Breaking News

ਤੀਆਂ ਫਰਿਜ਼ਨੋ ਦੀਆਂ’ ਆਪਣੇ ਪੱਚੀਵੇਂ ਸਾਲ ‘ਚ ‘ਕਾਰਨੀ ਪਾਰਕ’ ਵਿਖੇ ਲੱਗੀਆਂ

ਫਰਿਜ਼ਨੋ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਪੰਜਾਬ ‘ਚੋ ਬਹੁਤ ਸਾਰੇ ਤਿਉਹਾਰ ਅਲੋਪ ਹੋ ਰਹੇ ਹਨ। ਪਰ ਇੱਥੇ ਪਿਛਲੇ 25 ਸਾਲਾ ਤੋਂ ਫਰਿਜ਼ਨੋ ਸ਼ਹਿਰ ਦੀ ਸੰਘਣੀ ਵਸੋਂ ਤੋਂ ਦੂਰ ਖੁਲੇ ‘ਕਾਰਨੀ ਪਾਰਕ’ ਦੇ ਦਰੱਖਤਾਂ ਦੀ ਸੰਘਣੀ ਛਾਂ ਹੇਠ ਤੀਆਂ ਹਰ ਸਾਲ ਲੱਗ ਰਹੀਆਂ ਹਨ। ਬੇਸ਼ੱਕ ਅੱਜ ਪਿੱਪਲਾਂ ਜਾਂ ਬਰੋਟਿਆਂ ਦੀ ਪੰਜਾਬ ਵਾਂਗ ਛਾਂ ਨਹੀਂ ਹੈ। ਪਰ ਹੋਰ ਸੰਘਣੇ ਦਰੱਖਤਾਂ ਦੀ ਛਾਂ ਅਤੇ ਆਪਸੀ ਸੱਭਿਆਚਾਰ ਪ੍ਰਤੀ ਪਿਆਰ ਸਦਕਾ ਅੱਜ ਵੀ ਉਸੇ ਤਰ੍ਹਾਂ ਇਹ ਤੀਆਂ ਪਰੰਪਰਾਗਤ ਤਰੀਕੇ ਨਾਲ ਹਰ ਸਾਲ ਲਗਦੀਆਂ ਹਨ। ਬੀਤੇ ਸਾਲ ਤੀਆਂ ਦੀ ਮੋਢੀ ਗੁੱਡੀ ਸਿੱਧੂ ਦੀ ਅਚਾਨਕ ਕਾਰ ਹਾਦਸੇ ਵਿੱਚ ਮੌਤ ਹੋਣ ਕਰਕੇ ਅਤੇ ਕੋਵਿੰਡ-19 ਦੀ ਮਹਾਮਾਰੀ ਕਰਕੇ ਨਹੀਂ ਲੱਗ ਸਕੀਆਂ ਸਨ। ਪਰ ਇਸ ਸਾਲ ਦੀਆਂ ਤੀਆਂ ਗੁੱਡੀ ਸਿੱਧੂ ਦੀ ਯਾਦ ਨੂੰ ਸਮਰਪਤ ਕਰਦੇ ਹੋਏ ਕੋਵਿਡ-19 ਮਹਾਂਮਾਰੀ ਦੀ ਭੇਟ ਚੜ ਚੁੱਕੀਆਂ ਕੀਮਤੀ ਜਾਨਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਧਾਰਨ ਕਰਕੇ ਸਰਧਾਜ਼ਲੀ ਦੇਣ ਉਪਰੰਤ ਭਾਰਤ ਵਿੱਚ ਚਲ ਰਹੇ ਕਿਸਾਨਾਂ ਦੇ ਸੰਘਰਸ਼ ਦੀ ਚੜਦੀਕਲਾ ਦੀ ਅਰਦਾਸ ਕਰਦੇ ਹੋਏ ਸ਼ੁਰੂ ਹੋਈਆਂ। ਇਹ ਬੜੀ ਖੁਸ਼ੀ ਦੀ ਗੱਲ ਸੀ ਕਿ ਬੇਸ਼ੱਕ ਸਿੱਖ ਧਰਮ ਵਿੱਚ ਤੀਆਂ ਆਦਿਕ ਰਸਮੀ ਤਿਉਹਾਰਾਂ ਨੂੰ ਬਹੁਤੀ ਮਾਨਤਾ ਨਹੀਂ ਦਿੱਤੀ ਜਾਂਦੀ, ਪਰ ਫਿਰ ਵੀ ਹਾਜ਼ਰ ਔਰਤਾਂ ਨੇ ਤੀਆਂ ਦੀ ਸ਼ੁਰੂਆਤ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਕੀਤੀ। ਇਸ ਤੋਂ ਇਲਾਵਾ ਭਾਰਤੀ ਕਿਸਾਨਾਂ ਦੇ ਸੰਘਰਸ਼ ਲਈ ਹਾਅ ਦਾ ਨਾਅਰਾ ਮਾਰਦੇ ਹੋਏ ‘ਕਿਸਾਨ-ਮਜ਼ਦੂਰ ਏਕਤਾ – ਜ਼ਿੰਦਾਬਾਦ’ ਦੇ ਨਾਅਰਿਆਂ ਦੀ ਅਵਾਜ਼ ਵੀ ਬੁਲੰਦ ਕੀਤੀ। ਇਸ ਸਮੇਂ ਹਾਜ਼ਰ ਬੱਚੀਆਂ, ਬੀਬੀਆਂ-ਭੈਣਾਂ ਵਿੱਚ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਸੀ। ਤੀਆਂ ਵਿੱਚ ਮਰਦਾ ਨੂੰ ਆਉਣ ਦੀ ਹਮੇਸ਼ਾਂ ਹੀ ਮਨਾਹੀ ਹੁੰਦੀ ਹੈ।

