ਗਾਜ਼ੀਆਬਾਦ (ਯੂ.ਪੀ.) : ਗਾਜ਼ੀਆਬਾਦ ਪੁਲਿਸ ਨੇ ਨਵੇਂ ਸਾਲ ਦੀ ਸ਼ਾਮ ਨੂੰ ਇਕ ਖੇਤ ‘ਚੋਂ ਲਾਪਤਾ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਤੀਜੇ ਦਿਨ ਦੋਹਰੇ ਕਤਲ ਕਾਂਡ ਦੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗਾਜ਼ੀਆਬਾਦ ਦੇ ਟੀਲਾ ਮੋਡ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਰਿਸਤਾਲ ਦੇ ਦੁਰਗੇਸ਼ ਕਸਾਨਾ (25) ਅਤੇ ਗੌਰਵ ਕਸਾਨਾ (24) 31 ਦਸੰਬਰ ਦੀ ਸ਼ਾਮ ਨੂੰ ਨਵਾਂ ਸਾਲ ਮਨਾਉਣ ਗਏ ਸਨ, ਪਰ ਵਾਪਸ ਨਹੀਂ ਪਰਤੇ ਅਤੇ ਅਗਲੇ ਦਿਨ ਲਾਪਤਾ ਹੋਣ ਦੀ ਐੱਫ.ਆਈ.ਆਰ. ਲਿਖਵਾਈ ਸੀ। ਪੁਲਸ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਕੁਝ ਰਾਹਗੀਰਾਂ ਨੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਖੇਤ ‘ਚ ਦੇਖਿਆ, ਜਿਨ੍ਹਾਂ ਦੇ ਚਿਹਰੇ ਤੇਜ਼ਾਬ ਨਾਲ ਸਾੜ ਦਿੱਤੇ ਗਏ ਸਨ।
ਐਫਆਈਆਰ ਦਾ ਹਵਾਲਾ ਦਿੰਦੇ ਹੋਏ ਪੁਲਿਸ ਨੇ ਕਿਹਾ ਸੀ ਕਿ ਦੋਵੇਂ ਨੌਜਵਾਨ, ਜੋ ਬਚਪਨ ਦੇ ਦੋਸਤ ਸਨ, ਪ੍ਰਦੂਸ਼ਣ ਫੈਲਾਉਣ ਵਾਲੀਆਂ ਇਕਾਈਆਂ ਵਿਰੁੱਧ ਆਵਾਜ਼ ਉਠਾ ਰਹੇ ਸਨ। ਪੁਲਿਸ ਨੇ ਦੱਸਿਆ ਕਿ ਨੌਜਵਾਨਾਂ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਅਜਿਹੀਆਂ ਫੈਕਟਰੀਆਂ ਦੇ ਮਾਲਕਾਂ ਨੇ ਆਪਣੇ ਯੂਨਿਟ ਬੰਦ ਕਰ ਦਿੱਤੇ ਸਨ ਅਤੇ ਇਲਾਕੇ ਛੱਡ ਕੇ ਭੱਜ ਗਏ ਸਨ। ਮੁਲਜ਼ਮਾਂ ਨੂੰ ਫੜਨ ਲਈ ਪੁਲੀਸ ਦੀਆਂ ਪੰਜ ਟੀਮਾਂ ਬਣਾਈਆਂ ਗਈਆਂ ਸਨ।
ਪੁਲੀਸ ਨੇ ਸ਼ੁੱਕਰਵਾਰ ਨੂੰ ਪਿੰਡ ਭਨੇਡਾ ਵਿੱਚ ਹਿੰਦੋਂ ਨਦੀ ਦੇ ਪੁਲ ਅਤੇ ਬੰਥਾਲਾ ਨਹਿਰ ਦੇ ਕੰਢੇ ਤੋਂ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸੰਜੀਵ ਉਰਫ ਸੰਜੇ ਕਸਾਨਾ, ਜਨਕ ਸਿੰਘ, ਪਿੰਟੂ, ਵਰਿੰਦਰ, ਸੁਖਵੀਰ ਅਤੇ ਅਨੁਜ ਵਜੋਂ ਹੋਈ ਹੈ।
ਪੁਲਸ ਨੇ ਦੱਸਿਆ ਕਿ ਇਨ੍ਹਾਂ ਦੇ ਕਬਜ਼ੇ ‘ਚੋਂ ਹਥਿਆਰ ਅਤੇ ਕਾਰਤੂਸ ਅਤੇ ਮਾਰੇ ਗਏ ਨੌਜਵਾਨਾਂ ਦਾ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ।