ਡਾਕ ਘਰਾਂ ਵਿੱਚ ਵਿਕੇਗਾ ਗੰਗਾ ਜਲ !

TeamGlobalPunjab
3 Min Read

-ਅਵਤਾਰ ਸਿੰਘ

ਪਿੰਡਾਂ ਤੇ ਸ਼ਹਿਰਾਂ ਵਿੱਚ ਬਣੇ ਡਾਕਖਾਨੇ ਸੰਚਾਰ ਦਾ ਸਾਧਨ ਸਨ। ਕੋਈ ਸਮਾਂ ਸੀ ਲੋਕ ਆਪਣਿਆਂ ਦੀਆਂ ਚਿੱਠੀਆਂ, ਮਨੀਆਰਡਰ ਅਤੇ ਤਾਰ ਦਾ ਇੰਤਜ਼ਾਰ ਕਰਦੇ ਸਨ। ਨੌਕਰੀ ਅਤੇ ਹੋਰ ਕਾਰੋਬਾਰ ਲਈ ਦੂਰ-ਦੁਰਾਡੇ ਗਏ ਆਪਣੇ ਪਰਿਵਾਰ ਦੇ ਮੈਂਬਰ ਦੀ ਸੁਖ ਆਉਣ ਦਾ ਇਹੀ ਸਾਧਨ ਹੁੰਦਾ ਸੀ। ਪਿੰਡਾਂ ਦੇ ਲੋਕ ਡਾਕਖਾਨਿਆਂ ਵਿੱਚ ਪਹੁੰਚ ਕੇ ਆਪਣੇ ਸਕੇ ਸੰਬੰਧੀਆਂ ਦੀਆਂ ਚਿਠੀਆਂ ਬਾਰੇ ਪੁੱਛਦੇ ਰਹਿੰਦੇ ਸਨ। ਖੁਸ਼ੀ ਦੀ ਚਿੱਠੀ ਅਤੇ ਮਨੀਆਰਡਰ ਘਰ ਪਹੁੰਚਣ ‘ਤੇ ਲੋਕ ਡਾਕੀਏ ਦੀ ਖੂਬ ਆਓ ਭਗਤ ਕਰਦੇ ਸਨ।

ਸਰਹੱਦਾਂ ‘ਤੇ ਤਾਇਨਾਤ ਫੌਜੀ ਨੌਜਵਾਨਾਂ ਦੇ ਮਾਪੇ ਤੇ ਹੋਰ ਪਰਿਵਾਰਿਕ ਮੈਂਬਰ ਡਾਕੀਏ ਦੀ ਹਰ ਵੇਲੇ ਇੰਤਜ਼ਾਰ ਵਿਚ ਰਹਿੰਦੇ ਸਨ। ਗੁਆਂਢ ਵਿੱਚ ਚਿੱਠੀ ਪੱਤਰ ਲੈ ਕੇ ਆਏ ਡਾਕੀਏ ਨੂੰ ਉਹ ਤਾਂਘ ਨਾਲ ਆਪਣੇ ਜਵਾਨ ਦੀ ਚਿੱਠੀ ਬਾਰੇ ਪਤਾ ਕਰਦੇ ਰਹਿੰਦੇ ਸਨ।

ਸਮੇਂ ਨੇ ਐਸੀ ਕਰਵਟ ਲਈ ਕਿ ਸੰਚਾਰ ਤੇ ਪ੍ਰਚਾਰ ਮਾਧਿਅਮ ਬਦਲਣਾ ਸ਼ੁਰੂ ਹੋ ਗਿਆ। ਹੌਲੀ ਹੌਲੀ ਚਿਠੀਆਂ ਦਾ ਰਿਵਾਜ਼ ਖ਼ਤਮ ਹੋਣਾ ਸ਼ੁਰੂ ਹੋ ਗਿਆ। ਡਾਕਖ਼ਾਨਿਆਂ ਦੀ ਅਹਿਮੀਅਤ ਘਟਣੀ ਸ਼ੁਰੂ ਹੋ ਗਈ। ਮੌਜੂਦਾ ਦੌਰ ਵਿੱਚ ਮੋਬਾਈਲ ਫੋਨ ਕਾਰਨ ਸਭ ਕੁਝ ਸੁੰਗੜ ਗਿਆ। ਦੁਨੀਆ ਮੁੱਠੀ ਵਿੱਚ ਆ ਗਈ।
ਡਾਕਖ਼ਾਨਿਆਂ ਦੇ ਕਰਮਚਾਰੀਆਂ ਦਾ ਕੰਮ ਘਟਣਾ ਸ਼ੁਰੂ ਹੋ ਗਿਆ। ਇਸ ਤਰ੍ਹਾਂ ਮੌਜੂਦਾ ਦੌਰ ਵਿੱਚ ਡਾਕਖ਼ਾਨਿਆਂ ਵਿਚ ਦੀ ਅਹਿਮੀਅਤ ਬਦਲਣੀ ਸ਼ੁਰੂ ਹੋ ਗਈ ਹੈ। ਲੋਕਾਂ ਨੂੰ ਸੁੱਖ ਸੁਨੇਹਾ ਪਹੁੰਚਾਉਣ ਤੇ ਛੋਟੀਆਂ ਬੱਚਤਾਂ ਲਈ ਪ੍ਰੇਰਣ ਵਾਲੇ ਭਾਰਤੀ ਡਾਕ ਘਰ ਹੁਣ ਗੰਗਾ ਜਲ ਵੇਚਣ ਦਾ ਨਵਾਂ ਕੰਮ ਵੀ ਕਰ ਰਹੇ ਹਨ।

