ਘੱਲੂਘਾਰਾ ਤੀਜਾ ਜਾਂ ਸਾਕਾ ਨੀਲਾ ਤਾਰਾ: ਦਸ ਸਵਾਲ ਜੋ ਜਵਾਬ ਮੰਗਦੇ ਹਨ ?

TeamGlobalPunjab
5 Min Read

-ਇਕਬਾਲ ਸਿੰਘ ਲਾਲਪੁਰਾ

ਪਹਿਲੀ ਜੂਨ 1984 ਨੂੰ ਸ਼ੁਰੂ ਹੋਈ ਫ਼ੌਜੀ ਕਾਰਵਾਈ 7 ਜੂਨ 1984 ਨੂੰ ਸ਼੍ਰੀ ਦਰਬਾਰ ਸਾਹਿਬ ਸਮੂਹ ਵਿੱਚੋਂ ਲਗਭਗ ਖਤਮ ਹੋ ਗਈ ਸੀ,ਪਰ ਲਾਇਬ੍ਰੇਰੀ ਵਿੱਚ ਲੱਗੀ ਅੱਗ ਦਾ ਧੂੰਆਂ ਕਈ ਦਿਨ ਤੱਕ ਨਿਕਲਦਾ ਰਿਹਾ। ਪੂਰੇ ਪੰਜਾਬ ਤੇ 36 ਹੋਰ ਗੁਰਦੁਆਰਾ ਸਾਹਿਬਾਨ ਵਿੱਚ ਫ਼ੌਜੀ ਕਾਰਵਾਈ ਚਲਦੀ ਰਹੀ।

ਸਿੱਖ ਕੌਮ ਦੇ ਦਿਲ ‘ਤੇ ਭਾਵਨਾਵਾਂ ਨੂੰ ਲੱਗੇ ਫਟ ਅਜੇ ਤੱਕ ਵੀ ਅੱਲੇ ਹਨ।

ਬਹੁਤ ਨੌਜਵਾਨ ਪੁਲਿਸ ਤੇ ਫ਼ੌਜੀ ਦਸਤਿਆਂ ਦੇ ਜ਼ੁਲਮ ਦੇ ਸ਼ਿਕਾਰ ਹੋਏ ਤੇ ਕਰੀਬ 400 ਤਾਂ ਬਾਰਡਰ ਪਾਰ ਗੁਆਂਢੀ ਮੁਲਕ ਪੁੱਜ ਗਏ, ਜਿਸ ਪਾਸੋਂ ਦਰਬਾਰ ਸਾਹਿਬ ਹਮਲੇ ਸਮੇਂ, ਭਾਰਤ ‘ਤੇ ਹਮਲਾ ਕਰਨ ਦੀ ਆਸ ਕੀਤੀ ਜਾਂਦੀ ਹੈ। ਕੁਝ ਅੱਜ ਵੀ ਊਠ ਦੇ ਬੁੱਲ੍ਹ ਡਿਗਣ ਦਾ ਇਤੰਜ਼ਾਰ ਉੱਥੇ ਬੈਠੇ ਕਰ ਰਹੇ ਹਨ।

