ਭਾਰਤ-ਨੇਪਾਲ ਬਾਰਡਰ ਤੋਂ ਗ੍ਰਿਫਤਾਰ ਗੈਂਗਸਟਰ ਨੇ ਸਲਮਾਨ ਖਾਨ ਦੇ ਕਤਲ ਦੀ ਸਾਜ਼ਿਸ਼ ਰਚਣ ਦੀ ਗੱਲ ਕਬੂਲੀ

Global Team
4 Min Read

ਚੰਡੀਗੜ੍ਹ: ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲੇ ਦੇ ਖਰੀਬਾੜੀ ਪੁਲਿਸ ਸਟੇਸ਼ਨ ਦੇ ਖੇਤਰ ਵਿਚ ਭਾਰਤ-ਨੇਪਾਲ ਚੌਕੀ ਨੇੜੇ ਸ਼ਨੀਵਾਰ ਨੂੰ ਦੀਪਕ ਮੁੰਡੀ ਦੇ ਨਾਲ ਗ੍ਰਿਫਤਾਰ ਕੀਤੇ ਗਏ ਦੋ ਵਿਅਕਤੀਆਂ ਦੀ ਪਛਾਣ ਕਪਿਲ ਪੰਡਿਤ ਅਤੇ ਰਾਜਿੰਦਰ ਉਰਫ ਜੋਕਰ ਵਜੋਂ ਹੋਈ ਹੈ। ਏਆਈਜੀ ਗੁਰਮੀਤ ਚੌਹਾਨ ਅਤੇ ਡੀਐਸਪੀ ਬਿਕਰਮ ਬਰਾੜ ਦੀ ਅਗਵਾਈ ਵਿੱਚ ਏਜੀਟੀਐਫ ਦੀ ਟੀਮ ਸ਼ਨੀਵਾਰ ਦੇਰ ਰਾਤ ਮੁੰਡੀ ਅਤੇ ਉਸਦੇ ਦੋ ਸਾਥੀਆਂ ਨੂੰ ਹਵਾਈ ਰਸਤੇ ਰਾਹੀਂ ਪੰਜਾਬ ਲੈ ਕੇ ਆਈ।

ਡੀਜੀਪੀ ਗੌਰਵ ਯਾਦਵ, ਜਿਨ੍ਹਾਂ ਨਾਲ ਏਡੀਜੀਪੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪ੍ਰਮੋਦ ਬਾਨ ਵੀ ਮੌਜੂਦ ਸਨ, ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਤੋਂ ਬਾਅਦ ਮੁੰਡੀ ਅਤੇ ਕਪਿਲ ਦੋਵੇਂ ਇਕੱਠੇ ਰਹਿ ਰਹੇ ਸਨ ਅਤੇ ਕੈਨੇਡਾ ਅਧਾਰਤ ਗੈਂਗਸਟਰ ਗੋਲਡੀ ਬਰਾੜ (ਮੁੱਖ ਸਾਜ਼ਿਸ਼ਕਰਤਾ) ਦੇ ਨਿਰਦੇਸ਼ਾਂ ‘ਤੇ ਲਗਾਤਾਰ ਆਪਣੇ ਟਿਕਾਣੇ ਬਦਲ ਰਹੇ ਸਨ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਸਮੇਂ ਦੌਰਾਨ ਮੁੰਡੀ ਅਤੇ ਕਪਿਲ ਹਰਿਆਣਾ, ਰਾਜਸਥਾਨ, ਗੁਜਰਾਤ, ਯੂਪੀ ਅਤੇ ਪੱਛਮੀ ਬੰਗਾਲ ਸੂਬਿਆਂ ਵਿੱਚ ਰੁਕੇ ਅਤੇ ਕਿਹਾ ਕਿ ਜੋਕਰ, ਜੋ ਪਹਿਲਾਂ ਹੀ ਨੇਪਾਲ ਵਿੱਚ ਸੀ, ਪੱਛਮੀ ਬੰਗਾਲ ਵਿੱਚ ਸੁਰੱਖਿਅਤ ਦਾਖਲ ਹੋਣ ਲਈ ਮੁੰਡੀ ਅਤੇ ਕਪਿਲ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਨੇਪਾਲ ਵਿੱਚ ਸੁਰੱਖਿਅਤ ਥਾਂ ‘ਤੇ ਲਿਜਾਣ ਲਈ ਆਇਆ ਸੀ।

