ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 10 ਅਤੇ 7 ਵਿੱਚ ਮੁਫ਼ਤ ਪੈਟਰੋਲ ਦਾ ਲੰਗਰ ਨਹੀਂ ਲੱਗੇਗਾ। ਕਾਰੋਬਾਰੀ ਰਾਕੇਸ਼ ਤ੍ਰੇਹਨ, ਉਰਫ਼ “ਰਾਜਾ ਦੀ ਕਿੰਗ” ਨੇ ਕਿਹਾ ਕਿ ਪੁਲਿਸ ਅਤੇ ਪ੍ਰਸ਼ਾਸਨ ਤੋਂ ਸਮਾਗਮ ਦੀ ਇਜਾਜ਼ਤ ਮਿਲਣ ਤੱਕ ਮੁਫ਼ਤ ਪੈਟਰੋਲ ਲੰਗਰ ਨਹੀਂ ਲਗਾਇਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਫਿਲਹਾਲ ਪੈਟਰੋਲ ਲੈਣ ਲਈ ਵੱਡੀ ਗਿਣਤੀ ਵਿੱਚ ਇਕੱਠੇ ਨਾ ਹੋਣ।
ਕਾਰੋਬਾਰੀ ਰਾਕੇਸ਼ ਤ੍ਰੇਹਨ ਨੇ ਦੱਸਿਆ ਕਿ 18 ਅਪ੍ਰੈਲ ਨੂੰ ਆਯੋਜਿਤ ਕੀਤੇ ਗਏ ਪਿਛਲੇ ਪ੍ਰੋਗਰਾਮ ਦੌਰਾਨ ਉਮੀਦ ਤੋਂ ਕਿਤੇ ਜ਼ਿਆਦਾ ਲੋਕ ਇਕੱਠੇ ਹੋ ਗਏ ਸਨ। ਇਸ ਦੌਰਾਨ ਤੇਜ਼ ਬਾਰਿਸ਼ ਕਾਰਨ ਹਾਲਾਤ ਹੋਰ ਜ਼ਿਆਦਾ ਵਿਗੜ ਗਏ ਸਨ। ਵੱਡੀ ਗਿਣਤੀ ਵਿੱਚ ਵਾਹਨਾਂ ਦੇ ਇੱਕੋ ਥਾਂ ਜਮ੍ਹਾ ਹੋ ਜਾਣ ਕਾਰਨ ਸ਼ਹਿਰ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ ਅਤੇ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਕਿਹਾ ਕਿ ਅਜਿਹੀਆਂ ਸਥਿਤੀਆਂ ਦੇ ਮੱਦੇਨਜ਼ਰ ਬਿਨਾਂ ਪੁਖ਼ਤਾ ਪ੍ਰਬੰਧਾਂ ਅਤੇ ਪ੍ਰਸ਼ਾਸਨਿਕ ਮਨਜ਼ੂਰੀ ਤੋਂ ਦੁਬਾਰਾ ਅਜਿਹਾ ਪ੍ਰੋਗਰਾਮ ਉਲੀਕਣਾ ਉਚਿਤ ਨਹੀਂ ਹੋਵੇਗਾ।
ਰਾਕੇਸ਼ ਨੇ ਕਿਹਾ ਕਿ ਪੈਟਰੋਲ ਲੰਗਰ ਦੀ ਅਗਲੀ ਤਰੀਕ ਦਾ ਐਲਾਨ ਪੁਲਿਸ ਅਤੇ ਪ੍ਰਸ਼ਾਸਨ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਹੀ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਜਾਜ਼ਤ ਮਿਲਦੇ ਹੀ ਲੋਕਾਂ ਨੂੰ ਸੂਚਿਤ ਕੀਤਾ ਜਾਵੇਗਾ। ਇਸ ਦੌਰਾਨ 21 ਅਗਸਤ ਤੋਂ 23 ਅਗਸਤ ਤੱਕ ਪਹਿਲਾਂ ਐਲਾਨਿਆ ਗਿਆ ਪੈਟਰੋਲ ਲੰਗਰ ਲਾਗੂ ਨਹੀਂ ਹੋਵੇਗਾ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ‘ਤੇ ਫੈਲ ਰਹੀ ਪੁਰਾਣੀ ਜਾਣਕਾਰੀ ਦੇ ਆਧਾਰ ‘ਤੇ ਸੈਕਟਰ 10 ਦੇ ਪੈਟਰੋਲ ਪੰਪ ਜਾਂ ਕਿਸੇ ਹੋਰ ਜਗ੍ਹਾ ‘ਤੇ ਪੈਟਰੋਲ ਲੈਣ ਨਾ ਜਾਣ। ਇਸ ਨਾਲ ਭੀੜ ਹੋ ਸਕਦੀ ਹੈ ਅਤੇ ਨੁਕਸਾਨ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੰਗਲਵਾਰ, 18 ਅਪ੍ਰੈਲ ਨੂੰ ਸੈਕਟਰ-10 ਦੇ ਪੈਟਰੋਲ ਪੰਪ ‘ਤੇ ਮੁਫ਼ਤ ਪੈਟਰੋਲ ਵੰਡਣ ਦੀ ਪੂਰੀ ਤਿਆਰੀ ਕੀਤੀ ਗਈ ਸੀ। ਪ੍ਰੋਗਰਾਮ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ‘ਚ ਲੋਕ ਆਪਣੇ ਵਾਹਨ ਲੈ ਕੇ ਪੰਪ ‘ਤੇ ਪਹੁੰਚਣੇ ਸ਼ੁਰੂ ਹੋ ਗਏ ਸਨ। ਪ੍ਰਬੰਧਕਾਂ ਵੱਲੋਂ ਲੋਕਾਂ ਨੂੰ ਟੋਕਨ ਤੇ ਕੂਪਨ ਵੀ ਵੰਡੇ ਗਏ ਸਨ ਅਤੇ ਪੈਟਰੋਲ ਦਾ ਟੈਂਕਰ ਵੀ ਮੌਕੇ ‘ਤੇ ਪਹੁੰਚ ਚੁੱਕਾ ਸੀ। ਪਰ ਉਸੇ ਦੌਰਾਨ ਪਏ ਭਾਰੀ ਮੀਂਹ ਅਤੇ ਲਗਾਤਾਰ ਵਧ ਰਹੀ ਬੇਕਾਬੂ ਭੀੜ ਕਾਰਨ ਪ੍ਰੋਗਰਾਮ ਸ਼ੁਰੂ ਨਹੀਂ ਹੋ ਸਕਿਆ। ਕਈ ਲੋਕ ਮੀਂਹ ਦੇ ਬਾਵਜੂਦ ਘੰਟਿਆਂ ਬੱਧੀ ਕਤਾਰਾਂ ਵਿੱਚ ਖੜ੍ਹੇ ਰਹੇ। ਮੀਂਹ ਦਾ ਪਾਣੀ ਭਰਨ ਕਾਰਨ ਕਈ ਵਾਹਨ ਰਸਤੇ ਵਿੱਚ ਹੀ ਬੰਦ ਹੋ ਗਏ, ਜਿਨ੍ਹਾਂ ਨੂੰ ਲੋਕਾਂ ਵੱਲੋਂ ਧੱਕੇ ਮਾਰ ਕੇ ਪੰਪ ਤੱਕ ਪਹੁੰਚਾਇਆ ਗਿਆ।