- Advertisement -

ਤਤਕਾਲੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦਾ ਸਵਾਗਤ ਵੀ ਰਾਜੇ ਸ਼ੀਂਹ ਮੁਕੱਦਮ ਕੁੱਤੇ ਜਾਂ ਕੁੱਤਾ ਰਾਜ ਬਹਾਲੀਐ ਵਰਗੇ ਸ਼ਬਦਾਂ ਨਾਲ ਹੋਇਆ, ਇਹ ਵੀ ਵਲੂੰਧਰੇ ਹਿਰਦਿਆਂ ਤੋਂ ਨਿਕਲਦੇ ਹੰਝੂ ਤੇ ਦੁਰਾਅਸੀਸਾਂ ਸਨ। ਸ਼੍ਰੀ ਅਕਾਲ ਤਖਤ ਦਾ ਢਹਿ ਢੇਰੀ ਹੋ ਜਾਣਾ ਇਕ ਇਤਿਹਾਸਕ ਗਲਤੀ ਸੀ, ਜਿਸਨੂੰ ਕੌਮ ਮੁਆਫ ਕਰ ਦੇਵੇਗੀ, ਇਸ ਬਾਰੇ ਤਾਂ ਸੋਚਣਾ ਵੀ ਗਲਤੀ ਹੋਵੇਗਾ। ਆਸਥਾ ਦੇ ਕੇਂਦਰ ਤੇ ਗੁਰੂ ਸਾਹਿਬਾਨ ਵੱਲੋਂ ਕਰ ਕਮਲਾ ਨਾਲ ਸੇਵਾ ਕਰ ਕੇ ਉਸਾਰੇ ਕੇਵਲ ਇਹ ਹੀ ਦੋ ਸਥਾਨ ਹਨ।

ਇਹ ਸਮੁੱਚਾ ਘਟਨਾਕ੍ਰਮ ਕੁਝ ਜ਼ਰੂਰੀ ਸਵਾਲ ਵੀ ਖੜੇ ਕਰਦਾ ਹੈ ?

1. ਕੀ ਸ਼੍ਰੀ ਦਰਬਾਰ ਸਾਹਿਬ ‘ਤੇ ਇਸ ਫ਼ੌਜੀ ਹਮਲੇ ਤੋਂ ਬਚਿਆ ਜਾ ਸਕਦਾ ਸੀ ?

2. ਇਹ ਘਟਨਾਕ੍ਰਮ ਕਿਵੇਂ ਹੋਇਆ ਤੇ ਭਵਿਖ ਵਿੱਚ ਅਜਿਹਾ ਨਾ ਹੋਵੇ, ਇਸ ਬਾਰੇ ਸੰਬੰਧਤ ਧਿਰਾਂ ਦੀ ਕੀ ਰਣਨੀਤੀ ਬਣੀ ?

3 . ਇਸ ਨਾਲ ਸੰਬੰਧਤ ਧਿਰਾਂ ਨੇ ਕੀ ਪ੍ਰਾਪਤੀ ਕੀਤੀ ?

- Advertisement -

4. ਕੀ ਇਹ ਧਰਮ ਸਥਾਨ ਜੋ ਪ੍ਰੇਰਨਾ ਸਰੋਤ ਤੇ ਆਸਥਾ ਦੇ ਕੇਂਦਰ ਹਨ, ਸਿੱਖ ਰਾਜਨੀਤੀ ਦਾ ਕਦੇ ਕੇਂਦਰ ਰਹੇ ਹਨ, ਗੁਰੂ ਸਾਹਿਬਾਨ ਦਾ ਜੀਵਨ ਕਾਲ, – ਮਿਸਲਾਂ ਤੇ ਖਾਲਸਾ ਰਾਜ ਦਾ ਪੰਜਾਹ ਸਾਲ ਦਾ ਇਤਿਹਾਸ ਕੀ ਸੇਧ ਦਿੰਦਾ ਹੈ ?

5 . ਪਿਛਲੇ 36 ਸਾਲ ਵਿੱਚ ਇਸ ਰਾਹੀਂ ਹੋਏ ਨੁਕਸਾਨ ਦੀ ਭਰਪਾਈ ਲਈ ਸਰਕਾਰਾਂ ਤੇ ਪੰਥਕ ਆਗੂਆ ਨੇ ਕੀ ਕਾਰਵਾਈ ਕੀਤੀ ਤੇ ਨੌਜਵਾਨਾਂ ਵੱਲੋਂ ਭਾਵਨਾਵਾਂ ਅਧੀਨ ਹੋਈਆ ਗਲਤੀਆਂ ਨੂੰ ਮੁਆਫ ਕਰਨ ਤੇ ਮੁੱਖ ਧਾਰਾ ਵਿੱਚ ਸਥਾਪਿਤ ਕਰਨ ਲਈ ਕੀ ਕੀਤਾ ?

6. ਪੰਜਾਬੀ ਬੋਲੀ ਜਾਂ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਵਿਰੁੱਧ ਸੰਘਰਸ਼ ਕਰਦੇ ਅਕਾਲੀ ਜਾਂ ਸਿੱਖ ਲੀਡਰਾਂ ਦੇ ਢੰਗ ਨਾਲ ਸਹਿਮਤ ਨਾ ਹੁੰਦੇ ਹੋਏ ਤੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਵਿਰੋਧ ਜਾਂ ਅਸਹਿਮਤੀ ਪ੍ਰਗਟ ਕਰਦੇ ਪਏ ਸਮਾਜਿਕ ਦੁਫੇੜ ਨੂੰ ਖਤਮ ਕਰਨ ਲਈ ਸੰਬੰਧਤ ਧਿਰਾਂ ਨੇ ‘ਪੰਜਾਬ ਜਿਉਂਦਾ ਗੁਰਾਂ ਦੇ ਨਾਂ, ਵਾਲੇ ਭਾਈਚਾਰੇ ਦੀ ਬਹਾਲੀ ਲਈ ਕੀ ਕੀਤਾ ?

7. ਕੀ ਗੁਆਂਢੀ ਮੁਲਕ ਸਿੱਖ ਸਮਾਜ ਤੇ ਧਰਮ ਦਾ ਹਿਤੈਸ਼ੀ ਹੈ ? ਜਾਂ ਆਪਣੇ ਸੌੜੇ ਹਿਤਾਂ ਲਈ ਕੌਮੀ ਭਾਵਨਾਵਾਂ ਨਾਲ ਖਿਲਵਾੜ ਕਰ ਰਿਹਾ ਹੈ ?

8. ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ ਜੀ ਪੀ ਸੀ) ਵੱਲੋਂ ਨਿਯੁਕਤ ਐਕਟ ਅਨੂਸਾਰ ਪੁਜਾਰੀ ਜਾਂ ਪੰਥਕ ਸ਼ਬਦਾਵਲੀ ਵਿੱਚ ਜਥੇਦਾਰ ਪੂਰੀ ਕੌਮ ਜੋ ਦੁਨੀਆ ਭਰ ਵਿੱਚ ਬੈਠੀ ਹੈ, ਬਾਰੇ ਫੈਸਲਾ ਲੈ ਸਕਦੇ ਹਨ ? ਜਾਂ ਕਿਸੇ ਰਾਜਨੀਤਕ ਪਾਰਟੀ ਜਾਂ ਪਾਰਟੀਆਂ ਨਾਲ ਸੰਬੰਧਤ ਤੇ ਪ੍ਰਚਾਰਕਾਂ ਦੇ ਕੁਝ ਜਥੇਦਾਰ ਕੌਮੀ ਫ਼ੈਸਲੇ ਲੈ ਸਕਦੇ ਹਨ ? ਜਾਂ ਯਹੂਦੀਆਂ ਜਾਂ ਹੋਰ ਧਰਮਾਂ ਵਾਂਗ, ਕੋਈ ਸਰਬਪ੍ਰਵਾਨਿਤ ਸੰਸਥਾ ਕੌਮੀ ਫ਼ੈਸਲਿਆਂ ਲਈ ਨਹੀਂ ਬਨਣੀ ਚਾਹੀਦੀ ?

