ਫਰਾਂਸ ਦੇ ਸਾਬਕਾ ਪ੍ਰਧਾਨ ਮੰਤਰੀ ਫਰੈਂਕੋਇਸ ਫਿਲਲੋ ਅਤੇ ਉਨ੍ਹਾਂ ਦੀ ਪਤਨੀ ਧੋਖਾਧੜੀ ਦੇ ਮਾਮਲੇ ‘ਚ ਦੋਸ਼ੀ ਕਰਾਰ

TeamGlobalPunjab
2 Min Read

ਪੈਰਿਸ : ਫਰਾਂਸ ਦੇ ਸਾਬਕਾ ਪ੍ਰਧਾਨ ਮੰਤਰੀ ਫਰੈਂਕੋਇਸ ਫਿਲਲੋ ਅਤੇ ਉਨ੍ਹਾਂ ਦੀ ਪਤਨੀ ਪੇਨੇਲੋਪ ਫਿਲਲੋ ਨੂੰ ਪੈਰਿਸ ਦੀ ਇੱਕ ਅਦਾਲਤ ਨੇ ਧੋਖਾਧੜੀ ਦੇ ਮਾਮਲੇ ‘ਚ ਦੋਸ਼ੀ ਠਹਿਰਾਇਆ ਹੈ। ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਜਨਤਾ ਦੇ ਪੈਸਿਆਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਲਈ ਇਸਤੇਮਾਲ ਕਰਨ ਦੇ ਮਾਮਲੇ ‘ਚ ਦੋਸ਼ੀ ਪਾਇਆ ਹੈ।

ਅਦਾਲਤ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਫਿਲਲੋ (66) ਨੂੰ ਪੰਜ ਸਾਲ ਦੀ ਜੇਲ੍ਹ ਅਤੇ 3.75 ਲੱਖ ਯੂਰੋ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਹਾਲਾਂਕਿ ਉਨ੍ਹਾਂ ਦੀ ਕੈਦ ਨੂੰ ਤਿੰਨ ਸਾਲ ਘੱਟ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅਦਾਲਤ ਨੇ ਉਨ੍ਹਾਂ ‘ਤੇ 10 ਸਾਲ ਤੱਕ ਚੋਣ ਲੜਨ ‘ਤੇ ਵੀ ਪ੍ਰਤੀਬੰਧ ਲਗਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਪੇਨੇਲੋਪ ਫਿਲਲੋ (64) ਨੂੰ ਵੀ ਇਸ ਜੁਰਮ ‘ਚ ਸ਼ਾਮਲ ਹੋਣ ਕਾਰਨ ਤਿੰਨ ਸਾਲ ਸਜ਼ਾ ਅਤੇ ਜ਼ੁਰਮਾਨਾ ਲਗਾਇਆ ਗਿਆ ਹੈ।

ਅਦਾਲਤ ਦੇ ਫ਼ੈਸਲੇ ‘ਚ ਕਿਹਾ ਗਿਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਫਰੈਂਕੋਇਸ ਦੇ ਪਰਿਵਾਰ ਨੂੰ 1998 ਤੋਂ ਬਾਅਦ 10 ਲੱਖ ਯੂਰੋ ਤੋਂ ਵੱਧ ਦਾ ਭੁਗਤਾਨ ਕੀਤਾ ਗਿਆ ਹੈ। ਫੈਸਲਾ ਸੁਣਾਏ ਜਾਣ ਤੋਂ ਬਾਅਦ ਪਤੀ-ਪਤਨੀ ਨੇ ਤੁਰੰਤ ਇਸ ਦੇ ਖਿਲਾਫ ਅਪੀਲ ਕਰ ਦਿੱਤੀ ਹੈ। ਮਾਮਲਾ ਪੈਂਡਿੰਗ ਰਹਿਣ ਤੱਕ ਉਨ੍ਹਾਂ ਨੁੂੰ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ।

ਫਰੈਂਕੋਇਸ ਫਿਲਲੋ 2007 ਤੋਂ 2012 ਤੱਕ ਫਰਾਂਸ ਦੇ ਪ੍ਰਧਾਨ ਮੰਤਰੀ ਰਹੇ ਹਨ। ਇਸ ਭ੍ਰਿਸ਼ਟਾਚਾਰ ਦਾ ਖੁਲਾਸਾ 2017 ‘ਚ ਰਾਸ਼ਟਰਪਤੀ ਚੋਣਾਂ ਤੋਂ ਠੀਕ ਪਹਿਲਾਂ ਸਾਹਮਣੇ ਆਇਆ ਸੀ। ਉਸ ਸਮੇਂ ਫਿਲਲੋ ਰਾਸ਼ਟਰਪਤੀ ਚੋਣ ਦੀ ਦੌੜ ‘ਚ ਸਭ ਤੋਂ ਅੱਗੇ ਸਨ।

- Advertisement -

Share this Article
Leave a comment