- Advertisement -

ਰਿਪੋਰਟਾਂ ਮੁਤਾਬਿਕ ਪੰਜਾਬ ਦੇ ਜ਼ਿਲਾ ਮਾਨਸਾ ਦੇ ਕੁਝ ਚੋਣਵੇਂ ਡਾਕ ਘਰਾਂ ਵਿੱਚ ਗੰਗਾ ਜਲ ਦੀਆਂ ਬੋਤਲਾਂ ਪਹੁੰਚ ਗਈਆਂ ਹਨ। ਡਾਕਖ਼ਾਨਿਆਂ ਵਿੱਚ 30 ਰੁਪਏ ਬੋਤਲ ਦੇ ਹਿਸਾਬ ਨਾਲ ਗੰਗਾ ਜਲ ਦੀ ਵਿਕਰੀ ਹੋਣੀ ਸ਼ੁਰੂ ਹੋ ਗਈ ਹੈ। ਗੰਗਾ ਜਲ ਦੀਆਂ ਇਹ ਬੋਤਲਾਂ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਸਾਰੇ ਡਾਕ ਘਰਾਂ ਵਿੱਚ ਪਹੁੰਚਣ ਦੀ ਸੰਭਾਵਨਾ ਹੈ।

ਪਰ ਇਸ ਦਾ ਵਿਰੋਧ ਵੀ ਹੋਣਾ ਸ਼ੁਰੂ ਹੋ ਗਿਆ ਹੈ। ਬਾਬਾ ਬੂਝਾ ਸਿੰਘ ਭਵਨ ਟਰੱਸਟ ਦੇ ਚੇਅਰਮੈਨ ਕਾਮਰੇਡ ਨੱਛਤਰ ਸਿੰਘ ਖੀਵਾ ਨੇ ਕਿਹਾ ਕਿ ਡਾਕ ਘਰਾਂ ਵਿੱਚ ਗੰਗਾ ਜਲ ਵੇਚਣ ਦਾ ਕੰਮ ਭਾਰਤ ਨੂੰ ਹਿੰਦੂਵਾਦੀ ਰਾਸ਼ਟਰ ਬਣਾਉਣ ਵੱਲ ਪੁੱਟਿਆ ਇਕ ਹੋਰ ਕਦਮ ਹੈ। ਗੰਗਾ ਜਲ ਲੋਕਾਂ ਤਕ ਪਹੁੰਚਾਉਣ ਦਾ ਕੰਮ ਧਾਰਮਿਕ ਲੋਕਾਂ ਦਾ ਹੈ, ਇਸ ਲਈ ਸਰਕਾਰੀ ਅਦਾਰਿਆਂ ਨੂੰ ਇਨ੍ਹਾਂ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ।

ਇਸੇ ਤਰ੍ਹਾਂ ਇਸ ‘ਤੇ ਟਿਪਣੀ ਕਰਦਿਆਂ ਸੀਪੀਆਈ ਐੱਮਐੱਲ (ਲਿਬਰੇਸ਼ਨ) ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਹਰਭਗਵਾਨ ਭੀਖੀ, ਤਰਕਸ਼ੀਲ ਆਗੂ ਦਰਸ਼ਨ ਸਿੰਘ ਨੇ ਕਿਹਾ ਕਿ ਡਾਕ ਘਰਾਂ ਦੇ ਹੋਰ ਬਹੁਤ ਸਾਰੇ ਕੰਮ ਹਨ। ਉਨ੍ਹਾਂ ਨੂੰ ਆਪਣੇ ਟੀਚੇ ਪੂਰੇ ਕਰਨ ਦੇਣੇ ਚਾਹੀਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਸਰਕਾਰੀ ਅਦਾਰਿਆਂ ਦੀ ਦਿੱਖ ਧਾਰਮਿਕ ਬਣਾਉਣ ਤੋਂ ਗੁਰੇਜ਼ ਕਰੇ। ਸਰਕਾਰ ਇਨ੍ਹਾਂ ਅਦਾਰਿਆਂ ਨੂੰ ਉਸੇ ਤਰ੍ਹਾਂ ਰਹਿਣ ਦੇਣਾ ਚਾਹੀਦਾ ਹੈ।

Share this Article
Leave a comment