ਅੰਮ੍ਰਿਤਸਰ : ਇੰਨੀ ਦਿਨੀਂ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਚਾਰੇ ਪਾਸੇ ਗੁਰ ਨਾਨਕ ਨਾਮ ਲੇਵਾ ਸਿੱਖ ਸੰਗਤ ਵਿੱਚ ਉਤਸ਼ਾਹ ਦੀ ਭਾਵਨਾ ਦਿਖਾਈ ਦੇ ਰਹੀ ਹੈ। ਇਸ ਨੂੰ ਲੈ ਕੇ ਤਿਆਰੀਆਂ ਵੀ ਬੜੇ ਜੋਰਾਂ ਸ਼ੋਰਾਂ ਨਾਲ ਹੋ ਰਹੀਆਂ ਹਨ। ਪਰ ਇਸ ਸਭ ਦਰਮਿਆਨ ਜਿਹੜੀ ਇੱਕ ਦੁਵਿਧਾ ਬਣੀ ਹੋਈ ਸੀ ਉਹ ਸੀ ਮੁੱਖ ਸਟੇਜ਼ ਨੂੰ ਲੈ ਕੇ, ਕਿ ਸਮਾਗਮਾਂ ਦੌਰਾਨ ਮੁੱਖ ਸਟੇਜ਼ ਕਿੱਥੇ ਲੱਗੇਗੀ। ਇਹ ਦੁਵਿਧਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੂਰ ਕਰਦਿਆਂ ਐਲਾਨ ਕੀਤਾ ਕਿ ਸਮਾਗਮਾਂ ਦੌਰਾਨ ਮੁੱਖ ਸਟੇਜ਼ ਸ੍ਰੀ ਬੇਰ ਸਾਹਿਬ ਵਿਖੇ ਲੱਗੇਗੀ।
ਦੱਸ ਦਈਏ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਪਿੰਡ ਖਾਸੀ ਕਲਾਂ ਵਿਖੇ ਨਗਰ ਕੀਰਤ ਵਿੱਚ ਹਿੱਸਾ ਲੈਣ ਲਈ ਪਹੁੰਚੇ ਹੋਏ ਸਨ। ਇਸ ਸਮੇਂ ਬੋਲਦਿਆਂ ਗਿਆਨੀ ਹੁਰਾਂ ਨੇ ਜਿੱਥੇ ਗੁਰੂ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀ ਉੱਥੇ ਹੀ ਇਹ ਐਲਾਨ ਵੀ ਕੀਤਾ।