ਗਾਜ਼ੀਆਬਾਦ : ਆਪਣੀ ਤਰ੍ਹਾਂ ਦੇ ਪਹਿਲੇ ਮਾਮਲੇ ‘ਚ ਉੱਤਰ ਪ੍ਰਦੇਸ਼ ਦੀ ਗਾਜ਼ੀਆਬਾਦ ਪੁਲਿਸ ਨੇ ਟਵਿੱਟਰ ਇੰਡੀਆ ਅਤੇ 2 ਕਾਂਗਰਸੀ ਨੇਤਾਵਾਂ ਸਮੇਤ 9 ਲੋਕਾਂ ਖਿਲਾਫ ਐਫਆਈਆਰ ਦਰਜ ਕੀਤੀ ਹੈ। ਗਾਜ਼ੀਆਬਾਦ ‘ਚ ਇਕ ਬਜ਼ੁਰਗ ਵਿਅਕਤੀ ਦੀ ਕੁੱਟਮਾਰ ਕਰਨ ਦੇ ਮਾਮਲੇ ‘ਚ ਗਲਤ ਜਾਣਕਾਰੀ ਦੇਣ ਕਾਰਨ ਟਵਿੱਟਰ ‘ਤੇ ਕੇਸ ਦਰਜ ਕੀਤਾ ਗਿਆ ਹੈ। ਭਾਰਤ ਵਿੱਚ ਟਵਿੱਟਰ ਖ਼ਿਲਾਫ਼ ਪਹਿਲੀ ਵਾਰ ਕੇਸ ਦਰਜ ਕੀਤਾ ਗਿਆ ਹੈ।
ਸਰਕਾਰ ਦੇ ਨਵੇਂ ਨਿਯਮਾਂ ਤਹਿਤ ਟਵਿੱਟਰ ਦੀ ਕਾਨੂੰਨੀ ਸੁਰੱਖਿਆ ਖ਼ਤਮ ਹੋ ਗਈ ਹੈ।ਇਸ ਤੋਂ ਬਾਅਦ ਉਸ ਖਿਲਾਫ ਪਹਿਲੀ ਵਾਰ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਗਾਜ਼ੀਆਬਾਦ ਦੀ ਲੋਨੀ ਬਾਰਡਰ ਕੋਤਵਾਲੀ ਵਿੱਚ ਦਰਜ ਕੀਤਾ ਗਿਆ ਹੈ। 5 ਜੂਨ ਨੂੰ ਇਕ ਵਿਸ਼ੇਸ਼ ਭਾਈਚਾਰੇ ਦੇ ਬਜ਼ੁਰਗ ਨੂੰ ਬੰਧਕ ਬਣਾ ਕੇ ਧਾਰਮਿਕ ਨਾਅਰੇਬਾਜ਼ੀ ਕਰਨ ਦਾ ਮਾਮਲਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ।
ਟਵਿੱਟਰ ‘ਤੇ ਕੇਸ ਨੂੰ ਫਿਰਕੂ ਰੰਗ ਦੇਣ ਲਈ ਐਫਆਈਆਰ ਦਰਜ ਕੀਤੀ ਗਈ ਹੈ। ਇਹ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਪੁਲਿਸ ਵਲੋਂ ਮਾਮਲੇ ਨੂੰ ਪੂਰੀ ਤਰ੍ਹਾਂ ਸਪੱਸ਼ਟ ਕਰਨ ਦੇ ਬਾਵਜੂਦ ਟਵਿੱਟਰ ਨੇ ਗਲਤ ਟਵੀਟ ਨੂੰ ਹਟਾਉਣ ਲਈ ਕੋਈ ਕਦਮ ਨਹੀਂ ਚੁੱਕੇ। ਪੁਲਿਸ ਨੇ ਇਸ ਮਾਮਲੇ ਵਿੱਚ ਮੁਹੰਮਦ ਜੁਬੈਰ, ਰਾਣਾ ਅਯੂਬ, ਦਿ ਵਾਇਰ (The Wire), ਸਲਮਾਨ ਨਿਜ਼ਾਮੀ, ਮਸਕੂਰ ਉਸਮਾਨੀ, ਸ਼ਮਾ ਮੁਹੰਮਦ, ਸਾਬਾ ਨਕਵੀ, ਟਵਿੱਟਰ ਕਮਿਊਨਿਕੇਸ਼ਨ ਇੰਡੀਆ ਪ੍ਰਾਈਵੇਟ ਲਿਮਟਿਡ ਅਤੇ ਟਵਿੱਟਰ ਆਈ ਐਨ ਸੀ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ।