ਪਾਕਿਸਤਾਨ ਵਿੱਚ ਪਹਿਲੀ ਵਾਰ ਹਿੰਦੂ ਭਾਈਚਾਰੇ ਦੀ ਲੜਕੀ ਬਣੀ ਅਸਿਸਟੈਂਟ ਕਮਿਸ਼ਨਰ

TeamGlobalPunjab
2 Min Read

ਕਰਾਚੀ : ਪਾਕਿਸਤਾਨ ਵਿੱਚ ਪਹਿਲੀ ਵਾਰ ਘੱਟ ਗਿਣਤੀ ਹਿੰਦੂ ਭਾਈਚਾਰੇ ਦੀ ਲੜਕੀ ਵੱਡੇ ਪ੍ਰਸ਼ਾਸਨਿਕ ਅਹੁਦੇ ਤੇ ਨਿਯੁਕਤ ਹੋਈ ਹੈ । ਹਿੰਦੂ ਲੜਕੀ ਸਨਾ ਰਾਮਚੰਦਰ ਵੱਖ-ਵੱਖ ਪ੍ਰਕਿਰਿਆਵਾਂ ਨੂੰ ਪੂਰਾ ਕਰਦੇ ਅਸਿਸਟੈਂਟ ਕਮਿਸ਼ਨਰ ਬਣੀ ਹੈ । ਇਸ ਮੁਕਾਮ ਤੱਕ ਪਹੁੰਚਣ ਲਈ ਸਨਾ ਨੇ ਪਾਕਿਸਤਾਨ ਦੀ ਵੱਕਾਰੀ ਸੈਂਟਰਲ ਸੁਪੀਰੀਅਰ ਸਰਵਸਿਜ਼ (CSS) ਦੀ ਪ੍ਰੀਖਿਆ ਨੂੰ ਪਾਸ ਕੀਤਾ । ਇਸ ਤੋਂ ਬਾਅਦ ਉਸ ਦੀ ਚੋਣ ਪਾਕਿਸਤਾਨ ਪ੍ਰਸ਼ਾਸਨਿਕ ਸੇਵਾ (PAS) ਲਈ ਹੋਈ ਹੈ । ਵੈਸੇ ਸਨਾ ਇੱਕ ਡਾਕਟਰ ਹੈ ਉਸਨੇ ਐਮ.ਬੀ.ਬੀ.ਐਸ. ਕੀਤੀ ਹੋਈ ਹੈ।

ਪਾਕਿਸਤਾਨ ‘ਚ ਇਸ ਵਾਰ ਸੈਂਟਰਲ ਸੁਪੀਰੀਅਰ ਸਰਵਸਿਜ਼ (CSS) ਦੀ ਲਿਖਤੀ ਪ੍ਰੀਖਿਆ ਲਈ 18853 ਉਮੀਦਵਾਰਾਂ ਨੇ ਸ਼ਿਰਕਤ ਕੀਤੀ ਜਿਸ ਵਿਚੋਂ ਸਿਰਫ਼ 221ਉਮੀਦਵਾਰ ਹੀ ਪਾਸ ਹੋਏ । ਸਨਾ ਰਾਮਚੰਦਰ ਇਹਨਾਂ ਵਿੱਚੋਂ ਇੱਕਲੌਤੀ ਹਿੰਦੂ ਉਮੀਦਵਾਰ ਹੈ ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਨਾ ਦਾ ਆਤਮ-ਵਿਸ਼ਵਾਸ ਸਾਫ ਝਲਕ ਰਿਹਾ ਸੀ । ਸਨਾ ਨੇ ਕਿਹਾ ਕਿ  “ਮੈਂ ਬੇਹੱਦ ਖੁਸ਼ ਹਾਂ ਪਰ ਹੈਰਾਨ ਨਹੀਂ, ਕਿਉਂਕਿ ਮੈਨੂੰ ਬਚਪਨ ਤੋਂ ਹੀ ਕਾਮਯਾਬੀ ਦੀ ਲਲਕ ਹੈ ਅਤੇ ਮੈਂ ਇਸ ਦੀ ਆਦੀ ਹੋ ਚੁੱਕੀ ਹਾਂ।”

ਸਨਾ ਆਪਣੇ ਸਕੂਲ, ਕਾਲੇਜ ਅਤੇ FCPS ਦੀ ਮੁੱਢਲੀ ਪ੍ਰੀਖਿਆ ਵਿੱਚ ਟਾਪਰ ਰਹੀ ਹੈ।

- Advertisement -

ਦੱਸਣਯੋਗ ਹੈ ਕਿ ਸਨਾ ਰਾਮਚੰਦਰ ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਸ਼ਿਕਾਰਪੁਰ ਜ਼ਿਲ੍ਹੇ ਦੀ ਵਸਨੀਕ ਹੈ। ਉਸਨੇ ਆਪਣੀ MBBS ਦੀ ਡਿਗਰੀ ਸਿੰਧ ਸੂਬੇ ਦੇ ਚੰਦਕਾ ਮੈਡੀਕਲ ਕਾਲਜ ਤੋਂ ਹਾਸਲ ਕੀਤੀ ਹੈ। ਇਸ ਸਮੇਂ ਉਹ ਸਿੰਧ ਇੰਸਟੀਚਿਊਟ ਆਫ਼ ਯੂਰੋਲੌਜੀ ਐਂਡ ਟਰਾਂਸਪੇਰੇਂਟ ਤੋਂ FCPS ਦੀ ਪੜਾਈ ਕਰ ਰਹੀ ਹੈ। ਉਹ ਜਲਦੀ ਹੀ ਸਰਜਨ ਦੀ ਡਿਗਰੀ ਹਾਸਲ ਕਰ ਲਵੇਗੀ ।

 

ਜ਼ਿਕਰਯੋਗ ਹੈ ਕਿ ਸਭ ਤੋਂ ਵੱਧ ਹਿੰਦੂ ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਹੀ ਰਹਿੰਦੇ ਹਨ। 1998 ਦੀ ਮਰਦਮਸ਼ੁਮਾਰੀ ਅਨੁਸਾਰ ਪਾਕਿਸਤਾਨ ਵਿਚ ਹਿੰਦੂਆਂ ਦੀ ਆਬਾਦੀ ਮਹਿਜ਼ 1.6 ਫ਼ੀਸਦੀ ਹੈ। ਉੱਥੇ 30 ਲੱਖ ਦੇ ਕਰੀਬ ਹਿੰਦੂ ਭਾਈਚਾਰੇ ਦੇ ਲੋਕ ਰਹਿੰਦੇ ਹਨ ਹਲਾਂਕਿ ਪਾਕਿਸਤਾਨ ਹਿੰਦੂ ਕਾਂਊਸਿਲ ਦਾ ਦਾਅਵਾ ਹੈ ਕਿ ਪਾਕਿਸਤਾਨ ‘ਚ 80 ਲੱਖ ਹਿੰਦੂ ਰਹਿੰਦੇ ਹਨ।

 

Share this Article
Leave a comment