ਨਿਊਜ਼ ਡੈਸਕ: ਇੰਡੋਨੇਸ਼ੀਆ ਦੇ ਨੇੜੇ ਪ੍ਰਸ਼ਾਂਤ ਮਹਾਸਾਗਰ ਖੇਤਰ ‘ਚ ਸਥਿਤ ਦੇਸ਼ ਪਾਪੂਆ ਨਿਊ ਗਿਨੀ ਤੋਂ ਨਸਲਕੁਸ਼ੀ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟਾਂ ਅਨੁਸਾਰ ਹਾਲ ਹੀ ਵਿੱਚ ਇੱਕ ਗਰੋਹ ਨੇ ਔਰਤਾਂ ਅਤੇ ਬੱਚਿਆਂ ਸਮੇਤ ਕਈ ਦਰਜਨ ਲੋਕਾਂ ਦੀ ਹੱਤਿਆ ਕਰ ਦਿੱਤੀ ਹੈ। ਇਸ ਘਟਨਾ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਸੁਰੱਖਿਆ ਪ੍ਰਣਾਲੀ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਸੰਯੁਕਤ ਰਾਸ਼ਟਰ ਅਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉੱਤਰੀ ਪਾਪੂਆ ਨਿਊ ਗਿਨੀ ਦੇ ਤਿੰਨ ਦੂਰ-ਦੁਰਾਡੇ ਪਿੰਡਾਂ ਵਿੱਚ ਇੱਕ ਗਿਰੋਹ ਵੱਲੋਂ ਘੱਟੋ-ਘੱਟ 26 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਇਹ ਗਿਣਤੀ 50 ਤੋਂ ਪਾਰ ਜਾ ਸਕਦੀ ਹੈ ਕਿਉਂਕਿ ਕਈ ਹੋਰ ਲੋਕ ਲਾਪਤਾ ਹਨ। ਦੱਖਣੀ ਪ੍ਰਸ਼ਾਂਤ ਟਾਪੂ ਦੇਸ਼ ਦੇ ਪੂਰਬੀ ਸੇਪਿਕ ਸੂਬੇ ਦੇ ਕਾਰਜਕਾਰੀ ਸੂਬਾਈ ਪੁਲਿਸ ਕਮਾਂਡਰ ਜੇਮਜ਼ ਬੋਰਗੇਨ ਨੇ ਸ਼ੁੱਕਰਵਾਰ ਨੂੰ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੂੰ ਦੱਸਿਆ, “ਘਟਨਾ ਬਹੁਤ ਭਿਆਨਕ ਸੀ… ਜਦੋਂ ਮੈਂ ਘਟਨਾ ਸਥਾਨ ‘ਤੇ ਪਹੁੰਚਿਆ ਤਾਂ ਮੈਂ ਬੱਚਿਆਂ, ਮਰਦਾਂ ਅਤੇ ਔਰਤਾਂ ਦੀਆਂ ਲਾਸ਼ਾਂ ਦੇਖੀਆਂ।’
ਬੌਗੇਨ ਨੇ ਏਬੀਸੀ ਨੂੰ ਦੱਸਿਆ ਕਿ ਪਿੰਡ ਦੇ ਸਾਰੇ ਘਰ ਸੜ ਚੁੱਕੇ ਹਨ ਅਤੇ ਬਾਕੀ ਪਿੰਡ ਵਾਸੀ ਥਾਣੇ ਵਿੱਚ ਸ਼ਰਨ ਲੈ ਰਹੇ ਹਨ। ਬੌਗੇਨ ਮੁਤਾਬਕ ਪਿੰਡ ਵਾਸੀ ਹਮਲਾਵਰਾਂ ਦੇ ਨਾਂ ਦੱਸਣ ਤੋਂ ਵੀ ਡਰਦੇ ਹਨ। ਉਹਨਾਂ ਨੇ ਕਿਹਾ, ‘ਰਾਤ ਨੂੰ ਕੁਝ ਲਾਸ਼ਾਂ ਨੂੰ ਨੇੜਲੇ ਦਲਦਲ ਵਿੱਚ ਮਗਰਮੱਛਾਂ ਨੇ ਖਾ ਲਿਆ। ਅਸੀਂ ਸਿਰਫ ਉਹ ਜਗ੍ਹਾ ਵੇਖੀ ਜਿੱਥੇ ਉਨ੍ਹਾਂ ਨੂੰ ਮਾਰਿਆ ਗਿਆ ਸੀ। ਲੋਕਾਂ ਦੇ ਸਿਰ ਵੱਢੇ ਗਏ ਸਨ।’ ਬੌਗੇਨ ਨੇ ਕਿਹਾ ਕਿ ਹਮਲਾਵਰ ਲੁਕ ਗਏ ਹਨ ਅਤੇ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।