ਲੁਧਿਆਣਾ : ਹਾਲ ਹੀ ‘ਚ ਹੋਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਬਾਅਦ ਸਿੱਖਾਂ ਲਈ ਗੁਰੂ ਨਗਰੀ ਅੰਮ੍ਰਿਤਸਰ ਸਾਹਿਬ ਤੋਂ ਵੱਡਾ ਐਲਾਨ ਹੋਇਆ ਹੈ। ਜੀ ਹਾਂ ਇਹ ਐਲਾਨ ਕੀਤਾ ਹੈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ। ਗਿਆਨੀ ਹੁਰਾਂ ਨੇ ਐਲਾਨ ਕੀਤਾ ਹੈ ਕਿ ਜਿਹੜੇ ਸਿੱਖ ਵਿਅਕਤੀਆਂ ਨੂੰ ਪੰਥ ‘ਚੋਂ ਛੇਕਿਆ ਗਿਆ ਹੈ ਜੇਕਰ ਉਹ ਪੂਰੀ ਸਿੱਖ ਮਰਿਆਦਾ ਨਾਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੁੰਦੇ ਹਨ ਤਾਂ ਉਨ੍ਹਾਂ ਨੂੰ ਪੰਥ ਵਿੱਚ ਮੁੜ ਸ਼ਾਮਲ ਕਰਨ ਬਾਰੇ ਸੋਚਿਆ ਜਾ ਸਕਦਾ ਹੈ।
ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਗਿਆਨੀ ਹੁਰਾਂ ਨੇ ਐਲਾਨ ਕਰਦਿਆਂ ਕਿਹਾ ਕਿ ਪੰਥ ‘ਚੋਂ ਛੇਕੇ ਗਏ ਵਿਅਕਤੀਆਂ ਸਬੰਧੀ ਘਰੇ ਬੈਠਿਆਂ ਹੀ ਕੋਈ ਸੋਚ ਵਿਚਾਰ ਨਹੀਂ ਕੀਤੀ ਜਾ ਸਕਦੀ ਪਰ ਜੇਕਰ ਉਹ ਮਰਿਆਦਾ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆ ਕੇ ਆਪਣੀ ਭੁੱਲ ਬਖਸਾਉਂਦਿਆਂ ਮਾਫੀ ਮੰਗਦੇ ਹਨ ਤਾਂ ਇਸ ਬਾਰੇ ਵਿਚਾਰਿਆ ਜਾਵੇਗਾ। ਇੱਥੇ ਹੀ ਉਨ੍ਹਾਂ ਨੇ ਸੰਤ ਬਾਬਾ ਰਣਜੀਤ ਸਿੰਘ ਜੀ ਢੱਡਰੀਆਂਵਾਲਿਆਂ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਬਾਰੇ ਬਣਾਈ ਗਈ ਕਮੇਟੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਕਮੇਟੀ ਦੀ ਜਾਂਚ ਤੋਂ ਬਾਅਦ ਹੀ ਕੁਝ ਸੋਚਿਆ ਜਾਵੇਗਾ।