ਨਵਜੋਤ ਸਿੱਧੂ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਕਿਉਂ ਨਹੀਂ ਹੋਏ ਸ਼ਾਮਿਲ 

TeamGlobalPunjab
3 Min Read

ਲਗਭਗ ਚਾਰ ਮਹੀਨੇ ਪਹਿਲਾਂ ਪੰਜਾਬ ਮੰਤਰੀ ਮੰਡਲ ਵਿਚੋਂ ਅਸਤੀਫਾ ਦੇ ਕੇ ਗਏ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਪਾਰਟੀ ਵਿਚ ਪੁਰਾਣੇ ਸਾਥੀ  ਤੇ ਸਮਰਥਕ ਉਸ ਦੇ ਹੱਕ ਵਿਚ ਆ ਕੇ ਖੜ੍ਹ ਗਏ ਹਨ। ਰਿਪੋਰਟਾਂ ਮੁਤਾਬਿਕ ਉਸ ਵੱਲੋਂ ਕੀਤੇ ਕੰਮਾਂ ਅਤੇ ਕਰਤਾਰਪੁਰ ਲਾਂਘੇ ਬਾਰੇ ਕੀਤੀ ਸ਼ੁਰੂਆਤ ਦੀਆਂ ਵੀ ਸਿਫਤਾਂ ਹੋਣ ਲੱਗ ਪਈਆਂ ਹਨ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਵਿਧਾਇਕ ਪ੍ਰਗਟ ਸਿੰਘ ਨੇ ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਦੇ ਬੁਲਾਏ ਵਿਸ਼ੇਸ਼ ਸੈਸ਼ਨ ਵਿਚ ਸ਼ਾਮਿਲ ਨਾ ਹੋਣ ‘ਤੇ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਨਵਜੋਤ ਸਿੱਧੂ ਦੇ ਕੀਤੇ ਕੰਮਾਂ ਨੂੰ ਭੁਲਾਇਆ ਨਹੀਂ ਜਾ ਸਕਦਾ।

ਚੇਤੇ ਕਰਾਇਆ ਜਾਂਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਸੰਬੰਧਾਂ ਵਿਚਾਲੇ ਪਾਕਿਸਤਾਨ ਵਿੱਚ ਇਮਰਾਨ ਖਾਨ ਦੇ ਸਹੁੰ-ਚੁੱਕ ਸਮਾਗਮ ‘ਚ ਨਵਜੋਤ ਸਿੱਧੂ ਦੇ ਸ਼ਾਮਿਲ ਹੋਣ ਮਗਰੋਂ ਖਟਾਸ ਪੈਦਾ ਹੋ ਗਈ ਸੀ। ਮੁੱਖ ਮੰਤਰੀ ਨਹੀਂ ਚਾਹੁੰਦੇ ਕਿ ਕਰਤਾਰਪੁਰ ਲਾਂਘੇ ਦਾ ਕਰੈਡਿਟ ਨਵਜੋਤ ਸਿੰਘ ਸਿੱਧੂ ਨੂੰ ਜਾਵੇ।

ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਤਿਆਰ ਹੋਣ ਦਾ ਸੇਹਰਾ ਨਵਜੋਤ ਸਿੱਧੂ ਨੂੰ ਜਾਂਦਾ ਹੈ। ਉਹਨਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਲਾਂਘਾ ਖੁੱਲ੍ਹਣ ਨਾਲ ਸਿੱਖਾਂ ਦੀ ਚਿਰਾਂ ਤੋਂ ਕੀਤੀ ਜਾ ਰਹੀ ਮੰਗ ਪੂਰੀ ਹੋਈ ਹੈ।

ਇਸੇ ਤਰ੍ਹਾਂ ਵਿਧਾਇਕ ਪ੍ਰਗਟ ਸਿੰਘ ਅਤੇ ਸੁਨੀਲ ਜਾਖੜ ਨੇ ਵੀ ਕਿਹਾ ਕਿ ਕੌਰੀਡੋਰ ਖੁੱਲ੍ਹਣ ਵਿਚ ਨਵਜੋਤ ਸਿੰਘ ਸਿੱਧੂ ਵਲੋਂ ਨਿਭਾਈ ਭੂਮਿਕਾ ਨੂੰ ਅਣਦੇਖਿਆਂ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਕਿਹਾ ਕਿ ਸਿੱਧੂ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿਚ ਸ਼ਾਮਿਲ ਹੋਣਾ ਚਾਹੀਦਾ ਸੀ।

