ਵਿਦਿਆਰਥੀ ਆਗੂ ਤੋਂ ਸਿਹਤ ਮੰਤਰੀ ਤੱਕ ਡਾ.ਬਲਬੀਰ ਦਾ ਸਫ਼ਰ

Prabhjot Kaur
6 Min Read

ਜਗਤਾਰ ਸਿੰਘ ਸਿੱਧੂ,
ਮੈਨੇਜਿੰਗ ਐਡੀਟਰ

ਮੁੱਖ ਮੰਤਰੀ ਭਗਵੰਤ ਮਾਨ ਦੇ ਮੰਤਰੀ ਮੰਡਲ ‘ਚ ਅੱਜ ਸ਼ਾਮੀ ਜਿੱਥੇ ਮੰਤਰੀਆਂ ਦੇ ਮਹਿਕਮਿਆਂ ਦੀ ਫੇਰਬਦਲ ਕੀਤੀ ਗਈ ਹੈ ਉੱਥੇ ਡਾ ਬਲਬੀਰ ਸਿੰਘ ਨੂੰ ਸਿਹਤ ਮੰਤਰੀ ਵਜੋਂ ਮੰਤਰੀ ਮੰਡਲ ‘ਚ ਸ਼ਾਮਲ ਕੀਤਾ ਗਿਆ ਹੈ। ਡਾ ਬਲਬੀਰ ਪਟਿਆਲਾ ਦਿਹਾਤੀ ਤੋਂ ਪਹਿਲੀ ਵਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਬਣੇ ਹਨ ਪਰ ਪੰਜਾਬ ‘ਚ ਆਮ ਆਦਮੀ ਪਾਰਟੀ ਖੜੀ ਕਰਨ ਵਾਲੇ ਮੋਢੀ ਆਗੂਆਂ ‘ਚ ਇਕ ਹਨ। ਉਹਨਾਂ ਵੱਲੋ ਪੰਜਾਬ ਦੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾਈਆਂ ਗਈਆਂ ਹਨ। ਅਸਲ ‘ਚ ਅੰਨਾ ਹਜ਼ਾਰੇ ਲਹਿਰ ‘ਚੋ ਆਪ ਦੇ ਜਿਹੜੇ ਆਗੂ ਉਭਰ ਕੇ ਸਾਹਮਣੇ ਆਏ ਹਨ ਡਾ ਬਲਬੀਰ ਦਾ ਉਹਨਾਂ ‘ਚ ਨਾਂ ਸ਼ਾਮਲ ਹੈ। ਉਹ ਜ਼ਮੀਨੀ ਹਕੀਕਤਾਂ ਨਾਲ ਜੁੜੇ ਹੋਏ ਆਗੂ ਹਨ ਅਤੇ ਬੰਗਾ ਨੇੜਲੇ ਨੌਹਰਾ ਪਿੰਡ ਦੇ ਬਿਲਕੁਲ ਸਧਾਰਨ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਉਹਨਾਂ ਦੀ ਮੁਢਲੀ ਸਿੱਖਿਆ ਪੇਂਡੂ ਸਰਕਾਰੀ ਸਕੂਲ ਦੀ ਹੈ। ਉਹਨਾਂ ਨੇ ਆਪਣੀ ਮੈਡੀਕਲ ਸਿੱਖਿਆ ਦਿਆਨੰਦ ਮੈਡੀਕਲ ਕਾਲਜ ਲੁਧਿਆਣਾ ਤੋਂ ਪ੍ਰਾਪਤ ਕੀਤੀ ਹੈ। ਤਕਰੀਬਨ 20 ਸਾਲ ਉਹਨਾਂ ਨੇ ਸਰਕਾਰੀ ਹਸਪਤਾਲ ‘ਚ ਸੇਵਾਵਾਂ ਨਿਭਾਈਆਂ ਹਨ। ਇਸ ਲਈ ਉਹਨਾਂ ਨੂੰ ਸਿਹਤ ਸੇਵਾਵਾਂ ਵਿਚ ਕੰਮ ਕਰਨ ਦਾ ਤਕੜਾ ਤਜ਼ਰਬਾ ਹੈ। ਉਹਨਾਂ ਨੂੰ ਸਿਹਤ ਸੇਵਾਵਾਂ ਦੇ ਨਾਲ ਨਾਲ ਰਿਸਰਚ ਅਤੇ ਮੈਡੀਕਲ ਸਿੱਖਿਆ ਦਾ ਵਿਭਾਗ ਵੀ ਸੌਂਪਿਆ ਗਿਆ ਹੈ। ਇਸਦਾ ਕਾਰਨ ਇਹ ਵੀ ਹੈ ਕਿ ਉਹਨਾਂ ਦਾ ਮੈਡੀਕਲ ਕਾਲਜ ਪਟਿਆਲਾ ‘ਚ ਸਹਾਇਕ ਪ੍ਰੋਫੈਸਰ ਵੱਜੋਂ ਪੜਾਉਣ ਦਾ ਤਜ਼ਰਬਾ ਵੀ ਹੈ।