ਉਨ੍ਹਾਂ ਦੱਸਿਆ ਕਿ ਗੋਲਡੀ ਬਰਾੜ ਨੇ ਮੁੰਡੀ ਅਤੇ ਕਪਿਲ ਨੂੰ ਫਰਜ਼ੀ ਪਾਸਪੋਰਟਾਂ ‘ਤੇ ਦੁਬਈ ‘ਚ ਸੈਟਲ ਕਰਨ ਦਾ ਵਾਅਦਾ ਕੀਤਾ ਸੀ। ਉਨ੍ਹਾਂ ਅੱਗੇ ਕਿਹਾ ਕਿ ਉਕਤ ਦੋਵਾਂ ਨੂੰ ਨੇਪਾਲ ਜਾਂ ਥਾਈਲੈਂਡ ਵਿੱਚ ਆਪਣੇ ਜਾਅਲੀ ਪਾਸਪੋਰਟ ਮਿਲਣੇ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਦੁਬਈ ਲਈ ਚਲੇ ਜਾਣਾ ਸੀ।

ਕਪਿਲ ਪੰਡਿਤ ਨੇ ਸਲਮਾਨ ਖਾਨ ਨੂੰ ਵੀ ਮਾਰਨ ਦੀ ਰਚੀ ਸੀ ਸਾਜ਼ਿਸ਼

ਕਪਿਲ ਪੰਡਿਤ, ਜੋ ਰਾਜਸਥਾਨ ਦੇ ਜ਼ਿਲ੍ਹਾ ਚੁਰੂ ਵਿਚ ਉਸ ਦੇ ਜੱਦੀ ਪਿੰਡ ਬੇਵੜ ਦੇ ਇਕ ਵਿਅਕਤੀ ਦੇ ਕਤਲ ਦੇ ਦੋਸ਼ ਵਿੱਚ ਜੇਲ੍ਹ ‘ਚ ਬੰਦ ਸੀ, ਤੋਂ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਉਹ ਆਪਣੀ ਮਾਂ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਹੋਣ ਲਈ ਸਾਲ 2021 ਵਿਚ ਪੈਰੋਲ ‘ਤੇ ਬਾਹਰ ਆਇਆ ਸੀ ਅਤੇ ਉਦੋਂ ਤੋਂ ਹੀ ਉਹ ਫਰਾਰ ਸੀ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਉਦੋਂ ਹੀ ਉਸ ਨਾਲ ਲਾਰੈਂਸ ਬਿਸ਼ਨੋਈ ਗੈਂਗ ਨੇ ਸੰਪਤ ਨਹਿਰਾ ਅਤੇ ਗੋਲਡੀ ਬਰਾੜ ਰਾਹੀਂ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਹੱਤਿਆ ਨੂੰ ਅੰਜਾਮ ਦੇਣ ਲਈ ਸੰਪਰਕ ਕੀਤਾ ਸੀ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸਲਮਾਨ ਖਾਨ ਨੂੰ ਮਾਰਨ ਦੀ ਰਣਨੀਤੀ ਘੜਨ ਲਈ ਕਪਿਲ ਨੂੰ ਸਚਿਨ ਬਿਸ਼ਨੋਈ ਅਤੇ ਸੰਤੋਸ਼ ਯਾਦਵ ਨਾਲ ਮਿਲ ਕੇ ਰੇਕੀ ਕਰਨ ਲਈ ਕਿਹਾ ਗਿਆ ਸੀ।

ਕਪਿਲ ਨੇ ਖੁਲਾਸਾ ਕੀਤਾ ਕਿ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਲਾਰੈਂਸ ਬਿਸ਼ਨੋਈ ਗੈਂਗ ਦੇ ਇਸ਼ਾਰੇ ‘ਤੇ ਪਹਿਲਾਂ ਵੀ ਉਸਨੇ ਸਿੱਧੂ ਮੂਸੇਵਾਲਾ ਨੂੰ ਮਾਰਨ ਦੇ ਇਰਾਦੇ ਨਾਲ ਕਈ ਵਾਰ ਰੇਕੀ ਕੀਤੀ ਸੀ।

ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਵਿਦੇਸ਼ਾਂ ਨੂੰ ਫਰਾਰ ਹੋਏ ਗੈਂਗਸਟਰਾਂ ਨੂੰ ਫੜਨ ਲਈ ਠੋਸ ਯਤਨ ਕੀਤੇ ਜਾ ਰਹੇ ਹਨ। ਇਸੇ ਸਿਲਸਿਲੇ ਤਹਿਤ ਗੈਂਗਸਟਰ ਸਚਿਨ ਥਾਪਨ ਨੂੰ ਅਜ਼ਰਬਾਈਜਾਨ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਜਲਦੀ ਹੀ ਉਸਨੂੰ ਭਾਰਤ ਹਵਾਲੇ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪੁਲਿਸ ਨੇ ਇਸ ਮਾਮਲੇ ਵਿੱਚ 24 ਮੁਲਜ਼ਮਾਂ ਖ਼ਿਲਾਫ਼ ਚਲਾਨ ਪੇਸ਼ ਕੀਤਾ ਹੈ।

Share This Article
Leave a Comment