ਜਾਰਜ ਫਲਾਇਡ ਮੌਤ ਮਾਮਲਾ : ਨਸਲਵਾਦ ਦੇ ਖਿਲਾਫ ਲੰਦਨ ਵਿੱਚ ਪ੍ਰਦਰਸ਼ਨ, ਪ੍ਰਦਰਸ਼ਨਕਾਰੀਆਂ ਨਾਲ ਝੜਪ ‘ਚ 23 ਪੁਲਿਸ ਮੁਲਾਜ਼ਮ ਜ਼ਖਮੀ

TeamGlobalPunjab
2 Min Read

ਲੰਦਨ : ਅਮਰੀਕਾ ਵਿਚ ਪੁਲਿਸ ਹਿਰਾਸਤ ਵਿਚ ਅਫਰੀਕੀ ਮੂਲ ਦੇ ਵਿਅਕਤੀ ਜਾਰਜ ਫਲਾਈਡ ਦੀ ਹੱਤਿਆ ਦੇ ਮਾਮਲੇ ‘ਚ ਵਿਰੋਧ ਪ੍ਰਦਰਸ਼ਨ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅਮਰੀਕਾ ਤੋਂ ਬਾਹਰ ਵੀ ਕਈ ਥਾਵਾਂ ‘ਤੇ ਵੀ ਜਾਰਜ ਫਲਾਇਡ ਦੇ ਸਮਰਥਨ ‘ਚ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਜਿਸ ਦੇ ਚੱਲਦਿਆਂ ਬੀਤੇ ਸ਼ਨੀਵਾਰ ਨੂੰ ਲੰਦਨ ‘ਚ ਪ੍ਰਦਰਸ਼ਨਕਾਰੀ ਕਾਫੀ ਭੜਕ ਉਠੇ। ਬ੍ਰਿਟੇਨ ਦੀ ਰਾਜਧਾਨੀ ਲੰਦਨ ਵਿੱਚ ਨਸਲਵਾਦ ਦੇ ਖਿਲਾਫ ਹੋ ਰਹੇ ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਹੋ ਗਈ। ਇਸ ਭਿਆਨਕ ਝੜਪ ਦੌਰਾਨ ਬ੍ਰਿਟੇਨ ਪੁਲਿਸ ਦੇ 23 ਮੁਲਾਜ਼ਮ ਜ਼ਖਮੀ ਹੋ ਗਏ। ਪ੍ਰਦਰਸ਼ਨ ਦੌਰਾਨ ਪੁਲਿਸ ਵੱਲੋਂ ਸੈਂਕੜੇ ਪ੍ਰਦਰਸ਼ਨਕਾਰੀਆਂ ‘ਤੇ ਲਾਠੀਚਾਰਜ ਵੀ ਕੀਤਾ ਗਿਆ ਜਿਸ ‘ਚ ਕਈ ਲੋਕ ਜ਼ਖਮੀ ਹੋ ਗਏ।

ਲੰਦਨ ਦੇ ਪੁਲਿਸ ਸੁਪਰਡੈਂਟ ਜੋਅ ਐਡਵਰਡਜ਼ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਖਤਰੇ ਦੇ ਬਾਵਜੂਦ ਹਜ਼ਾਰਾਂ ਪ੍ਰਦਰਸ਼ਨਕਾਰੀ ਪਾਰਲੀਮੈਂਟ ਚੌਕ ਵਿਖੇ ਇਕੱਠੇ ਹੋਏ ਸਨ। ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਸਰਕਾਰੀ ਇਮਾਰਤਾਂ ਵੱਲ ਕੂਚ ਕੀਤਾ। ਜਦੋਂ ਪੁਲਿਸ ਮੁਲਾਜ਼ਮਾਂ ਵੱਲੋਂ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕਿਆ ਗਿਆ ਤਾਂ ਉਨ੍ਹਾਂ ਨੇ ਪੁਲਿਸ ‘ਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਭਜਾਉਣ ਲਈ ਲਾਠੀਚਾਰਜ ਕੀਤਾ।

ਹਾਲਾਂਕਿ ਪੁਲਿਸ ਵੱਲੋਂਂ ਹਾਲਾਤ ‘ਤੇ ਜਲਦੀ ਹੀ ਕਾਬੂ ਪਾ ਲਿਆ ਗਿਆ। ਦੱਸ ਦੇਈਏ ਕਿ ਅਮਰੀਕਾ ਅਤੇ ਲੰਦਨ ਤੋਂ ਇਲਾਵਾ ਇਟਲੀ, ਗ੍ਰੀਸ, ਜਰਮਨੀ, ਫਰਾਂਸ, ਨਿਊਜੀਲੈਂਡ, ਆਸਟਰੇਲੀਆ ਅਤੇ ਕਨੈਡਾ ਵਿੱਚ ਵੀ ਜਾਰਜ ਫਲਾਇਡ ਦੀ ਹੱਤਿਆ ਦੇ ਵਿਰੋਧ ਵਿੱਚ ਭਾਰੀ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।

Share this Article
Leave a comment