ਜਿਸ ਤਰ੍ਹਾ ਸਮੇਂ ਦੀ ਤਬਦੀਲੀ ਨਾਲ ਅੱਜ ਸਾਡੇ ਤਿਉਹਾਰ ਮਨੁੱਖੀ ਜ਼ਿੰਦਗੀ ਸੂਖਮ ਹੋਣ ਕਰਕੇ ਬਾਹਰੀ ਮਹੌਲ ਤੋਂ ਸਟੇਜ਼ ‘ਤੇ ਸਿਰਫ ਨੁਮਾਇਸਨੁਮਾ ਹੀ ਰਹਿ ਗਏ ਹਨ। ਪਰ ਇਹ ਗੱਲ ਬੜੇ ਫਖਰ ਦੀ ਹੈ ਕਿ ਫਰਿਜ਼ਨੋ ਦੀਆਂ ਤੀਆਂ ਆਪਣੇ 25 ਵੇਂ ਸਾਲ ਵਿੱਚ ਉਸੇ ਤਰ੍ਹਾਂ ਖੁਲੀਆਂ ਗਰਾਉਂਡਾ ਵਿੱਚ ਪਰੰਪਰਾਗਤ ਤਰੀਕੇ ਲੱਗੀਆ। ਜਿੱਥੇ ਵੱਖ-ਵੱਖ ਸ਼ਹਿਰਾ ਤੋਂ ਬੀਬੀਆਂ ਭੈਣਾਂ ਰਲ ਆਪਣੇ ਵੱਖ-ਵੱਖ ਗਰੁੱਪਾ ਵਿੱਚ ਗੀਤ ਗਾ ਗਿੱਧੇ ਦੇ ਮੁਕਾਬਲੇ ਦਾ ਭਰਪੂਰ ਮਨੋਰੰਜ਼ਨ ਕਰਦੀਆਂ ਹੋਈਆ ਆਪਣੀਆਂ ਸਹੇਲੀਆਂ ਨੂੰ ਵੀ ਮਿਲੀਆਂ।  ਇਨ੍ਹਾਂ ਤੀਆਂ ਦੌਰਾਨ ਸਮਾਪਤੀ ‘ਤੇ ਪਾਈ ਗਈ ਬੱਲੋਂ ਵੀ ਇਤਿਹਾਸਕਤਾ ਦਾ ਰੂਪ ਪੇਸ਼ ਕਰ ਰਹੀ ਸੀ। ਇਸੇ ਤਰ੍ਹਾਂ ਤੀਆਂ ਦੇਖਣ ਅਤੇ ਹਿੱਸਾ ਲੈਣ ਆਈਆਂ ਮੁਟਿਆਰਾ ਦੀਆਂ ਰੰਗ-ਬਰੰਗੀਆਂ ਪੁਸ਼ਾਕਾ, ਲਹਿੰਗੇ ਅਤੇ ਘੱਘਰੇ ਪੰਜਾਬੀਅਤ ਦੇ ਮਹੌਲ ਨੂੰ ਹੋਰ ਵੀ ਰੰਗੀਨ ਬਣਾ ਰਹੇ ਸਨ।

