ਸਾਬਕਾ ਰੇਲ ਮੰਤਰੀ ਮੁਕੁਲ ਰਾਏ ਦਾ ਦੇਹਾਂਤ; ਰਾਜਨੀਤਿਕ ਹਲਕਿਆਂ ਵਿੱਚ ਸੋਗ ਦੀ ਲਹਿਰ

Global Team
3 Min Read

ਨਵੀ ਦਿੱਲੀ : ਪੱਛਮੀ ਬੰਗਾਲ ਵਿੱਚ ਸੱਤਾਧਾਰੀ ਪਾਰਟੀ ਟੀਐਮਸੀ ਦੇ ਨੇਤਾ ਅਤੇ ਸਾਬਕਾ ਰੇਲ ਮੰਤਰੀ ਮੁਕੁਲ ਰਾਏ ਦਾ ਦੇਹਾਂਤ ਹੋ ਗਿਆ ਹੈ। ਮੁਕੁਲ ਰਾਏ ਬੀਮਾਰ ਸਨ ਅਤੇ ਕੋਲਕਾਤਾ ਦੇ ਇੱਕ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ। ਮੁਕੁਲ ਰਾਏ ਪਿਛਲੇ ਕੁਝ ਮਹੀਨਿਆਂ ਤੋਂ ਕੋਮਾ ਵਿੱਚ ਸਨ। ਮੁਕੁਲ ਰਾਏ ਦੇ ਬੇਟੇ ਸੁਭਰਾਂਸ਼ੂ ਰਾਏ ਨੇ ਆਪਣੇ ਪਿਤਾ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਦੱਸਿਆ ਕਿ “ਬੀਤੀ ਦੇਰ ਰਾਤ ਉਹਨਾਂ ਨੂੰ ਹਸਪਤਾਲ ਵਿੱਚ ਹੀ ਦਿਲ ਦਾ ਦੌਰਾ ਪਿਆ ਅਤੇ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉਹ 71 ਸਾਲਾਂ ਦੇ ਸਨ। ਉਹ ਪਿਛਲੇ 600 ਦਿਨਾਂ ਤੋਂ ਹਸਪਤਾਲ ਵਿੱਚ ਦਾਖਲ ਸਨ। ਇਹ ਮੇਰੇ ਅਤੇ ਮੇਰੇ ਪਰਿਵਾਰ ਲਈ ਇੱਕ ਬਹੁਤ ਵੱਡਾ ਘਾਟਾ ਹੈ।”

ਪਿਛਲੇ ਕੁਝ ਸਾਲਾਂ ਵਿੱਚ ਸਿਹਤ ਵਿਗੜਨ ਕਾਰਨ ਮੁਕੁਲ ਰਾਏ ਸਰਗਰਮ ਰਾਜਨੀਤੀ ਤੋਂ ਦੂਰ ਹੋ ਗਏ ਸਨ। ਡਾਕਟਰਾਂ ਨੇ 2023 ਦੀ ਸ਼ੁਰੂਆਤ ਵਿੱਚ ਪੁਸ਼ਟੀ ਕੀਤੀ ਸੀ ਕਿ ਉਹ ਡਿਮੈਂਸ਼ੀਆ (ਭੁੱਲਣ ਦੀ ਬਿਮਾਰੀ) ਅਤੇ ਪਾਰਕਿੰਸਨ’ਸ ਬਿਮਾਰੀ ਨਾਲ ਜੂਝ ਰਹੇ ਸਨ। ਇਸ ਦੇ ਚਲਦਿਆਂ ਉਨ੍ਹਾਂ ਦੇ ਸਰੀਰਕ ਸਮਰੱਥਾ ਕਾਫ਼ੀ ਹੱਦ ਤੱਕ ਪ੍ਰਭਾਵਿਤ ਹੋਈ ਹੈ।

ਮੁਕੁਲ ਰਾਏ ਤ੍ਰਿਣਮੂਲ ਕਾਂਗਰਸ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਸਨ ਅਤੇ ਪਾਰਟੀ ਦੇ ਸੰਗਠਨ ਨੂੰ ਖੜ੍ਹਾ ਕਰਨ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਸੀ। ਮਮਤਾ ਬੈਨਰਜੀ ਤੋਂ ਬਾਅਦ ਉਹ ਟੀਐਮਸੀ (TMC) ਵਿੱਚ ਦੂਜੇ ਨੰਬਰ ਦੇ ਨੇਤਾ ਸਨ। ਇਹੀ ਕਾਰਨ ਸੀ ਕਿ ਜਦੋਂ ਟੀਐਮਸੀ ਸੱਤਾ ਵਿੱਚ ਆਈ ਅਤੇ ਕੇਂਦਰ ਵਿੱਚ ਹਿੱਸੇਦਾਰੀ ਮਿਲੀ, ਤਾਂ ਮੁਕੁਲ ਰਾਏ ਨੂੰ ਰੇਲ ਮੰਤਰੀ ਬਣਾਇਆ ਗਿਆ। ਉਨ੍ਹਾਂ ਨੇ ਸਤੰਬਰ 2017 ਵਿੱਚ ਟੀਐਮਸੀ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਨਵੰਬਰ 2017 ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਏ। ਹਾਲਾਂਕਿ, ਉਹ ਜੂਨ 2021 ਵਿੱਚ ਟੀਐਮਸੀ ਵਿੱਚ ਵਾਪਸ ਆ ਗਏ। ਪੱਛਮੀ ਬੰਗਾਲ ਦੀ ਰਾਜਨੀਤੀ ਵਿੱਚ “ਬੰਗਾਲ ਦੇ ਚਾਣਕਿਆ” ਵਜੋਂ ਜਾਣੇ ਜਾਂਦੇ ਮੁਕੁਲ ਰਾਏ ਦੇ ਦੇਹਾਂਤ ਨਾਲ ਰਾਜਨੀਤਿਕ ਹਲਕਿਆਂ ਵਿੱਚ ਸੋਗ ਦੀ ਲਹਿਰ ਹੈ। ਉਨ੍ਹਾਂ ਦੇ ਦੇਹਾਂਤ ਨੂੰ ਟੀਐਮਸੀ ਅਤੇ ਬੰਗਾਲ ਦੀ ਰਾਜਨੀਤੀ ਲਈ ਇੱਕ ਯੁੱਗ ਦੇ ਅੰਤ ਵਜੋਂ ਦੇਖਿਆ ਜਾ ਰਿਹਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment