PM ਮੋਦੀ ਨੇ ‘ਮਨ ਕੀ ਬਾਤ’ ‘ਚ ਕੀਤਾ ਮਿਲਖਾ ਸਿੰਘ ਨੂੰ ਯਾਦ, 21 ਜੂਨ ਨੂੰ ਮੁਫ਼ਤ ਕੋਰੋਨਾ ਟੀਕਾ ਦੇਣ ਦਾ ਬਣਾਇਆ ਸੀ ਰਿਕਾਰਡ

TeamGlobalPunjab
2 Min Read

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਨੂੰ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਰਾਹੀਂ ਸੰਬੋਧਿਤ ਕੀਤਾ। ਇਹ ਪ੍ਰਧਾਨ ਮੰਤਰੀ ਮੋਦੀ ਦੇ ਪ੍ਰੋਗਰਾਮ ਦਾ 78 ਵਾਂ ਐਡੀਸ਼ਨ ਹੈ। ਜਿਸਦੀ ਸ਼ੁਰੂਆਤ ਪੀਐੱਮ ਮੋਦੀ ਨੇ ਟੋਕੀਓ ਉਲੰਪਿਕ ਦਾ ਜ਼ਿਕਰ ਕਰਦੇ ਹੋਏ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਟੋਕੀਓ ਓਲੰਪਿਕ ਖੇਡਾਂ ਹੋ ਰਹੀਆਂ ਹਨ, ਤਾਂ ਮਿਲਖਾ ਸਿੰਘ ਜੀ ਵਰਗੇ ਮਹਾਨ ਐਥਲੀਟ ਨੂੰ ਕੌਣ ਭੁੱਲ ਸਕਦਾ ਹੈ। ਕੁਝ ਦਿਨ ਪਹਿਲਾਂ ਕੋਰੋਨਾ ਨੇ ਉਨ੍ਹਾਂ ਨੂੰ ਸਾਡੇ ਤੋਂ ਖੋਹ ਲਿਆ। ਇਸ ਵਾਰ ਜਦੋਂ ਸਾਡੇ ਖ਼ਿਡਾਰੀ ਓਲੰਪਿਕ ਲਈ ਟੋਕੀਓ ਜਾ ਰਹੇ ਹਨ ਤਾਂ ਸਾਨੂੰ ਸਾਰਿਆਂ ਨੂੰ ਖ਼ਿਡਾਰੀਆਂ ਦਾ ਹੌਂਸਲਾ ਵਧਾਉਣਾ ਚਾਹੀਦਾ ਹੈ।

ਇਸ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਦੇਸ਼ ਵਿਚ ਕੋਰੋਨਾ ਮਹਾਮਾਰੀ ਵਿਰੁੱਧ ਚੱਲ ਰਹੀ ਟੀਕਾਕਰਨ ਮੁਹਿੰਮ, ਪਾਣੀ ਦੀ ਸਮੱਸਿਆ ਸਮੇਤ ਕਈ ਮੁੱਦਿਆਂ ‘ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਦੇ ਇਕ ਪਿੰਡ ਵਾਸੀ ਨਾਲ ਗੱਲ ਕੀਤੀ ਅਤੇ ਟੀਕਾਕਰਨ ਨੂੰ ਲੈ ਕੇ ਪੁੱਛਿਆ। ਪਿੰਡ ਵਾਸੀ ਦੇ ਟੀਕਾ ਨਾ ਲਗਵਾਉਣ ਦੀ ਗੱਲ ਸੁਣ ਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਅਤੇ ਮੇਰੀ ਮਾਤਾ ਨੇ ਵੈਕਸੀਨ ਦੀ ਦੋਵੇਂ ਡੋਜ਼ ਲਗਵਾ ਲਈਆਂ ਹਨ। ਤੁਸੀਂ ਵੀ ਵੈਕਸੀਨ ਲਗਵਾਓ। ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਵਾਇਰਸ ਇਕ ਬਹੁ-ਰੂਪੀਆ ਬੀਮਾਰੀ ਹੈ, ਜੋ ਕਈ ਰੂਪ ਬਦਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਖਿਲਾਫ ਸਾਡੇ ਦੇਸ਼ ਵਾਸੀਆਂ ਦੀ ਲੜਾਈ ਜਾਰੀ ਹੈ, ਟੀਕਾ ਮੁਹਿੰਮ ਦਾ ਅਗਲਾ ਪੜਾਅ 21 ਜੂਨ ਨੂੰ ਸ਼ੁਰੂ ਹੋਇਆ ਸੀ ਅਤੇ ਉਸੇ ਦਿਨ ਦੇਸ਼ ਨੇ 86 ਲੱਖ ਤੋਂ ਵੱਧ ਲੋਕਾਂ ਨੂੰ ਮੁਫ਼ਤ ਟੀਕਾ ਦੇਣ ਦਾ ਰਿਕਾਰਡ ਵੀ ਬਣਾਇਆ ਸੀ।

Share this Article
Leave a comment