ਸ੍ਰੀਨਗਰ: ਜੰਮੂ-ਕਸ਼ਮੀਰ ਦੇ ਕੁਪਵਾੜਾ ‘ਚ ਕੰਟਰੋਲ ਰੇਖਾ (ਐੱਲ.ਓ.ਸੀ.) ਨੇੜ੍ਹੇ ਸੁਰੱਖਿਆ ਬਲਾਂ ਵੱਲੋਂ ਘੁਸਪੈਠ ਵਿਰੋਧੀ ਮੁਹਿੰਮ ਦੌਰਾਨ ਪੰਜ ਅੱਤਵਾਦੀ ਮਾਰੇ ਗਏ ਹਨ। ਇਸ ਸਬੰਧ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਗਈ ਹੈ।
ਉੱਤਰੀ ਕਸ਼ਮੀਰ ਜ਼ਿਲ੍ਹੇ ਵਿੱਚ ਐਲਓਸੀ ਦੇ ਨੇੜ੍ਹੇ ਜੁਮਾਗੁੰਡ ਖੇਤਰ ਵਿੱਚ ਇੱਕ ਇਨਪੁਟ ਦੇ ਅਧਾਰ ‘ਤੇ ਵੀਰਵਾਰ ਰਾਤ ਨੂੰ ਪੁਲਿਸ ਅਤੇ ਸੁਰੱਖਿਆ ਬਲਾਂ ਵਲੋਂ ਸ਼ੁਰੂ ਕੀਤੇ ਗਏ ਸਾਂਝੇ ਆਪਰੇਸ਼ਨ ਤੋਂ ਬਾਅਦ ਸ਼ੁੱਕਰਵਾਰ ਤੜਕੇ ਅੱਤਵਾਦੀਆਂ ਨਾਲ ਮੁਕਾਬਲਾ ਹੋਇਆ।
ਕਸ਼ਮੀਰ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਵਿਜੇ ਕੁਮਾਰ ਨੇ ਮਾਈਕ੍ਰੋ ਬਲੌਗਿੰਗ ਵੈੱਬਸਾਈਟ ‘ਤੇ ਲਿਖਿਆ, “ਮੁੱਠਭੇੜ ਵਿੱਚ ਪੰਜ (05) ਵਿਦੇਸ਼ੀ ਅੱਤਵਾਦੀ ਮਾਰੇ ਗਏ ਹਨ… ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚੱਲ ਰਹੀ ਹੈ…”
#KupwaraEncounterUpdate: Five (05) foreign #terrorists killed in #encounter. Search in the area is going on: ADGP Kashmir@JmuKmrPolice https://t.co/h6aOuTuSj0
— Kashmir Zone Police (@KashmirPolice) June 16, 2023
ਸ਼ੁੱਕਰਵਾਰ ਦਾ ਮੁਕਾਬਲਾ ਸੁਰੱਖਿਆ ਬਲਾਂ ਵਲੋਂ ਹਾਲ ਹੀ ਵਿੱਚ ਨਾਕਾਮ ਕੀਤੇ ਗਏ ਘੁਸਪੈਠ ਵਿਰੋਧੀ ਮੁਹਿੰਮਾਂ ਦੀ ਲੜੀ ਦਾ ਹਿੱਸਾ ਹੈ। ਵੀਰਵਾਰ ਨੂੰ ਇਸ ਆਪਰੇਸ਼ਨ ਦੇ ਤਹਿਤ ਫੌਜ ਨੇ ਪੁੰਛ ਸੈਕਟਰ ‘ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ ਅਤੇ ਵੱਡੀ ਮਾਤਰਾ ‘ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਸੀ।
ਅਧਿਕਾਰੀਆਂ ਅਨੁਸਾਰ, ਫਰਵਰੀ ਤੋਂ ਲੈ ਕੇ ਹੁਣ ਤੱਕ ਕੰਟਰੋਲ ਰੇਖਾ ਦੇ ਪਾਰ ਘੁਸਪੈਠ ਦੀਆਂ 10 ਵੱਡੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਗਿਆ ਹੈ – ਇਹ ਇਸ ਗੱਲ ਦਾ ਸੰਕੇਤ ਹੈ ਕਿ ਪਾਕਿਸਤਾਨ ਕਿਵੇਂ ਅੱਤਵਾਦੀਆਂ ਨੂੰ ਜੰਮੂ ਅਤੇ ਕਸ਼ਮੀਰ ਵਿੱਚ ਧੱਕਣ ਦੀ ਕੋਸ਼ਿਸ਼ ਕਰ ਰਿਹਾ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.