ਅਜੋਕੇ ਦੌਰ ‘ਚ ਮੀਡੀਆ ਦੀ ਅਜਾਦੀ ਜਰੂਰੀ: ਡਾ ਗਰਗ

TeamGlobalPunjab
4 Min Read

ਸਮੁੱਚਾ ਮੀਡੀਆ ਭੋਰੇਸੇਯੋਗਤਾਂ ਦੇ ਉਠ ਰਹੇ ਸਵਾਲਾਂ ਦੇ ਘੇਰੇ ‘ਚ : ਸਿੱਧੂ
ਕੌਮੀ ਪ੍ਰੈੱਸ ਦਿਵਸ ਮੌਕੇ ‘ਤੇ ਵਿਸ਼ੇਸ਼ ਸੰਵਾਦ

ਚੰਡੀਗੜ੍ਹ 16 ਨਵੰਬਰ : ਪੰਜਾਬ ਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਵਲੋ ਅੱਜ ਇਥੇ ਕਲਾ ਭਵਨ ਵਿਖੇ ਕੌਮੀ ਪ੍ਰੈੱਸ ਦਿਵਸ ਮੌਕੇ ‘ਤੇ ਅਜੋਕੀ ਪੱਤਰਕਾਰੀ ਤੇ ਚੁਣੌਤੀਆਂ ਵਿਸ਼ੇ ‘ਤੇ ਵਿਸ਼ੇਸ਼ ਸੰਵਾਦ ਰਚਾਇਆ  ਗਿਆ । ਪ੍ਰੋਗਰਾਮ ਦੀ ਪ੍ਰਧਾਨਗੀ ਬਾਬਾ ਫਰੀਦ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾ ਪਿਆਰੇ ਲਾਲ ਗਰਗ, ਜਸਪਾਲ ਸਿੰਘ ਸਿੱਧੂ, ਬਲਬੀਰ ਜੰਡੂ ਤੇ ਜੈ ਸਿੰਘ ਛਿੱਬਰ ਦੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ । ਬਾਬਾ ਫਰੀਦ ਮੈਡੀਕਲ ਸਾਇੰਸ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾ ਪਿਆਰੇ ਲਾਲ ਗਰਗ ਨੇ ਸੰਬੋਧਨ ਕਰਦਿਆਂ ਕਿਹਾ ਜਮਹੂਰੀਅਤ ਵਿੱਚ ਅਜੋਕੇ ਦੌਰ ‘ਚ ਪ੍ਰੈੱਸ ਦੀ ਆਜ਼ਾਦੀ ਹੋਣਾ ਅਤਿਅੰਤ ਜਰੂਰੀ ਹੈ ਕਿਉਂਕਿ ਜੇਕਰ ਮੀਡੀਆ ਦੀ ਅਜਾਦੀ ਖਤਮ ਹੁੰਦੀ ਹੈ ਤਾਂ ਸਮੁੱਚੇ ਸਮਾਜ ਦੀ ਅਜਾਦੀ ਖਤਰੇ ਵਿੱਚ ਪੈ ਜਾਵੇਗੀ। ਗਰਗ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਮੀਡੀਆ ਨੂੰ ਬਹੁਤ ਵੱਡੀਆਂ ਚਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਇਨਾ ਪ੍ਰਸਥਿਤੀਆਂ ਵਿਚ ਪੱਤਰਕਾਰ ਭਾਈਚਾਰੇ ਨੂੰ ਸੰਤੁਲਨ ਬਣਾ ਕੇ ਇਹਨਾਂ ਚਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ| ਉਨ੍ਹਾਂ ਕਿਹਾ ਕਿ ਮੀਡੀਆਂ ਹੀ ਲੋਕਤੰਤਰ ਦਾ ਇੱਕ ਅਜਿਹਾ ਥੰਮ ਹੈ ਜੋ ਦੂਸਰੇ ਥੰਮਾਂ ਦੀਆਂ ਖਾਮੀਆਂ ਨੂੰ ਉਜਾਗਰ ਕਰਨ ਦੀ ਸਮਰੱਥਾ ਰੱਖਦਾ ਹੈ ਅਤੇ ਹਰ ਅੌਖੀ ਸਥਿਤੀ ਵਿੱਚ ਪੱਤਰਕਾਰਾਂ ਨੇ ਸਮਾਜ ਅਤੇ ਦੇਸ਼ ਹਿਤ ਵਿੱਚ ਮੋਹਰੀ ਰੋਲ ਅਦਾ ਕੀਤਾ ਹੈ |
ਗਰਗ ਨੇ ਕਿਹਾ ਕਿ ਬੇਸ਼ੱਕ ਰੋਜਮਰਾ ਦੀ ਜਿੰਦਗੀ ਚਲਾਉਣ ਲਈ ਪੈਸਾ ਜਰੂਰੀ ਹੁੰਦਾ ਹੈ ਪਰ ਇਹ ਵੀ ਸੱਚ ਹੈ ਕਿ ਪੈਸਾ ਸਭ ਕੁਝ ਨਹੀ ਹੁੰਦਾ| ਉਨਾਂ ਕਿਹਾ ਕਿ ਪੱਤਰਕਾਰਾਂ ਨੇ ਪਿਛਲੇ ਸਮੇ ਦੌਰਾਨ ਅਜਿਹੇ ਮਾਮਲੇ ਉਜਾਗਰ ਕੀਤੇ ਹਨ ਜਿਨ੍ਹਾਂ ਨਾਲ ਸਿਆਸੀ ਪਾਰਟੀਆਂ ਦਾ ਅਕਸ ਸਾਹਮਣੇ ਆਇਆ ਹੈ| ਉਹਨਾਂ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਪੱਤਰਕਾਰ ਭਾਈਚਾਰੇ ਨੂੰ ਇਕਜੁੱਟ ਹੋਣ ਦੀ ਅਪੀਲ ‘ਤੇ ਜੋਰ ਦਿੰਦਿਆਂ ਯੂਨੀਅਨ ਵਲੋ ਉਲੀਕੇ ਯਤਨਾਂ ਦੀ ਸ਼ਲਾਘਾ ਕੀਤੀ ।
ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਪੰਜਾਬ ‘ਚ ਕਾਲੇ ਦੌਰ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਕਿਵੇਂ ਸਰਕਾਰੀ ਦਬਾਅ ਹੇਠ ਖਬਰ ਦੀ ਮੂਲ ਭਾਸ਼ਾ ਤੇ ਅਰਥ ਹੀ ਬਦਲ ਦਿੱਤੇ ਜਾਂਦੇ ਸਨ ਅਤੇ ਗੁੰਮਰਾਹਕੁੰਨ ਖਬਰਾਂ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਜਾਂਦਾ ਸੀ। ਉਨ੍ਹਾਂ ਇਕ ਉਦਾਹਰਣ ਦਿੰਦਿਆਂ ਕਿਹਾ ਕਿ ਇਕ ਵਾਰ ਜਾਅਲੀ ਖਬਰ ਬਣਾਉਣ ਲਈ ਉਨ੍ਹਾਂ ਨੂੰ ਇਕ ਸੀਨੀਅਰ ਪੁਲਿਸ ਅਫਸਰ ਦੇ ਅਗਵਾ ਹੋਣ ਦੀ ਖਬਰ ਭੇਜਣ ਨੂੰ ਕਿਹਾ ਗਿਆ ਜਦੋ ਕਿ ਹਕੀਕਤ ਇਹ ਸੀ ਉਸ ਸਮੇਂ ਉਹ ਪੁਲਿਸ ਅਫਸਰ ਨਾਲ ਹੀ ਬੈਠੇ ਸਨ। ਜਦੋ ਉਹਨਾਂ ਨੇ ਫੋਨ ਕਰਨ ਵਾਲੇ ਨੂੰ ਅਫਸਰ ਨਾਲ ਗੱਲ ਕਰਨ ਲਈ ਕਿਹਾ ਤਾਂ ਉਹਨਾਂ ਗੱਲ ਕਰਨ ਦੀ ਬਜਾਏ ਖਬਰ ਭੇਜਣ ਦੀ ਜਿੱਦ ਕੀਤੀ। ਉਹਨਾਂ ਕਿਹਾ ਕਿ ਹਾਲਾਂਕਿ ਉਨ੍ਹਾਂ ਵਲੋਂ ਖਬਰ ਨਹੀਂ ਭੇਜੀ ਗਈ ਸੀ ਪਰ ਦੂਜੇ ਦਿਨ ਅਖ਼ਬਾਰਾਂ ਵਿੱਚ ਪੁਲਿਸ ਅਫਸਰ ਦੇ ਅਗਵਾ ਦੀ ਖਬਰ ਸੁਰਖੀਆਂ ਬਣਕੇ ਲੱਗੀ ਹੋਈ ਸੀ।
ਉਹਨਾਂ ਕਿਹਾ ਕਿ ਸੋਸ਼ਲ ਮੀਡੀਆਂ ਦੇ ਆਉਣ ਨਾਲ ਵੱਡੇ ਪੱਧਰ ‘ਤੇ ਸੂਚਨਾਵਾਂ ਤਾਂ ਲੋਕਾਂ ਤੱਕ ਪੁੱਜ ਰਹੀਆਂ ਹਨ ਪਰ ਉਸਦੀ ਭਰੋਸੇਯੋਗਤਾ ‘ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਉਨਾਂ ਦੱਸਿਆ ਕਿ ਪਿਛਲੇ ਸਮੇਂ ‘ਚ 265 ਨਕਲੀ ਵੈਬਸਾਇਟ ਪਕੜੀਆਂ ਗਈਆਂ ਜੋ ਗੁੰਮਰਾਹ ਕੁੰਨ ਪ੍ਰਚਾਰ ਕਿਸੇ ਖਾਸ ਹਿੱਤਾਂ ਲਈ ਕਰ ਰਹੀਆਂ ਸਨ| ਇਸ ਮੌਕੇ ਯੂਨੀਅਨ ਦੇ ਚੇਅਰਮੈਨ ਬਲਬੀਰ ਜੰਡੂ, ਪ੍ਰਧਾਨ ਜੈ ਸਿੰਘ ਛਿੱਬਰ, ਟ੍ਰਿਬਿਊਨ ਇੰਮਪਲਾਇੰਜ ਯੂਨੀਅਨ ਦੇ ਪ੍ਹਧਾਨ ਅਨਿਲ ਗੁਪਤਾ, ਇੰਡੀਅਨ ਐਕਸਪ੍ਰੈਸ ਇੰਪਲਾਇਜ ਯੂਨੀਅਨ ਦੇ ਪ੍ਹਧਾਨ ਰਾਜ ਕੁਮਾਰ ਸ੍ਰੀਵਾਸਤਵਾ, ਤਰਲੋਚਨ ਸਿੰਘ, ਡਾ ਮਦਨਦੀਪ , ਹਰਬੰਸ ਸਿੰਘ ਸੋਢੀ, ਜਗਤਾਰ ਸਿੰਘ ਭੁੱਲਰ, ਰਵਿੰਦਰ ਮੀਤ ਅਤੇ ਬਿੰਦੂ ਸਿੰਘ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਮੰਚ ਸੰਚਾਲਨ ਬਿੰਦੂ ਸਿੰਘ ਨੇ ਕੀਤਾ|

Share this Article
Leave a comment