ਚੰਡੀਗੜ੍ਹ: ਪੰਜਾਬ ਦੇ ਨੌਜਵਾਨਾਂ ਨੂੰ ਵਧੇਰੇ ਰੁਜ਼ਗਾਰ ਦੇ ਮੌਕੇ ਉਪਲਬਧ ਕਰਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ ਪੰਜਾਬ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਪੋਰਟਲ ਨੂੰ ਕੌਮੀ ਕੈਰੀਅਰ ਸਰਵਿਸ (ਐਨ.ਸੀ.ਐਸ) ਦੇ ਨਾਲ ਜੋੜ ਦਿੱਤਾ ਹੈ ਜੋ ਕਿ ਭਾਰਤ ਸਰਕਾਰ ਦਾ ਅਧਿਕਾਰਤ ਪੋਰਟਲ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਸ ਨਾਲ ਪੰਜਾਬ ਦੇ ਹੁਨਰਮੰਦ ਨੌਜਵਾਨਾਂ ਲਈ ਪੂਰੇ ਭਾਰਤ ਵਿੱਚ ਨੌਕਰੀ ਦੇ ਨਵੇਂ ਰਾਹ ਖੁੱਲ੍ਹਣਗੇ।
ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਉਹ ਪਹਿਲੀ ਸਰਕਾਰ ਹੈ ਜਿਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਦਰਸ਼ੀ ਅਗਵਾਈ ਵਿੱਚ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਅਤੇ ਸਵੈ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਰੋਜ਼ਗਾਰ ਮੇਲਿਆਂ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਕਿਹਾ ਕਿ ਦੂਸਰੇ ਰਾਜ, ਇੱਥੋਂ ਤੱਕ ਕਿ ਭਾਰਤ ਸਰਕਾਰ ਨੇ ਵੀ ਨਿੱਜੀ ਖੇਤਰ ਵਿੱਚ ਨੌਕਰੀ ਲੱਭਣ ਵਾਲਿਆਂ ਅਤੇ ਪ੍ਰਾਈਵੇਟ ਅਦਾਰਿਆਂ ਨੂੰ ਇਕ ਮੰਚ ਮੁਹੱਈਆ ਕਰਵਾਉਣ ਲਈ ਪੰਜਾਬ ਮਾਡਲ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਪੰਜ ਮੈਗਾ ਜਾਬ ਫੇਅਰ( ਰੋਜ਼ਗਾਰ ਮੇਲੇ) ਲਗਾ ਚੁੱਕਾ ਹੈ ਅਤੇ ਰਾਜ ਦੇ 12 ਲੱਖ ਨੌਜਵਾਨਾਂ ਨੂੰ ਨੌਕਰੀਆਂ ਅਤੇ ਸਵੈ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ ਅਤੇ ਪੰਜਾਬ ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਛੇਵੇਂ ਮੈਗਾ ਜਾਬ ਫੇਅਰ ਰਾਹੀਂ ਨੌਜਵਾਨਾਂ ਨੂੰ ਇੱਕ ਲੱਖ ਨੌਕਰੀਆਂ ਦੇ ਮੌਕੇ ਪ੍ਰਦਾਨ ਕਰਨ ਲਈ ਤਿਆਰ ਹੈ। ਇਹ ਛੇਵਾਂ ਰੋਜ਼ਗਾਰ ਮੇਲਾ ਇਸ ਸਾਲ ਸਤੰਬਰ ਮਹੀਨੇ ਵਿੱਚ ਆਯੋਜਿਤ ਕਰਵਾਇਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਵੇਲੇ ‘ਪੰਜਾਬ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ’ ਪੋਰਟਲ ਉੱਤੇ ਲਗਭਗ 8 ਲੱਖ ਨੌਜਵਾਨਾਂ ਦੇ ਵੇਰਵੇ ਦਰਜ ਹਨ।
ਰੋਜ਼ਗਾਰ ਉੱਤਪਤੀ ਵਿਭਾਗ ਦੇ ਸਕੱਤਰ ਰਾਹੁਲ ਤਿਵਾੜੀ ਨੇ ਕਿਹਾ ਕਿ ਇਸ ਏਕੀਕਰਨ ਨਾਲ ਪੰਜਾਬ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ‘ਤੇ ਰਜਿਸਟਰ ਨੌਕਰੀ ਦੇ ਚਾਹਵਾਨ ਦੁਬਾਰਾ ਰਜਿਸਟਰ ਕੀਤੇ ਬਿਨਾਂ ਐਨ.ਸੀ.ਐਸ ਪੋਰਟਲ ‘ਤੇ ਸਮੁੱਚੇ ਭਾਰਤ ਦੀਆਂ ਨੌਕਰੀਆਂ ਸਮੇਤ ਪੈਨ ਇੰਡੀਆ ਸੇਵਾਵਾਂ ਪ੍ਰਾਪਤ ਕਰ ਸਕਣਗੇ। ਉਨ੍ਹਾਂ ਕਿਹਾ ਕਿ ਲਗਭਗ 56305 ਕੰਪਨੀਆਂ ਜੋ ਇਸ ਸਮੇਂ ਭਾਰਤ ਸਰਕਾਰ ਦੇ ਕੌਮੀ ਕਰੀਅਰ ਸਕੀਮ ਪੋਰਟਲ ‘ਤੇ ਰਜਿਸਟਰਡ ਹਨ, ਨੂੰ ‘ਪੰਜਾਬ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ’ ‘ਤੇ ਰਜਿਸਟਰਡ ਨੌਕਰੀ ਲੱਭਣ ਵਾਲਿਆਂ ਦੇ ਵੇਰਵੇ ਉਪਲਬਧ ਰਹਿਣਗੇ ਜਿਸ ਨਾਲ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਹੋਰ ਵੱਧ ਮੌਕੇ ਮਿਲ ਸਕਣਗੇ।