- Advertisement -

ਉਧਰ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਲਈ ਯਤਨਸ਼ੀਲ ਨਵਜੋਤ ਸਿੰਘ ਸਿੱਧੂ ਨੇ ਵਿਦੇਸ਼ ਮੰਤਰੀ ਨੂੰ ਤੀਜਾ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ 9 ਨਵੰਬਰ ਨੂੰ ਡੇਰਾ ਬਾਬਾ ਨਾਨਕ ਰਸਤੇ ਖੋਲ੍ਹੇ ਜਾ ਰਹੇ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਜਾਣ ਦੀ ਮਨਜ਼ੂਰੀ ਦਿੱਤੀ ਜਾਵੇ। ਉਨ੍ਹਾਂ ਪਹਿਲਾਂ ਵੀ ਪਾਕਿਸਤਾਨ ਜਾਣ ਵਾਸਤੇ ਪ੍ਰਵਾਨਗੀ ਦੇਣ ਲਈ ਵਿਦੇਸ਼ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖੇ ਸਨ।

ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨੂੰ ਅੱਜ ਮੁੜ ਭੇਜੇ ਗਏ ਪੱਤਰ ਵਿਚ ਸ੍ਰੀ ਸਿੱਧੂ ਨੇ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ 9 ਨਵੰਬਰ ਨੂੰ ਸਵੇਰੇ ਸਾਢੇ 9 ਵਜੇ ਗੁਰਦੁਆਰਾ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾਣ ਦੀ ਪ੍ਰਵਾਨਗੀ ਦਿੱਤੀ ਜਾਵੇ। ਉਨ੍ਹਾਂ ਆਖਿਆ ਹੈ ਕਿ ਪਾਕਿਸਤਾਨ ’ਚ ਲਾਂਘੇ ਦਾ ਉਦਘਾਟਨ 9 ਨਵੰਬਰ ਨੂੰ 11 ਵਜੇ ਕੀਤਾ ਜਾਣਾ ਹੈ ਪਰ ਉਹ ਇਸ ਤੋਂ ਪਹਿਲਾਂ ਹੀ ਗੁਰਦੁਆਰਾ ਕਰਤਾਰਪੁਰ ’ਚ ਨਤਮਸਤਕ ਹੋ ਕੇ ਸ਼ੁਕਰਾਨਾ ਕਰਨ ਅਤੇ ਸੰਗਤ ਦੇ ਨਾਲ ਪੰਗਤ ਵਿਚ ਬੈਠ ਕੇ ਲੰਗਰ ਛਕਣਾ ਚਾਹੁੰਦੇ ਹਨ। ਇਸ ਮਗਰੋਂ ਉਹ ਪਾਕਿਸਤਾਨ ਵਿਚ ਹੋਣ ਵਾਲੇ ਉਦਘਾਟਨੀ ਸਮਾਗਮ ਵਿਚ ਸ਼ਾਮਲ ਹੋਣਗੇ ਅਤੇ ਸ਼ਾਮ ਨੂੰ ਇਸ ਰਸਤੇ ਰਾਹੀਂ ਮੁਲਕ ਪਰਤ ਆਉਣਗੇ। ਉਨ੍ਹਾਂ ਨੂੰ ਵਾਰ ਵਾਰ ਅਪੀਲ ਕਰਨ ‘ਤੇ ਮਨਜੂਰੀ ਨਾ ਮਿਲਣ ਕਾਰਨ ਉਹਨਾਂ  ਦੇ ਮਨ ਵਿਚ ਕਾਫੀ ਨਿਰਾਸ਼ਾ ਹੈ।

ਅਵਤਾਰ ਸਿੰਘ

-ਸੀਨੀਅਰ ਪੱਤਰਕਾਰ

Share this Article
Leave a comment