ਨਵੀਂ ਦਿੱਲੀ: ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਵਿੱਚ ਵੀਰਵਾਰ ਸਵੇਰੇ ਇੱਕ ਦਿਲ ਕੰਬਾਊ ਹਾਦਸਾ ਵਾਪਰਿਆ ਹੈ। ਇੱਥੇ ਇੱਕ ਚਲਦੀ SUV (ਸਕਾਰਪੀਓ) ਵਿੱਚ ਅਚਾਨਕ ਅੱਗ ਲੱਗ ਗਈ ਅਤੇ ਕੁਝ ਹੀ ਪਲਾਂ ਵਿੱਚ ਉਹ ਅੱਗ ਦਾ ਗੋਲਾ ਬਣ ਗਈ। ਇਸ ਦਰਦਨਾਕ ਘਟਨਾ ਵਿੱਚ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ ਹੈ।
ਮਰਨ ਵਾਲਿਆਂ ਵਿੱਚ ਇੱਕ ਸਥਾਨਿਕ ਕਾਂਗਰਸੀ ਆਗੂ ਅਤੇ ਸਾਬਕਾ ਸਰਪੰਚ ਵੀ ਸ਼ਾਮਿਲ ਹਨ। ਇਹ ਹਾਦਸਾ ਬੋਰਾਡਾ ਪੁਲਿਸ ਥਾਣਾ ਖੇਤਰ ਵਿੱਚ ਸਵੇਰੇ ਕਰੀਬ 5:30 ਵਜੇ ਵਾਪਰਿਆ, ਜੋ ਅਜਮੇਰ ਸ਼ਹਿਰ ਤੋਂ ਲਗਭਗ 60 ਕਿਲੋਮੀਟਰ ਦੂਰ ਹੈ। ਪੁਲਿਸ ਅਤੇ ਫੋਰੈਂਸਿਕ ਟੀਮਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੀ ਸੰਭਾਵਨਾ
ਡਿਪਟੀ ਸੁਪਰਡੈਂਟ ਆਯੂਸ਼ ਵਸ਼ਿਸ਼ਟ ਅਤੇ ਹੋਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ FSL ਦੀ ਟੀਮ ਨੇ ਘਟਨਾ ਸਥਾਨ ਤੋਂ ਨਮੂਨੇ ਅਤੇ ਮਹੱਤਵਪੂਰਨ ਸਬੂਤ ਇਕੱਠੇ ਕੀਤੇ ਹਨ। ਜਾਂਚਕਰਤਾਵਾਂ ਨੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੀ ਸੰਭਾਵਨਾ ਜਤਾਈ ਹੈ। SP ਹਰਸ਼ਵਰਧਨ ਅਗਰਵਾਲ ਨੇ ਕਿਹਾ ਕਿ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਅਤੇ ਜਦੋਂ ਤੱਕ ਸਹੀ ਕਾਰਨ ਸਾਹਮਣੇ ਨਹੀਂ ਆਉਂਦਾ, ਇਸ ਨੂੰ ਹੱਤਿਆ ਦੇ ਪੱਖ ਤੋਂ ਵੀ ਦੇਖਿਆ ਜਾ ਰਿਹਾ ਹੈ। ਮ੍ਰਿਤਕਾਂ ਦੀ ਪਛਾਣ ਸਾਬਕਾ ਸਰਪੰਚ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਾਮ ਸਿੰਘ ਚੌਧਰੀ, ਉਨ੍ਹਾਂ ਦੀ ਮਾਂ ਪੂਸੀ ਦੇਵੀ (ਸਾਬਕਾ ਸਰਪੰਚ), ਉਨ੍ਹਾਂ ਦੀ ਪਤਨੀ ਅਤੇ ਭਤੀਜੀ ਮਹਿਮਾ ਵਜੋਂ ਹੋਈ ਹੈ। ਹਾਸਿਲ ਜਾਣਕਾਰੀ ਅਨੁਸਾਰ ਪੂਸੀ ਦੇਵੀ ਨੇ ਸਵੇਰੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਸੀ ਅਤੇ ਰਾਮ ਸਿੰਘ ਚੌਧਰੀ ਉਨ੍ਹਾਂ ਨੂੰ ਹਸਪਤਾਲ ਲੈ ਕੇ ਜਾ ਰਹੇ ਸਨ। ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਇਹ ਭਾਣਾ ਵਰਤ ਗਿਆ।

