸਮਾਂ ਹੈ ਸੰਭਲ ਜਾਈਏ!

ਜੇ ਲੱਗਦਾ ਹੈ ਸਭ ਅੱਛਾ ਹੈ ਕੁੱਝ ਵੀ ਨਹੀਂ ਵਿਗੜਿਆ ਤੇ ਬੱਚਿਆਂ ਤੋਂ ਸਭ ਕੁਝ ਲੁਕਿਆ ਹੋਇਆ ਹੈ ਜਾਂ ਉਨ੍ਹਾਂ ਨੂੰ ਨਿਰੀ ਪੜ੍ਹਾਈ ਵੱਲ ਧੱਕ ਕੇ ਅਸੀਂ ਆਪਣੇ ਮਨ ਨੂੰ ਤਸੱਲੀ ਦੇ ਰਹੇ ਹਾਂ ਕੋਈ ਵਿਗਾੜ ਨਹੀਂ ਪਿਆ ਸਾਡਾ ਆਲਾ ਦੁਆਲਾ ਠੀਕ ਹੈ ਤਾਂ ਅਗਲੀਆਂ ਤੁਕਾਂ ਸਪਸ਼ਟ ਕਰ ਦੇਣਗੀਆਂ :

ਭਾਈ ਗੁਰਦਾਸ ਜੀ ਨੇ ਲਿਖਿਆ ਹੈ :

ਖਾਂਡ ਖਾਂਡ ਕਹੈ ਜਿਹਬਾ ਨਾ ਸ੍ਰਾਦ ਮੀਠੋ ਆਵੈ                                                                                                                                                          ਅਗਨਿ ਅਗਨਿ ਕਹੈ ਸੀਤ ਨ ਬਿਨਾਸੁ ਹੈ

ਬੈਦੁ ਬੈਦੁ ਕਹੈ ਰੋਗੁ ਮਿਟਤ ਨ ਕਾਹੂ ਕੋ,                                                                                                                                                                  ਦ੍ਰਬੁ ਦ੍ਰਬੁ ਕਹੈ ਕੋਊ ਦ੍ਰਬੈ ਨ ਬਿਲਾਸਿ ਹੈ

ਚੰਦਨੁ ਚੰਦਨੁ ਕਹਤ ਪ੍ਰਗਟੈ ਨ ਸੁਬਾਸ ਬਾਸੁ                                                                                                                                                            ਚੰਦੁ ਚੰਦੁ ਕਹੈ ਉਜੀਆਰੋ ਨ ਪ੍ਰਗਾਸ ਹੈ

ਤੈਸੇ ਗਿਆਨ-ਗੋਸਟਿ ਕਹਿਤ ਨ ਰਹਤ ਪਾਵੈ                                                                                                                                                           ਕਰਨੀ ਪ੍ਰਧਾਨ ਭਾਨੁ ਉਦਿਤ ਅਕਾਸਿ ਹੈ