ਡਾ.ਬਲਬੀਰ ਦੇ ਜੇਕਰ ਤਜ਼ਰਬੇ ਦੀ ਗੱਲ ਕਰੀਏ ਤਾ ਉਹਨਾਂ ਨੇ ਦਿਆਨੰਦ ਮੈਡੀਕਲ ਕਾਲਜ ਲੁਧਿਆਣਾ ‘ਚ ਵਿਦਿਆਰਥੀ ਨੇਤਾ ਵੱਜੋਂ ਵੀ ਜਿੰਮੇਵਾਰੀ ਨਿਭਾਈ ਹੈ। ਕਾਲਜ ਦੇ ਸਮੇ ‘ਚ ਹੀ ਉਹ ਆਪਣੇ ਵਿਦਿਆਰਥੀ ਸਾਥੀਆਂ ਦੀ ਮਦਦ ਕਰਨ ਅਤੇ ਸਮਾਜਿਕ ਕੰਮਾਂ ‘ਚ ਵੱਡੀ ਦਿਲਚਸਪੀ ਰੱਖਦੇ ਸਨ। ਇਹ ਉਹਨਾਂ ਦੀ ਸਮਾਜਿਕ ਕੰਮਾਂ ‘ਚ ਦਿਲਚਸਪੀ ਹੀ ਕਹੀ ਜਾ ਸਕਦੀ ਹੈ ਕਿ ਪੀਜੀਆਈ ਦੇ ਡਾਇਰੈਕਟਰ ਡਾ ਪੀ ਐਨ ਚੁਟਾਨੀ ਦੀ ਅਗਵਾਈ ਹੇਠਾਂ ਏਡਜ਼ ਕੰਟਰੋਲ ਬਾਰੇ ਵਿਸ਼ੇਸ਼ ਕੰਮ ਕੀਤਾ। ਉਹਨਾਂ ਦੀ ਰਿਪੋਰਟ ਦਾ ਮੁਖ ਮੁੱਦਾ ਸੀ ਕਿ ਟਰੱਕ ਡਰਾਈਵਰਾਂ ,ਚੋ ਏਡਜ਼ ਦੀ ਖ਼ਤਰਨਾਕ ਬਿਮਾਰੀ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਹੈ। ਉੱਤਰੀ ਭਾਰਤ ਦੀ ਇਹ ਆਪਣੀ ਕਿਸਮ ਦੀ ਏਡਜ਼ ਬਾਰੇ ਪਹਿਲੀ ਖੋਜ ਰਿਪੋਟ ਸੀ। ਵਾਤਾਵਰਨ ਬਾਰੇ ਉਹਨਾਂ ਦੀ ਬਹੁਤ ਦਿਲਚਸਪੀ ਹੈ। ਉਹ ਪਟਿਆਲਾ ‘ਚ 1984 ਦੌਰਾਨ ਆ ਗਏ ਸਨ ਤਾ ਉਦੋਂ ਤੋਂ ਲੈ ਕੇ ਲਗਾਤਾਰ ਸਮਾਜਿਕ ਅਤੇ ਵਾਤਾਵਰਨ ਦੇ ਮੁੱਦਿਆਂ ‘ਤੇ ਪੂਰੀ ਸਰਗਰਮੀ ਨਾਲ ਕੰਮ ਕਰਦੇ ਆ ਰਹੇ ਹਨ। ਪਟਿਆਲਾ ‘ਚ ਆਮ ਆਦਮੀ ਪਾਰਟੀ ਦੇ ਆਗੂ ਦੇ ਨਾਲ ਨਾਲ ਉਹਨਾਂ ਦੀ ਵਾਤਾਵਰਨ ਪ੍ਰੇਮੀ ਵਜੋਂ ਵੀ ਵੱਖਰੀ ਪਛਾਣ ਹੈ। ਉਹਨਾਂ ਵੱਲੋ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਫ਼ਲਦਾਰ ਦਰਖਤ ਲਾਉਣ ਦੀ ਮੁਹਿੰਮ ਚਲਾਈ ਗਈ। ਉਹਨਾਂ ਵੱਲੋ ਸਾਂਝੀਆਂ ਥਾਵਾਂ ‘ਤੇ ਲੋਕਾਂ ਨੂੰ ਦਰਖਤ ਲਗਾਉਣ ਲਈ ਪ੍ਰੇਰਿਆ ਗਿਆ। ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਲੋਕਾਂ ਦੇ ਸਹਿਯੋਗ ਨਾਲ ਸਫਾਈ ਮੁਹਿੰਮ ਵੀ ਚਲਾਈ।
ਸਮਾਜਿਕ ਸੇਵਾਵਾਂ ‘ਚ ਕੋਰੋਨਾ ਦੇ ਖ਼ਤਰਨਾਕ ਦੌਰ ‘ਚ ਉਹਨਾਂ ਦੀਆਂ ਸੇਵਾਵਾਂ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ। ਉਹਨਾਂ ਨੇ ਖਤਰੇ ਦੀ ਪ੍ਰਵਾਹ ਨਾ ਕਰਦਿਆਂ ਹੋਇਆ ਕੋਰੋਨਾ ਪੀੜਤਾਂ ਨੂੰ ਮਦਦ ਕਰਨ ‘ਚ ਬਹੁਤ ਅਹਿਮ ਭੂਮਿਕਾ ਨਿਭਾਈ। ਉਹਨਾਂ ਵਲੋਂ ਬਾਕਾਇਦਾ ਡਾਕਟਰਾਂ ਦੀ ਇਕ ਟੀਮ ਖੜੀ ਕੀਤੀ ਗਈ ਅਤੇ ਲੋਕਾਂ ਨੂੰ ਸੁਨੇਹਾ ਦਿੱਤਾ ਗਿਆ ਕਿ ਸਿਹਤ ਸੇਵਾਵਾਂ ‘ਚ ਮਦਦ ਲੈਣ ਲਈ ਸਾਡੇ ਨਾਲ ਸੰਪਰਕ ਕੀਤਾ ਜਾਵੇ। ਉਹਨਾਂ ਦੀ ਟੀਮ ਵੱਲੋ ਬੁਨਿਆਦੀ ਦਵਾਈਆਂ ਮੁਫ਼ਤ ਦਿੱਤੀਆਂ ਜਾਂਦੀਆਂ ਸਨ ਅਤੇ ਸਲਾਹ ਵੀ ਮੁਫ਼ਤ ਦਿੱਤੀ ਜਾਂਦੀ ਸੀ। ਮਨੁੱਖਤਾ ਦੀ ਸੇਵਾ ਹੀ ਰੱਬ ਦੀ ਸੇਵਾ ਹੈ ਡਾ ਬਲਬੀਰ ਦਾ ਸ਼ੁਰੂ ਤੋਂ ਹੀ ਇਹ ਮਿਸ਼ਨ ਰਿਹਾ ਹੈ। ਇਸੇ ਤਰਾਂ ਸਿੰਘੂ ਬਾਰਡਰ ਦੇ ਕਿਸਾਨ ਅੰਦੋਲਨ ਸਮੇ ਡਾ ਬਲਬੀਰ ਦੀ ਅਗਵਾਈ ਹੇਠ 13 ਮਹੀਨੇ ਕਿਸਾਨਾਂ ਦੀ ਸਿਹਤ ਸੇਵਾ ਲਈ ਮਦਦ ਕੀਤੀ ਗਈ। ਖਾਸ ਤੌਰ ‘ਤੇ ਅੱਖਾਂ ਦੇ ਕੈਂਪ ਲਗਾਏ ਗਏ। ਉਹਨਾਂ ਦੀ ਟੀਮ ‘ਚ ਅੱਖਾਂ ਦੇ ਮਾਹਰ ਡਾਕਟਰ ਪੀ ਐਸ ਬਰਾੜ ਅਤੇ ਕਈ ਹੋਰ ਮਾਹਰ ਸ਼ਾਮਲ ਸਨ। ਇਸ ਟੀਮ ਦੀ ਅਹਿਮ ਸਿਫਤ ਹੀ ਕਹੀ ਜਾ ਸਕਦੀ ਹੈ ਕਿ ਇਹਨਾਂ ਵੱਲੋ 13 ਮਹੀਨੇ ਕਿਸਾਨ ਅੰਦੋਲਨ ‘ਚ ਕੰਮ ਕੀਤਾ ਗਿਆ ਪਰ ਕਿਧਰੇ ਵੀ ਮੀਡੀਆ ‘ਚ ਜਾ ਕੇ ਆਪਣੇ ਕੰਮ ਦੀ ਚਰਚਾ ਨਹੀਂ ਕੀਤੀ।