ਇਸ ਸਮੇਂ ‘ਸਿੱਖ ਵੋਮੈਨਜ਼ ਆਰਗੇਨਾਈਜੇਸ਼ਨ ਸੈਂਟਰਲ ਕੈਲੀਫੋਰਨੀਆਂ’ ਵੱਲੋਂ ਲੋੜਵੰਦ ਔਰਤਾਂ ਲਈ ਜਾਣਕਾਰੀ ਬੂਥ ਤੋਂ ਇਲਾਵਾ ਮਹਿੰਦੀ ਅਤੇ ਖਾਣੇ ਆਦਿਕ ਦੇ ਸਟਾਲ ਵੀ ਸਨ।  ਤੀਆਂ ਦੌਰਾਨ ਰੋਜਾਨਾ ਪ੍ਰਬੰਧਕਾ ਵੱਲੋਂ ਸਮਾਪਤੀ ‘ਤੇ ਖੁੱਲੇ ਗਿੱਧੇ ਅਤੇ ਬੋਲੀਆਂ ਤੋਂ ਇਲਾਵਾ ਡੀ.ਜੇ. ਦਾ ਵੀ ਪ੍ਰਬੰਧ ਵੀ ਕੀਤਾ ਗਿਆ ਸੀ। ਇੰਨ੍ਹਾਂ ਤੀਆਂ ਦਾ ਮਹੌਲ ਪੰਜਾਬ ਦੇ ਕਿਸੇ ਇਤਿਹਾਸਕ ਮੇਲੇ ਦੀ ਯਾਦ ਕਰਵਾ ਰਿਹਾ ਸੀ। ਇਸ ਸਮੇਂ ਤੀਆਂ ਵਿੱਚ ਸ਼ਾਮਲ ਮੇਲਣਾ ਅਤੇ ਪ੍ਰਬੰਧਕਾਂ ਨਾਲ ਵੀ ਗੱਲਬਾਤ ਕੀਤੀ ਗਈ। ਜਿੰਨਾਂ ਨੇ ਵਾਅਦਾ ਕੀਤਾ ਕਿ ਇਹ ਤੀਆਂ ਹਮੇਸ਼ਾ ਵਾਂਗ ਕਾਰਨੀ ਪਾਰਕ ਵਿੱਚ ਹਰ ਸਾਲ ਲੱਗਣਗੀਆਂ।

ਅਜੋਕੇ ਸਮੇਂ ਅੰਦਰ ਲੋੜ ਹੈ ਅਜਿਹੇ ਤਿਉਹਾਰਾ ਨੂੰ ਪਰੰਪਰਾਗਤ ਤਰੀਕੇ ਨਾਲ ਮਨਾਉਣ ਦੀ,  ਜਿਸ ਨਾਲ ਆਉਣ ਵਾਲੀ ਨਵੀਂ ਪੀੜੀ ਨੂੰ ਸਹੀ ਢੰਗ ਨਾਲ ਆਪਣੇ ਪਿਛੋਕੜ ਤੋਂ ਜਾਣੂ ਕਰਵਾਉਦੇ ਹੋਏ ਜੀਵਤ ਰੱਖਿਆ ਜਾ ਸਕੇ। ਇਸ ਸਮੁੱਚੇ ਪ੍ਰੋਗਰਾਮ ਦੀ ਸਫਲਤਾ ਦਾ ਸਿਹਰਾ ਰਾਜਪਾਲ ਕੌਰ ਬਰਾੜ, ਸਰਨਜੀਤ ਗੁੱਡੀ ਰਾਣੂ ਅਤੇ ਸਮੂੰਹ ਸਹਿਯੋਗੀਆਂ ਨੂੰ ਜਾਂਦਾ ਹੈ। ਅੰਤ ਇਹ ਫਰਿਜ਼ਨੋ ਦੀਆਂ ਤੀਆਂ ਦਾ ਰੌਣਕ ਮੇਲਾ ਮਾਂਵਾ, ਧੀਆਂ, ਭੈਣਾਂ ਅਤੇ ਸਹੇਲੀਆਂ ਦੇ ਆਪਸੀ ਪਿਆਰ ਨੂੰ ਇਕੱਠਿਆਂ ਪਿਆਰ ਵੰਡਦਾ ਸੱਭਿਆਚਾਰਕ ਰੰਗ ਵਿੱਚ ਯਾਦਗਾਰੀ ਹੋ ਨਿਬੜਿਆ।

Check Also

ਰਾਸ਼ਟਰਪਤੀ ਅਹੁਦੇ ਲਈ ਦਾਅਵੇਦਾਰੀ ਪੇਸ਼ ਕਰਕੇ ਟਰੰਪ ਨੂੰ ਟੱਕਰ ਦੇ ਸਕਦੀ ਹੈ ਨਿੱਕੀ ਹੇਲੀ

ਵਾਸ਼ਿੰਗਟਨ: ਭਾਰਤੀ-ਅਮਰੀਕੀ ਅਤੇ ਰਿਪਬਲਿਕਨ ਪਾਰਟੀ ਦੀ ਆਗੂ ਨਿੱਕੀ ਹੇਲੀ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ …

Leave a Reply

Your email address will not be published. Required fields are marked *