ਜਬਾਨੀ ਖੰਡ ਖੰਡ ਆਖੀ ਜਾਣ ਨਾਲ ਮੂੰਹ ਮਿੱਠਾ ਨਹੀਂ ਹੋ ਸਕਦਾ। ਠੰਢ ਦੇ ਮੌਸਮ ‘ਚ ਪਾਲਾ ਸਰੀਰ ਨੂੰ ਭੰਨ ਰਿਹਾ ਹੋਵੇ ਤਾਂ ਮੂੰਹੋਂ ਅੱਗ ਅੱਗ ਆਖਿਆਂ ਕਾਂਬਾ ਨਹੀਂ ਹਟ ਸਕਦਾ। ਹਕੀਮ ਹਕੀਮ ਲਫਜ਼ ਬੋਲਣ ਨਾਲ ਕਿਸੇ ਰੋਗੀ ਦਾ ਰੋਗ ਦੂਰ ਨਹੀਂ ਹੋ ਸਕਦਾ। ਧਨ ਧਨ ਆਖਿਆਂ ਕਦੇ ਕਿਸੇ ਕੰਗਾਲ ਨੇ ਧਨੀ ਨਹੀਂ ਹੋ ਜਾਣਾ। ਚੰਦਨ ਦੇ ਬੂਟੇ ਦਾ ਨਾਮ ਲੈਣ ਨਾਲ ਚੰਦਨ ਦੀ ਵਾਸ਼ਨਾ ਨਹੀਂ ਆ ਸਕਦੀ। ਚੰਨ ਚੰਨ ਆਖਿਆਂ ਹਨੇਰੀ ਰਾਤ ਦਾ ਹਨੇਰਾ ਦੂਰ ਨਹੀਂ ਹੋ ਸਕਦਾ। ਇਸੇ ਹੀ ਤਰ੍ਹਾਂ ਕਿਸੇ ਵੀ ਧਰਮ ਦਾ ਆਸਰਾ ਲੈ ਕੇ ਗਿਆਨ ਦੀਆਂ ਨਿਰੀਆਂ ਗੱਲਾਂ ਕਰਨ ਨਾਲ ਸੁਣਨ ਵਾਲੇ ਦੇ ਮਨ ਨੂੰ ਧਰਵਾਸ ਨਹੀਂ ਬੁੱਝ ਸਕਦਾ।

ਜਿਹੜੇ ਧਰਮ ਪ੍ਰਚਾਰ ਕਰ ਰਹੇ ਹੋਣ ਉਨ੍ਹਾਂ ਦਾ ਆਪਣਾ ਆਚਰਨ ਕਿਹੋ ਜਿਹਾ ਹੈ ਉਸ ਵਿਚਾਰ ਸ਼ਕਤੀ ਅਨੁਸਾਰ ਹੀ ਉਨ੍ਹਾਂ ਰਾਹੀਂ ਕੀਤੇ ਧਰਮ ਦੇ ਪ੍ਰਚਾਰ ਦਾ ਅਸਰ ਹੋਣਾ ਹੁੰਦਾ ਹੈ।

ਕੁਝ ਇਹੋ ਹੀ ਸਾਡੇ ਚੁਫੇਰੇ ਦਾ ਹਾਲ ਹੈ। ਕਥਨੀ ਤੇ ਕਰਨੀ ਦਾ ਅੰਤਰ ਹੀ ਯੋਗ ਕਦਮ ਚੁੱਕਣ ਤੋਂ ਰੋਕ ਰਿਹਾ ਹੈ। ਪਚਾਨਵੇਂ ਫੀਸਦੀ ਲੋਕ ਆਪਣੀ ਕਾਮ ਤ੍ਰਿਪਤੀ ਲਈ ਹਰ ਸੰਭਵ ਯਤਨ ਕਰਨ ਵੱਲ ਲੱਗੇ ਹੋਏ ਹਨ। ਪਰ ਜਦੋਂ ਅਜਿਹੀ ਸੋਚ ਰਾਹੀਂ ਮਾੜੀਆਂ ਬਿਮਾਰੀਆਂ ਤੋਂ ਬਚਣ ਜਾਂ ਬਾਲਾਂ ਨੂੰ ਸਰੀਰਕ ਵਿਗਿਆਨ ਬਾਰੇ ਦੱਸਣ ਦੀ ਗੱਲ ਆਉਂਦੀ ਹੈ ਤਾਂ ਭਾਰਤੀ ਸੱਭਿਆਚਾਰ ਦੀ ਦੁਹਾਈ ਪਾ ਕੇ ਸਭ ਕੁਝ ਠੱਪ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਜਿਹਾ ਕਰਨ ਨਾਲ ਕੁਝ  ਵੀ ਹਾਸਲ ਨਹੀਂ ਹੋਣਾ ਸਿਰਫ ਨਿੱਕੇ ਬਾਲਾਂ ਦਾ ਸੋਸ਼ਣ ਹੀ ਹੋਰ ਵਧਦੇ ਰਹਿਣਾ ਹੈ ਤੇ ਅਨੈਤਿਕ ਸੰਬੰਧ ਵੀ।

Share this Article
Leave a comment