ਡਾ.ਬਲਬੀਰ ਨੇ ਅਹੁਦਾ ਸੰਭਾਲਦਿਆਂ ਹੀ ਅੱਜ ਸ਼ਾਮੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਸਿਹਤ ਸੇਵਾਵਾਂ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਸ਼ਹਿਰੀ ਖੇਤਰਾਂ ਦੇ ਨਾਲ ਨਾਲ ਪੇਂਡੂ ਖੇਤਰਾਂ ‘ਚ ਵੀ ਸਿਹਤ ਸੇਵਾਵਾਂ ਪੂਰੀ ਮਜ਼ਬੂਤੀ ਨਾਲ ਪਹੁੰਚਾਈਆਂ ਜਾਣਗੀਆਂ।

ਉਹਨਾਂ ਨੇ ਉਚੇਚੇ ਤੌਰ ‘ਤੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵੱਡੀ ਚਨੌਤੀ ਸਮਝ ਕੇ ਕੰਮ ਕੀਤਾ ਜਾਵੇਗਾ ਤਾ ਜੋ ਪੰਜਾਬ ਦਾ ਨੌਜਵਾਨ ਪੰਜਾਬ ਦੀ ਨਵੀਂ ਉਸਾਰੀ ਲਈ ਅਹਿਮ ਭੂਮਿਕਾ ਨਿਭਾ ਸਕੇ। ਡਾ ਬਲਬੀਰ ਤੋਂ ਸਿਹਤ ਮੰਤਰੀ ਵਜੋਂ ਬੜੀਆਂ ਉਮੀਦਾਂ ਹਨ ਕਿ ਸਿਹਤ ਸੇਵਾਵਾਂ ਆਮ ਲੋਕਾਂ ਦੀ ਪਹੁੰਚ ‘ਚ ਆਉਣਗੀਆਂ ਅਤੇ ਸੂਬੇ ਦਾ ਸਿਹਤ ਸੇਵਾਵਾਂ ਨਾਲ ਜੁੜਿਆ ਢਾਂਚਾ ਵੀ ਹਰ ਚੁਣੌਤੀ ਦਾ ਸਾਹਮਣਾ ਕਰਨ ਦੇ ਸਮਰੱਥ ਹੋਵੇਗਾ। ਸਿੱਖਿਆ ਅਤੇ ਸਿਹਤ ਕਿਸੇ ਵੀ ਸੂਬੇ ਜਾ ਦੇਸ਼ ਲਈ ਹਰ ਪੱਖ ਤੋਂ ਵਿਕਾਸ ਵਾਸਤੇ ਬੁਨਿਆਦੀ ਮੁੱਦੇ ਹਨ।

- Advertisement -

Share this Article
Leave a comment