ਫਰਿਜ਼ਨੋ ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) : ਕੈਲੀਫੋਰਨੀਆ ਹਾਕਸ ਫੀਲਡ ਹਾਕੀ ਕਲੱਬ ਵੱਖ-ਵੱਖ ਟੂਰਨਾਮੈਂਟਾਂ ਦੌਰਾਨ ਆਪਣੀ ਵਧੀਆ ਖੇਡ ਕਰਕੇ ਖੇਡ ਪ੍ਰੇਮੀਆਂ ਦੀ ਪ੍ਰਸ਼ੰਸਾ ਖੱਟ ਰਹੀ ਹੈ। ਲੌਸ- ਏਜਲਸ ਸ਼ਹਿਰ ਦੇ ਮੋਰ ਪਾਰਕ ਵਿੱਚ 51ਵਾਂ ਗਰੈਂਡ ਕੈਲ ਕੱਪ ਇੰਟਰਨੈਸ਼ਨਲ ਫੀਲਡ ਹਾਕੀ ਟੂਰਨਾਮੈਂਟ ਕਰਵਾਇਆ ਗਿਆ। ਇਹ ਕੱਪ 26 ਮਈ ਤੋਂ 29 ਮਈ ਤੱਕ ਚੱਲਿਆ, ਜਿਸ ਵਿੱਚ ਦੁਨੀਆਂ-ਭਰ ਦੇ 18 ਦੇਸ਼ਾਂ ਚੋਂ 130 ਟੀਮਾਂ ਪਹੁੰਚੀਆਂ ਹੋਈਆ ਸਨ।
ਇਸ ਟੂਰਨਾਮੈਂਟ ਵਿੱਚ ਸੈਂਟਰਲਵੈਲੀ ਦੇ ਸ਼ਹਿਰ ਫਰਿਜ਼ਨੋ ਦੀ ਕੈਲੀਫੋਰਨੀਆ ਹਾਕਸ ਫੀਲਡ ਹਾਕੀ ਕਲੱਬ ਦੀਆਂ ਚਾਰ ਟੀਮਾਂ, ਕ੍ਰਮਵਾਰ 8 ਸਾਲ, 12 ਸਾਲ, 14 ਸਾਲ ਅਤੇ ਸੀਨੀਅਰ ਟੀਮ ਨੇ ਇਸ ਟੂਰਨਾਮੈਂਟ ਵਿੱਚ ਭਾਗ ਲੈਕੇ ਬਹੁਤ ਚੰਗਾ ਪ੍ਰਦ੍ਰਸ਼ਨ ਕੀਤਾ। 8 ਸਾਲ ਦੀ ਟੀਮ ਨੇ ਸਾਰੇ ਮੈਚ ਜਿੱਤਕੇ ਗੋਲਡ ਮੈਡਲ ਹਾਸਿਲ ਕੀਤਾ। 14 ਸਾਲ ਦੀ ਟੀਮ ਨੇ ਰੌਚਿਕ ਫਾਈਨਲ ਮੁਕਾਬਲੇ ਵਿੱਚ ਸਿਲਵਰ ਮੈਡਲ ਆਪਣੇ ਨਾਮ ਕੀਤਾ। ਸੀਨੀਅਰ ਟੀਮ 5 ਵਿੱਚੋਂ 4 ਮੈਚ ਜਿੱਤਕੇ ਮੈਡਲ ਤੋ ਵਾਂਝੀ ਰਹਿ ਗਈ। 12 ਸਾਲ ਦੀ ਟੀਮ ਨੇ ਪੰਜ ਮੈਚ ਖੇਡੇ, ਜਿਸ ਵਿੱਚ ਉਸਨੇ ਇੱਕ ਮੈਚ ਜਿੱਤਿਆ,ਦੋ ਹਾਰੇ ਅਤੇ ਦੋ ਮੈਚਾਂ ਵਿੱਚ ਖੇਡ ਬਰਾਬਰੀ ਤੇ ਖਤਮ ਹੋਈ। 12 ਸਾਲ ਦੀ ਟੀਮ ਨੇ ਤਾਈਵਾਨ ਦੇ ਨਾਲ ਇੰਟਰਨੈਸ਼ਨਲ ਮੈਚ ਦੌਰਾਨ ਸੋਹਣੀ ਖੇਡ ਵਿਖਾਕੇ ਦਰਸ਼ਕਾਂ ਦੀ ਵਾਹ ਵਾਹ ਖੱਟੀ। ਗੋਲ ਕੀਪਰ ਉਦੇ ਸਿੰਘ ਨੂੰ ਮੈਚ ਦਾ ਬਿਸਟ ਗੋਲਕੀਪਰ ਐਲਾਨਿਆ ਗਿਆ।