9. ਪੂਰੇ ਪੰਜਾਬ ਤੇ ਖ਼ਾਸ ਕਰਕੇ ਸਿੱਖ ਸਮਾਜ ਦਾ 1982 ਤੋਂ 1993 ਤੱਕ ਚਲੇ ਸੰਘਰਸ਼ ਤੇ ਹੁਣ ਤੱਕ ਸੁਲਘਦੀ ਅੱਗ ਨੂੰ ਬੁਝਾਉਣ ਤੇ ਪੰਜਾਬ ਦੀ ਆਰਥਿਕ ਤਰੱਕੀ ਲਈ ਕੀ ਹੋਇਆ ਤੇ ਹੋਣਾ ਚਾਹੀਦਾ ਹੈ, ਬਾਰੇ ਕੇਂਦਰੀ ਤੇ ਪੰਜਾਬ ਸਰਕਾਰ ਦੀ ਨੀਤੀ ਕੀ ਹੈ ?

10 . ਕੀ 20/25 ਸਾਲ ਤੋਂ ਜੇਲ੍ਹਾਂ ਵਿੱਚ ਬੰਦ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਨੂੰ ਰਿਹਾਅ ਨਹੀਂ ਕਰ ਦੇਣਾ ਚਾਹੀਦੀ ?

ਸਵਾਲ ਤਾਂ ਹੋਰ ਵੀ ਬਹੁਤ ਸਾਰੇ ਹਨ।

ਪਹਿਲੇ ਸਵਾਲ ਦੇ ਜਵਾਬ ਬਾਰੇ, ਆਪਣੀ ਰਾਏ ਪੇਸ਼ ਕਰਦਾ ਹਾਂ, ਕਿਉਕਿ ਇਸ ਸਾਰੇ ਘਟਨਾਕ੍ਰਮ ਜਾਂ ਇਤਿਹਾਸ ਦਾ ਹਿੱਸਾ ਰਿਹਾ ਹਾਂ। ਜੇਕਰ ਸਮੇਂ ਤੇ ਨੇਕ ਨੀਅਤ ਨਾਲ ਕੰਮ ਕੀਤਾ ਜਾਂਦਾ ਤਾਂ ਇਸ ਦੀ ਬਿਲਕੁਲ ਲੋੜ ਨਹੀਂ ਪੈਣੀ ਸੀ। ਸਰਕਾਰ ਦੀ ਬੇਇਮਾਨੀ ਜੋ ਇੰਦਰਾ ਗਾਂਧੀ ਨੂੰ ਦੇਵੀ ਬਣਾ 1984 ਦੇ ਅੰਤ ਵਿੱਚ ਸਿੱਖਾਂ ਦੀ ਬਲੀ ਦੇ ਕੇ ਚੋਣ ਜਿੱਤਣਾ ਚਾਹੁੰਦੀ ਸੀ, ਅਕਾਲੀ ਆਗੂਆਂ ਦੀ ਕਾਇਰਤਾ ਤੇ ਮੌਕਾਪ੍ਰਸਤੀ ਤੇ ਖਾੜਕੂਆਂ ਦੀ ਰਾਜਨੀਤੀਕ ਦਾਅ ਪੇਚਾਂ ਬਾਰੇ ਅਗਿਆਨਤਾ, ਬਾਕੀ ਪੰਜਾਬੀ ਆਗੂਆਂ ਵੱਲੋਂ ਸੱਚ ਲਈ ਹਾਅ ਦਾ ਨਾਰਾ ਨਾ ਮਾਰਨਾ ਜ਼ੁੰਮੇਵਾਰ ਲਗਦਾ ਹੈ।

ਵਿਚਾਰ ਆਪਣੇ ਆਪਣੇ ਹੁੰਦੇ ਹਨ, ਇਸ ਬਾਰੇ ਚਰਚਾ ਹੀ ਨਹੀਂ ਵਿਚਾਰ ਕਰਕੇ ਰਣਨੀਤੀ ਤਿਆਰ ਕਰਨੀ ਸਮੇਂ ਦੀ ਲੋੜ ਹੈ।

ਵਾਹਿਗੁਰੂ ਜੀ ਕੀ ਫ਼ਤਿਹ !!

ਸੰਪਰਕ: 9780003333

Share this Article
Leave a comment