ਜਗਤਾਰ ਸਿੰਘ ਸਿੱਧੂ;
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਅੱਜ ਪਟਿਆਲਾ ਵਿਖੇ ਹੋਈ ਮੀਟਿੰਗ ਚੰਗੀ ਸ਼ੁਰੂਆਤ ਵਾਲੇ ਪਾਸੇ ਪੁੱਟਿਆ ਅਹਿਮ ਕਦਮ ਹੈ। ਇਸ ਤੋਂ ਬਾਅਦ ਗਿਆਰਾ ਫਰਵਰੀ ਨੂੰ ਪਟਿਆਲਾ ਵਿਖੇ ਸੱਤ ਮੈਂਬਰੀ ਕਮੇਟੀ ਦੀ ਦੂਜੀ ਮੀਟਿੰਗ ਹੋਵੇਗੀ।
ਪਰ ਇਸ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵੀ ਸ਼ਾਮਲ ਹੋਣਗੇ ਅਤੇ ਅਕਾਲੀ ਦਲ ਦੀ ਮੈਂਬਰਸ਼ਿਪ ਦੀ ਭਰਤੀ ਨੂੰ ਲੈ ਕੇ ਸਥਿਤੀ ਸਪੱਸ਼ਟ ਕਰਨ ਬਾਰੇ ਚਰਚਾ ਹੋਵੇਗੀ। ਮੀਟਿੰਗ ਬਾਅਦ ਜਿਸ ਅੰਦਾਜ ਨਾਲ ਸੰਜਮ ਵਿੱਚ ਰਹਿੰਦਿਆਂ ਪ੍ਰਧਾਨ ਧਾਮੀ ਨੇ ਜਾਣਕਾਰੀ ਦਿਤੀ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਰੇ ਮੈਂਬਰ ਏਕੇ ਦੇ ਹਾਮੀ ਹਨ ਪਰ ਸਾਰੇ ਮਾਮਲਿਆਂ ਦਾ ਨਿਪਟਾਰਾ ਦੋ ਦਸੰਬਰ ਨੂੰ ਸਿੰਘ ਸਾਹਿਬਾਨ ਵੱਲੋਂ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਦਿੱਤੇ ਫੈਸਲੇ ਦੀ ਰੌਸ਼ਨੀ ਵਿੱਚ ਹੀ ਨੇਪਰੇ ਚੜੇਗਾ।ਅੱਜ ਦੀ ਮੀਟਿੰਗ ਨੇ ਇਹ ਤਾਂ ਤੈਅ ਕਰ ਹੀ ਦਿੱਤਾ ਹੈ ਕਿ ਦੋ ਦਸੰਬਰ ਦੀ ਮੀਟਿੰਗ ਬਾਅਦ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਨੂੰ ਲੈ ਕੇ ਆਈ ਖੜੋਤ ਤਾਂ ਟੁੱਟ ਹੀ ਗਈ ਹੈ। ਇਹ ਵੀ ਪਹਿਲਾ ਮੌਕਾ ਹੋਵੇਗਾ ਕਿ ਸੱਤ ਮੈਂਬਰੀ ਕਮੇਟੀ ਨਾਲ ਅਕਾਲੀ ਦਲ ਦੀ ਮੈਂਬਰਸ਼ਿਪ ਭਰਤੀ ਨੂੰ ਲੈ ਕੇ ਪਾਰਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨਾਲ ਗਿਆਰਾਂ ਫਰਵਰੀ ਨੂੰ ਪਹਿਲੀ ਮੁਲਾਕਾਤ ਹੋਣ ਜਾ ਰਹੀ ਹੈ।