ਫਰਿਜ਼ਨੋ ਨਿਵਾਸੀ 14 ਸਾਲਾ ਗੋਲਕੀਪਰ ਗੁਰਨੂਰ ਕੌਰ ਜਿਸਦਾ ਪਿਛੋਕੜ ਪੰਜਾਬ ਦੇ ਕਿਲਾ-ਰਾਏਪੁਰ ਨਾਲ ਹੈ। ਉਸਨੇ ਫਾਈਨਲ ਵਿੱਚ ਪੰਜਾਂ ਵਿੱਚੋਂ ਤਿੰਨ ਪਲੰਟੀ-ਸਟਰੋਕ ਰੋਕਕੇ ਟੀਮ ਦੀ ਬਿੱਸਟ ਗੋਲਕੀਪਰ ਦਾ ਖ਼ਿਤਾਬ ਹਾਸਲ ਕਰਦਿਆਂ ਸੀਨੀਅਰ ਟੀਮ ਵਿੱਚ ਵੀ ਆਪਣੀ ਜਗ੍ਹਾ ਬਣਾ ਲਈ। ਇਸ ਤੋਂ ਪਹਿਲਾਂ ਦੀਪ ਅਤੇ ਪ੍ਰੀਤ, ਜੋ ਸਿਰਫ ਪੰਦਰਾਂ ਸਾਲਾਂ ਦੀਆਂ ਹਨ, ਅਤੇ ਸੀਨੀਅਰ ਟੀਮ ਵਿੱਚ ਖੇਡ ਰਹੀਆਂ ਹਨ। ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਪਲੇਅਰਾਂ ਨੇ ਚਣੌਤੀਆਂ ਬਾਰੇ ਕਿਹਾ ਕਿ ਅਸੀਂ ਕੋਚਾਂ ਦੀ ਕਾਰਗੁਜ਼ਾਰੀ ਤੋਂ ਪੂਰੇ ਸੰਤੁਸ਼ਟ ਹਾਂ, ਪਰ ਸਾਨੂੰ ਘਰੋ ਪੂਰੀ ਸਪੋਰਟ ਨਹੀਂ ਮਿਲਦੀ। ਉਹਨਾਂ ਕਿਹਾ ਕਿ ਖੇਡ ਤੁਹਾਡੇ ਸਰੀਰ ਅਤੇ ਦੀਮਾਗ ਨੂੰ ਤੰਦਰੁਸਤ ਰੱਖਦੀ ਹੈ। ਸੀਨੀਅਰ ਖਿਡਾਰੀ ਸੰਨਦੀਪ “ਸੰਨਾ” ਨੇ ਕਿਹਾ ਕਿ ਮੈਨੂੰ ਘਰੋਂ ਸਿਰਫ ਦੋ ਦਿਨ ਹੀ ਖੇਡਣ ਦੀ ਇਜਾਜ਼ਤ ਮਿਲੀ ਹੈ, ਜਦੋਂ ਕਿ ਮੇਰਾ ਜੀਅ ਕਰਦਾ ਸੀ ਕਿ ਪੂਰਾ ਟੂਰਨਾਮੈਂਟ ਖੇਡਾਂ।

ਜ਼ਿਕਰਯੋਗ ਹੈ ਕਿ ਫਰਿਜ਼ਨੋ ਦੀ ਹਾਕੀ ਕਲੱਬ ਬਹੁਤ ਵਧੀਆ ਟੀਮਾਂ ਤਿਆਰ ਕਰ ਰਹੀ ਹੈ। ਪੰਜਾਬੀ ਕਮਿਉਨਟੀ ਦੇ ਬੱਚਿਆਂ ਨੂੰ ਹਾਕੀ ਨਾਲ ਜੋੜ ਰਹੀ ਹੈ ਅਤੇ ਮੈਡਲ ਵੀ ਜਿੱਤਕੇ ਲਿਆ ਰਹੀ ਹੈ। ਇਸਦੇ ਬਾਵਜੂਦ ਕੈਲੀਫੋਰਨੀਆ ਹਾਕਸ ਫੀਲਡ ਹਾਕੀ ਕਲੱਬ ਕੋਲ ਇੱਕ ਵੀ ਫੀਲਡ ਹਾਕੀ ਗਰਾਊਂਡ ਨਹੀਂ ਹੈ। ਪਿਛਲੇ ਲੰਮੇ ਸਮੇਂ ਤੋਂ ਸਿਟੀ ਆਫ ਫਰਿਜ਼ਨੋ ਅਤੇ ਕਮਿਉਨਟੀ ਤੋ ਇਹ ਕਲੱਬ ਹਾਕੀ ਗਰਾਊਂਡ ਦੀ ਮੰਗ ਕਰ ਰਹੀ ਹੈ ਅਤੇ ਆਸ ਹੈ ਕਿ ਜਲਦ ਇਹਨਾਂ ਦੀ ਇਹ ਮੰਗ ਨੂੰ ਬੂਰ ਪਵੇਗਾ। ਫਰਿਜ਼ਨੋ ਅਤੇ ਆਸ ਪਾਸ ਦੇ 6 ਸਾਲ ਤੋ ਲੈਕੇ ਵੱਡੀ ਤੋ ਵੱਡੀ ਉਮਰ ਤੱਕ ਦੇ ਪਲੇਅਰ ਹਾਕੀ ਸਿੱਖਣ ਲਈ ਹਿੱਡ ਕੋਚ ਪਰਮਿੰਦਰ ਸਿੰਘ ਰਾਏ, ਕੋਚ ਸਿਮਰ, ਕੋਚ ਗਿੱਲ,ਕੋਚ ਰਵੀ, ਕੋਚ ਹਰਪ੍ਰੀਤ, ਕੋਚ ਜਗਦੀਪ ਬੱਲ ਆਦਿ ਨੂੰ ਫੋਨ ਨੰਬਰ 559-394-8939 ਤੇ ਸੰਪਰਕ ਕਰ ਸਕਦੇ ਹਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.