ਮਿਸੀਸਾਗਾ ਸ਼ਹਿਰ ਦੀ ਸਟਰੀਟ ਦਾ ਨਾਮ ਜਸਜੀਤ ਸਿੰਘ ਭੁੱਲਰ ਦੇ ਨਾਮ ‘ਤੇ ਰੱਖਣ ਦਾ ਐਲਾਨ

TeamGlobalPunjab
2 Min Read

ਟੋਰਾਂਟੋ/ਮਿਸੀਸਾਗਾ : ਕੈਨੇਡਾ ਦੇ ਮਿਸੀਸਾਗਾ ਸ਼ਹਿਰ ਵਿੱਚ ਸਿੱਖ ਭਾਈਚਾਰੇ ਦੀ ਸ਼ਾਨ ਵਿੱਚ ਚੋਖਾ ਵਾਧਾ ਹੋਇਆ ਹੈ। ਇੱਥੇ ਮਿਸੀਸਾਗਾ ਸ਼ਹਿਰ ਦੀ ਸਟਰੀਟ ਦਾ ਨਾਮ ਜਸਜੀਤ ਸਿੰਘ ਭੁੱਲਰ ਦੇ ਨਾਮ ‘ਤੇ ਰੱਖਣ ਦਾ ਐਲਾਨ ਕੀਤਾ ਗਿਆ ਹੈ। ਜਸਜੀਤ ਸਿੰਘ ਭੁੱਲਰ, ਡਿਕਸੀ ਗੁਰਦੁਆਰਾ ਦੇ ਨਾਮ ਨਾਲ ਜਾਣੇ ਜਾਂਦੇ ਓਂਟਾਰੀਓ ਖਾਲਸਾ ਦਰਬਾਰ ਦੇ ਲੰਮਾ ਸਮਾਂ ਪ੍ਰਧਾਨ ਰਹੇ ਸਨ, ਉਹ ਬੀਤੇ ਫਰਵਰੀ ਮਹੀਨੇ ਵਿੱਚ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਯਾਦ ਵਿੱਚ ਮਿਸੀਸਾਗਾ ਵਿੱਚ ਨਵੀਂ ਬਣਨ ਵਾਲੀ ਸਟਰੀਟ ਦਾ ਨਾਮ ਰੱਖਿਆ ਜਾਵੇਗਾ।

ਮਿਸੀਸਾਗਾ ਸ਼ਹਿਰ ਦੀ ਕੌਂਸਲ ਨੇ ਨਵੀਆਂ ਬਣਨ ਵਾਲੀਆਂ ਮਨਜ਼ੂਰਸ਼ੁਦਾ ਸਟਰੀਟ ਲਈ ਤਿੰਨ ਨਾਮ ਰਿਜ਼ਰਵ ਸੂਚੀ ਵਿੱਚ ਸ਼ਾਮਲ ਕੀਤੇ ਹਨ, ਜਿਨ੍ਹਾਂ ਵਿੱਚ ਸਿੱਖ ਭਾਈਚਾਰੇ ਦੇ ਪ੍ਰਮੁੱਖ ਆਗੂ ਜਸਜੀਤ ਸਿੰਘ ਭੁੱਲਰ ਦਾ ਨਾਮ ਵੀ ਸ਼ਾਮਲ ਹੈ। ਤਿੰਨ ਨਾਮ ਓਨੋਫਰਿਓ, ਜਸਜੀਤ ਅਤੇ ਜਸਜੀਤ ਸਿੰਘ ਸ਼ਾਮਲ ਕੀਤੇ ਗਏ ਹਨ। ਜਦੋਂ ਵੀ ਕੋਈ ਨਵੀਂ ਸਟਰੀਟ ਬਣੇਗੀ ਤਾਂ ਉਸ ਦਾ ਨਾਮ ਇਨ੍ਹਾਂ ਤਿੰਨਾਂ ਵਿੱਚੋਂ ਇੱਕ ਦੇ ਨਾਮ ‘ਤੇ ਰੱਖਿਆ ਜਾਵੇਗਾ।

 ਕੈਨੇਡਾ ਦੇ ਸਭ ਤੋਂ ਵੱਡੇ ਗੁਰੂ ਘਰਾਂ ਵਿੱਚੋਂ ਇੱਕ ‘ਓਂਟਾਰੀਓ ਖਾਲਸਾ ਦਰਬਾਰ’ (ਡਿਕਸੀ ਗੁਰਦੁਆਰਾ) ਦੇ ਸੰਸਥਾਪਕ ਮੈਂਬਰ ਅਤੇ ਲੰਮਾ ਸਮਾਂ ਇਸ ਦੇ ਪ੍ਰਧਾਨ ਰਹੇ ਜਸਜੀਤ ਸਿੰਘ ਭੁੱਲਰ ਦਾ ਬੀਤੇ ਫਰਵਰੀ ਮਹੀਨੇ ਵਿੱਚ ਦੇਹਾਂਤ ਹੋ ਗਿਆ ਸੀ। ਉਹ ਸਿੱਖ ਭਾਈਚਾਰੇ ਦੇ ਪ੍ਰਮੁੱਖ ਆਗੂ ਸਨ, ਜਿਨ੍ਹਾਂ ਨੇ ਵੱਖ-ਵੱਖ ਭਾਈਚਾਰਿਆਂ ਨੂੰ ਆਪਸ ਵਿੱਚ ਜੋੜ ਕੇ ਰੱਖਿਆ ਤੇ ਭਲਾਈ ਦੇ ਕੰਮਾਂ ਵਿੱਚ ਵੀ ਕਦੇ ਪਿੱਛੇ ਨਹੀਂ ਹਟੇ।

- Advertisement -

 

ਮਰਹੂਮ ਜਸਜੀਤ ਸਿੰਘ ਨੇ ਮਿਸੀਸਾਗਾ ਨੂੰ ਇੱਕ ਸੁਰੱਖਿਅਤ ਸ਼ਹਿਰ ਬਣਾਉਣ ਵਿੱਚ ਵੱਡਮੁੱਲਾ ਯੋਗਦਾਨ ਪਾਇਆ। ਇੱਕ ਸਥਾਨਕ ਵਾਸੀ ਨੇ ਮਿਸੀਸਾਗਾ ਦੀ ਮੇਅਰ ਬੌਨੀ ਕਰੌਂਬੀ ਦੇ ਦਫ਼ਤਰ ਨੂੰ ਬੇਨਤੀ ਕੀਤੀ ਕਿ ਇੱਕ ਸਟਰੀਟ ਦਾ ਨਾਮ ਜਸਜੀਤ ਸਿੰਘ ਭੁੱਲਰ ਦੇ ਨਾਮ ‘ਤੇ ਰੱਖਣਾ ਚਾਹੀਦਾ ਹੈ, ਜਿਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸੇ ਤਰ੍ਹਾਂ ਵਾਰਡ ਨੰਬਰ-10 ਤੋਂ ਸੂ ਮੈਕਫੈਡਨ ਵੱਲੋਂ ਕੀਤੀ ਬੇਨਤੀ ‘ਤੇ ਇੱਕ ਸਟਰੀਟ ਦਾ ਨਾਮ ਓਨੋਫਰਿਓ ਰੱਖਣ ਨੂੰ ਵੀ ਕੌਂਸਲ ਨੇ ਪ੍ਰਵਾਨਗੀ ਦੇ ਦਿੱਤੀ।

Share this Article
Leave a comment