ਅਜੇ ਅਕਾਲੀ ਦਲ ਦੀ ਲੀਡਰਸ਼ਿਪ ਦੇ ਇੱਕ ਪਲੇਟਫਾਰਮ ਤੇ ਆਉਣ ਦੇ ਰਾਹ ਵਿੱਚ ਕਈ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਹਨ ਜਿਸ ਬਾਰੇ ਸਹਿਮਤੀ ਦੇ ਹੱਲ ਨਾਲ ਹੀ ਅੱਗੇ ਵਧਿਆ ਜਾ ਸਕਦਾ ਹੈ। ਇਸ ਬਾਰੇ ਕੋਈ ਦੋ ਰਾਇ ਨਹੀਂ ਹੈ ਕਿ ਭੂੰਦੜ ਅਤੇ ਧਾਮੀ ਆਪਣਾ ਬੇਦਾਗ ਰਾਜਸੀ ਪਿਛੋਕੜ ਰਖਦੇ ਹਨ ਅਤੇ ਸੁਲਝੇ ਹੋਏ ਪੰਥਕ ਆਗੂ ਹਨ। ਇਹ ਦੋਵੇਂ ਆਗੂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਲੈ ਕੇ ਛਿੜੇ ਵਿਵਾਦਾਂ ਤੋਂ ਸਿਧਾ ਉਲਝਣ ਵਿੱਚ ਗੁਰੇਜ਼ ਹੀ ਕਰਦੇ ਰਹੇ ਹਨ।ਹਾਲਾਂਕਿ ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਬਾਰੇ ਟਿੱਪਣੀ ਨੂੰ ਲੈਕੇ ਮੌਜੂਦਾ ਪ੍ਰਧਾਨ ਧਾਮੀ ਲਈ ਉਲਝਣ ਵਾਲੀ ਸਥਿਤੀ ਸੀ ਪਰ ਉਹ ਵੀ ਧਾਮੀ ਨੇ ਮਾਫ਼ੀ ਮੰਗ ਕੇ ਆਪਣੀ ਸਥਿਤੀ ਸਪੱਸ਼ਟ ਕਰ ਦਿੱਤੀ। ਦੋਹਾਂ ਹੀ ਆਗੂਆਂ ਦੀ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਸਹਿਮਤੀ ਬਨਾਉਣ ਦੀ ਭੂਮਿਕਾ ਹੋਰ ਵੀ ਅਹਿਮ ਹੈ। ਧਾਮੀ ਸੱਤ ਮੈਂਬਰੀ ਕਮੇਟੀ ਦੇ ਕਨਵੀਨਰ ਹਨ ਅਤੇ ਭੂੰਦੜ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਹਨ। ਦੋਹਾਂ ਹੀ ਆਗੂਆਂ ਨੇ ਵਾਰ ਵਾਰ ਕਿਹਾ ਹੈ ਕਿ ਸਿੰਘ ਸਾਹਿਬਾਨ ਦੇ ਫ਼ੈਸਲੇ ਅੱਗੇ ਉਹ ਸਿਰ ਝੁਕਾਉਂਦੇ ਹਨ। ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੇ ਤਾਂ ਪਹਿਲਾਂ ਹੀ ਆਪਣਾ ਜਥੇਬੰਦਕ ਢਾਂਚਾ ਭੰਗ ਕਰ ਦਿੱਤਾ ਸੀ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਆਦੇਸ਼ ਨੂੰ ਪ੍ਰਵਾਨ ਕੀਤਾ ਸੀ।
ਪੰਜਾਬੀ ਖੇਤਰੀ ਪਾਰਟੀ ਅਕਾਲੀ ਦਲ ਦੀ ਮਜ਼ਬੂਤੀ ਚਾਹੁੰਦੇ ਹਨ ਪਰ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਅਤੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਭੂੰਦੜ ਪੰਜਾਬੀਆਂ ਦੀਆਂ ਭਾਵਨਾਵਾਂ ਅਨੁਸਾਰ ਅਕਾਲੀ ਦਲ ਦੀ ਮੰਝਧਾਰ ਵਿਚ ਫਸੀ ਬੇੜੀ ਨੂੰ ਪਾਰ ਲਾ ਸਕਣਗੇ?
ਸੰਪਰਕ 9814002186