ਫਰਿਜ਼ਨੋ (ਕੈਲੀਫੋਰਨੀਆ) ( ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) : ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਦੇ ਫਾਇਰ ਡਿਪਾਰਟਮੈਂਟ ਨੂੰ ਅਮਰੀਕੀ ਸਰਕਾਰ ਵੱਲੋਂ ਸੇਫਰ ਗ੍ਰਾਂਟ ਰਾਹੀਂ 12.6 ਮਿਲੀਅਨ ਡਾਲਰ ਜਾਰੀ ਕੀਤੇ ਗਏ ਹਨ। ਇਸ ਗ੍ਰਾਂਟ ਦੀ ਮੱਦਦ ਨਾਲ ਵਿਭਾਗ ਵੱਲੋਂ ਤਕਰੀਬਨ 42 ਨਵੇਂ ਫਾਇਰ ਫਾਈਟਰਜ਼ ਨਿਯੁਕਤ ਕੀਤੇ ਜਾ ਸਕਣਗੇ।
ਫਰਿਜ਼ਨੋ ਫਾਇਰ ਵਿਭਾਗ ਦੇ ਅਧਿਕਾਰੀ ਸ਼ੇਨ ਬਰਾਊਨ ਅਨੁਸਾਰ ਇਹ ਇੱਕ ਅਪਗ੍ਰੇਡ ਹੈ , ਜਿਸਦੀ ਵਿਭਾਗ ਨੂੰ ਸਾਲਾਂ ਤੋਂ ਲੋੜ ਸੀ। ਬਰਾਊਨ ਅਨੁਸਾਰ ਵਿਭਾਗ ਕੋਲ ਉਹੀ ਸਟਾਫਿੰਗ ਮਾਡਲ ਹੈ ਜੋ 1980 ਵਿੱਚ ਸੀ। 1980 ਵਿੱਚ, ਫਰਿਜ਼ਨੋ ਫਾਇਰ ਕੋਲ 80 ਫਾਇਰ ਫਾਈਟਰਜ਼ ਪ੍ਰਤੀ ਦਿਨ ਡਿਊਟੀ ‘ਤੇ ਸਨ ਜਦਕਿ ਹੁਣ 2021 ਵਿੱਚ ਇਹ ਗਿਣਤੀ 81 ਹੈ। 1980 ਵਿੱਚ ਸ਼ਹਿਰ ਦੀ ਆਬਾਦੀ ਤਕਰੀਬਨ 218,000 ਸੀ ਪਰ ਅੱਜ ਲਗਭਗ 540,000 ਹੈ। ਇਸ ਲਈ ਸ਼ਹਿਰ ਵਿੱਚ ਫਾਇਰ ਫਾਈਟਰਜ਼ ਦੀ ਜ਼ਰੂਰਤ ਹੈ।
ਵਿਭਾਗ ਅਨੁਸਾਰ ਸੇਫਰ ਗਰਾਂਟ ਤਿੰਨ ਸਾਲਾਂ ਲਈ ਸਾਰੇ 42 ਫਾਇਰ ਫਾਈਟਰਾਂ ਦੀਆਂ ਤਨਖਾਹਾਂ ਦਾ ਭੁਗਤਾਨ ਕਰੇਗੀ। ਇਸ ਵੇਲੇ, ਵਿਭਾਗ ਕੋਲ ਸਿਰਫ 300 ਤੋਂ ਵੱਧ ਫਾਇਰ ਫਾਈਟਰ ਹਨ। ਆਬਾਦੀ ਅਤੇ ਅੱਗ ਦੀਆਂ ਘਟਨਾਵਾਂ ਦੇ ਹਿਸਾਬ ਨਾਲ ਫਰਿਜ਼ਨੋ ਨੂੰ ਅਸਲ ਵਿੱਚ 500-600 ਦੀ ਜ਼ਰੂਰਤ ਹੈ। ਬਰਾਊਨ ਅਨੁਸਾਰ ਜੇ ਸਭ ਕੁੱਝ ਠੀਕ ਰਿਹਾ ਤਾਂ ਅਗਲੇ ਸਾਲ ਦੇ ਅਰੰਭ ਤੱਕ 42 ਫਾਇਰ ਫਾਈਟਰਜ਼ ਨੂੰ ਨਿਯੁਕਤ ਕਰਕੇ ਸਿਖਲਾਈ ਦਿੱਤੀ ਜਾਵੇਗੀ।